ਚਰਚਿਤ ਪੁਲਿਸ ਅਫਸਰ ਡੈਰਕ ਚੌਵਿਨ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਔਰਤ ਨੂੰ ਸਿਟੀ ਕੌਂਸਲ ਦੇਵੇਗੀ 6 ਲੱਖ ਡਾਲਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਮਿਨੇਅਪੋਲਿਸ ਸਿਟੀ ਕੌਂਸਲ ਇਕ ਪਟੀਸ਼ਨ ਦੇ ਨਿਪਟਾਰੇ ਲਈ ਇਕ ਔਰਤ ਨੂੰ 6 ਲੱਖ ਡਾਲਰ ਦੇਣ ਲਈ ਸਹਿਮਤ ਹੋਈ ਹੈ ਜਿਸ ਔਰਤ ਨੇ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਸੀ ਕਿ ਸਾਬਕਾ ਪੁਲਿਸ ਅਧਿਕਾਰੀ ਡੈਰਕ ਚੌਵਿਨ ਨੇ ਉਸ ਨੂੰ ਮਿੰਨੀ ਵੈਨ ਵਿਚੋਂ ਧੂਹ ਕੇ ਬਾਹਰ ਕੱਢਿਆ ਤੇ ਆਪਣੇ ਗੋਡੇ ਨਾਲ ਜਮੀਨ ਉਪਰ ਲਿਟਾ ਕੇ ਉਸ ਉਪਰ ਤਸ਼ੱਦਦ ਕੀਤਾ। ਇਹ ਘਟਨਾ ਜਨਵਰੀ 2020 ਦੀ ਹੈ। ਇਹ ਉਹ ਹੀ ਪੁਲਿਸ ਅਧਿਕਾਰੀ ਹੈ ਜਿਸ ਨੇ ਇਸ ਘਟਨਾ ਤੋਂ 4 ਮਹੀਨੇ ਬਾਅਦ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਧੌਣ 'ਤੇ ਗੋਡੇ ਨਾਲ ਏਨਾ ਦਬਾਅ ਪਾਇਆ ਸੀ ਕਿ ਸਾਹ ਬੰਦ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਲੋਕ ਨਿਰਮਾਣ ਵਿਭਾਗ ਵਿਚ ਨੌਕਰੀ ਕਰਦੀ ਪੈਟੀ ਡੇ ਨਾਮੀ ਔਰਤ ਨੇ ਪਿਛਲੇ ਸਾਲ ਮਈ ਵਿਚ ਦਾਇਰ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ ਉਹ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਈ ਹੈ ਤੇ ਉਸ ਨੂੰ ਗਲਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਮੰਨਿਆ ਕਿ 17 ਜਨਵਰੀ 2020 ਨੂੰ ਉਸ ਨੇ ਸ਼ਰਾਬ ਪੀਤੀ ਸੀ ਕਿਉਂਕਿ ਤਲਾਕ ਦੀ ਕਾਰਵਾਈ ਤੇ ਹੋਰ ਮੁਸ਼ਕਿਲਾਂ ਕਾਰਨ ਉਹ ਪ੍ਰੇਸ਼ਾਨ ਸੀ ਤੇ ਉਹ ਕਈ ਘੰਟਿਆਂ ਤੋਂ ਬਰਫਬਾਰੀ ਵਿਚ ਫਸੀ ਹੋਈ ਸੀ।
ਪਟੀਸ਼ਨਰ ਅਨੁਸਾਰ ਚੌਵਿਨ ਤੇ ਉਸ ਦਾ ਇਕ ਸਾਥੀ ਪੁਲਿਸ ਅਫਸਰ ਐਲਨ ਜੈਨਸਨ ਅਚਾਨਕ ਮੌਕੇ ਉਪਰ ਪੁੱਜੇ। ਉਨਾਂ ਨੇ ਮੈਨੂੰ ਗੱਡੀ ਵਿਚੋਂ ਕੱਢ ਕੇ ਹੇਠਾਂ ਸੁੱਟ ਦਿੱਤਾ ਜਿਸ ਕਾਰਨ ਉਹ ਜਖਮੀ ਹੋ ਗਈ। ਵਿਸ਼ੇਸ਼ ਤੌਰ 'ਤੇ ਚੌਵਿਨ ਨੇ ਉਸ ਨਾਲ ਧੱਕਾ ਕੀਤਾ ਤੇ ਉਸ ਦੇ ਹੱਥ ਪਿੱਠ ਪਿੱਛੇ ਬੰਨ ਦਿੱਤੇ। ਇਕ ਜੱਜ ਵੱਲੋਂ ਪੈਟੀ ਵਿਰੁੱਧ ਸ਼ਰਾਬ ਪੀਤੀ ਹੋਣ ਦੇ ਲਾਏ ਦੋਸ਼ ਰੱਦ ਕਰ ਦਿੱਤੇ ਗਏ ਸਨ। ਇਥੇ ਜਿਕਰਯੋਗ ਹੈ ਕਿ ਸਿਟੀ ਕੌਂਸਲ ਚੌਵਿਨ ਦੀ ਸ਼ਮੂਲੀਅਤ ਵਾਲੇ ਪੁਲਿਸ ਧੱਕੇਸ਼ਾਹੀ ਦੇ ਮਾਮਲਿਆਂ ਵਿਚ 3.6 ਕਰੋੜ ਡਾਲਰ ਮੁਆਵਜੇ ਵਜੋਂ ਦੇ ਚੁੱਕੀ ਹੈ। ਇਨਾਂ ਵਿਚ ਜਾਰਜ ਫਲਾਇਡ ਦੇ ਪਰਿਵਾਰ ਨੂੰ ਕੀਤੀ 2.7 ਕਰੋੜ ਡਾਲਰ ਦੀ ਅਦਾਇਗੀ ਵੀ ਸ਼ਾਮਿਲ ਹੈ।











Comments (0)