ਕੋਲੋਰਾਡੋ ਰਾਜ ਵਿਚ 19 ਸਾਲ ਤੋਂ ਵਧ ਸਮਾਂ ਪਹਿਲਾਂ ਲਾਪਤਾ ਹੋਈ ਲੜਕੀ ਦੇ ਸਰੀਰ ਦੇ ਕੁਝ ਹਿੱਸੇ ਫਰੀਜ਼ਰ ਵਿਚੋਂ ਮਿਲੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੋਲੋਰਾਡੋ ਰਾਜ ਵਿਚ ਇਸ ਸਾਲ ਦੇ ਸ਼ੁਰੂ ਵਿਚ ਇਕ ਫਰੀਜ਼ਰ ਵਿਚੋਂ ਮਿਲੇ ਮਨੁੱਖੀ ਸਰੀਰ ਦੇ ਅੰਗਾਂ ਦੀ ਪਛਾਣ ਹੋ ਗਈ ਤੇ ਇਹ ਅੰਗ 19 ਸਾਲਾਂ ਦੇ ਵਧ ਸਮੇਂ ਤੋਂ ਲਾਪਤਾ ਹੋਈ ਲੜਕੀ ਦੇ ਹਨ। ਬਰਾਮਦ ਅੰਗਾਂ ਵਿਚ ਸਿਰ ਤੇ ਹੱਥ ਸ਼ਾਮਿਲ ਹਨ। ਮੈਸਾ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਐਲਾਨ ਕੀਤਾ ਹੈ ਕਿ ਜਨਵਰੀ ਵਿਚ ਇਕ ਫਰੀਜ਼ਰ ਵਿਚੋਂ ਮਿਲੇ ਮਨੁੱਖੀ ਅੰਗ ਅਮਾਂਡਾ ਲੀਰੀਏਲ ਓਵਰਸਟਰੀਟ ਨਾਮੀ ਲੜਕੀ ਦੇ ਹਨ ਜੋ ਅਪ੍ਰੈਲ 2005 ਤੋਂ ਲਾਪਤਾ ਹੈ। ਉਹ ਘਰ ਦੇ ਪਹਿਲੇ ਮਾਲਕ ਦੀ ਧੀ ਸੀ ਜਿਸ ਘਰ ਨੂੰ ਕੁਝ ਸਮਾਂ ਪਹਿਲਾਂ ਵੇਚ ਦਿੱਤਾ ਗਿਆ ਸੀ। ਸ਼ੈਰਿਫ ਦਫਤਰ ਅਨੁਸਾਰ ਸਰੀਰ ਦੇ ਅੰਗ ਉਸ ਸਮੇ ਮਿਲੇ ਜਦੋਂ ਘਰ ਦੇ ਨਵੇਂ ਮਾਲਕ ਨੇ ਫਰੀਜ਼ਰ ਨੂੰ ਕਿਸੇ ਹੋਰ ਵਿਅਕਤੀ ਨੂੰ ਦੇ ਦੇਣ ਦੀ ਕੋਸ਼ਿਸ਼ ਕੀਤੀ। ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਘਰ ਦੇ ਨਵੇਂ ਮਾਲਕ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਦਫਤਰ ਨੇ ਹੋਰ ਕਿਹਾ ਹੈ ਕਿ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਅਜੇ ਵੀ ਜਾਂਚ ਅਧੀਨ ਹੈ। ਇਹ ਘਰ ਰਾਜ ਦੇ ਪੱਛਮੀ ਖੇਤਰ ਵਿਚ ਡੈਨਵਰ ਦੇ ਪੱਛਮ ਵਿਚ ਤਕਰੀਬਨ 240 ਮੀਲ ਦੂਰ ਗਰੈਂਡ ਜੰਕਸ਼ਨ ਵਿਖੇ ਸਥਿੱਤ ਹੈ।











Comments (0)