ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦਾ ਵੀਜ਼ਾ ਮਿਲਣ ਦੀ ਸੰਭਾਵਨਾ 80% ਤੋਂ ਘਟ ਕੇ 20% ਹੋਈ
*ਭਾਰਤੀਆਂ ਦੀ ਸਖਤ ਸਕਰੀਨਿੰਗ ਦਾ ਫੈਸਲਾ ਵਾਪਸ ਲਿਆ ਟਰੂਡੋ ਨੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਓਟਾਵਾ: ਕੈਨੇਡਾ ਭਾਰਤੀਆਂ ਖਾਸ ਕਰਕੇ ਪੰਜਾਬ ਦੇ ਬਿਨੈਕਾਰਾਂ ਨੂੰ ਜਾਰੀ ਕੀਤੇ ਟੂਰਿਸਟ ਵੀਜ਼ਿਆਂ ਦੀ ਗਿਣਤੀ ਵਿੱਚ ਕਟੌਤੀ ਕਰ ਰਿਹਾ ਹੈ। ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦਾ ਵੀਜ਼ਾ ਮਿਲਣ ਦੀ ਸੰਭਾਵਨਾ 80% ਤੋਂ ਘਟ ਕੇ 20% ਤੋਂ ਵੀ ਘੱਟ ਹੋ ਗਈ ਹੈ। ਕੈਨੇਡਾ ਨੇ ਕੁਝ ਦਿਨ ਪਹਿਲਾਂ ਹਵਾਈ ਅੱਡਿਆਂ 'ਤੇ ਭਾਰਤੀ ਨਾਗਰਿਕਾਂ ਦੀ ਸਕਰੀਨਿੰਗ ਸਖਤ ਕਰ ਦਿੱਤੀ ਸੀ। ਕੈਨੇਡਾ ਆਉਣ ਵਾਲੇ ਜਾਂ ਉਥੋਂ ਭਾਰਤ ਜਾਣ ਵਾਲੇ ਨਾਗਰਿਕਾਂ ਨੂੰ ਆਮ ਸਮੇਂ ਨਾਲੋਂ ਬਹੁਤ ਪਹਿਲਾਂ ਏਅਰਪੋਰਟ 'ਤੇ ਚੈੱਕ-ਇਨ ਲਈ ਬੁਲਾਇਆ ਜਾ ਰਿਹਾ ਸੀ।ਪਰ ਹੁਣ ਟਰੂਡੋ ਸਰਕਾਰ ਨੇ ਇਸ ਹੁਕਮ ਨੂੰ ਹੁਣ ਵਾਪਸ ਲੈ ਲਿਆ ਹੈ। ਇਸ ਹੁਕਮ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਭਾਰਤ ਆਉਣ ਵਾਲੇ ਯਾਤਰੀਆਂ ਦੀ ਜਾਂਚ ਨਹੀਂ ਕੀਤੀ ਜਾਵੇਗੀ।
ਕੈਨੇਡੀਅਨ ਬ੍ਰੌਡਕਾਸਟਰ ਸੀਬੀਸੀ ਦੀ ਰਿਪੋਰਟ ਮੁਤਾਬਕ ਯਾਤਰੀਆਂ ਨੂੰ ਹੁਣ ਇਨ੍ਹਾਂ ਜਾਂਚਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ 20 ਨਵੰਬਰ ਨੂੰ ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲਿਆਂ ਲਈ ਸਖਤ ਸੁਰੱਖਿਆ ਜਾਂਚ ਦਾ ਐਲਾਨ ਕੀਤਾ ਸੀ। ਫੈਡਰਲ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ ਕਿ ਇਹ ਫੈਸਲਾ "ਬਹੁਤ ਜ਼ਿਆਦਾ ਸਾਵਧਾਨੀ ਤੇ ਖਤਰਿਆਂ ਦੇ ਕਾਰਨ" ਲਿਆ ਗਿਆ ਸੀ।
ਕੈਨੇਡਾ ਨੇ ਬੀਤੇ ਦਿਨੀਂ ਆਪਣੀ ਵੀਜ਼ਾ ਨੀਤੀ ਵਿੱਚ ਸੋਧ ਕੀਤੀ ਸੀ। ਨਵੀਂ ਨੀਤੀ ਤਹਿਤ 10 ਸਾਲ ਦਾ ਮਲਟੀ-ਐਂਟਰੀ ਵੀਜ਼ਾ ਖ਼ਤਮ ਕਰ ਦਿੱਤਾ ਗਿਆ ਸੀ। ਭਾਰਤੀ ਨਾਗਰਿਕਾਂ ਨੂੰ ਹੁਣ ਵਿਸਤ੍ਰਿਤ ਸਮੇਂ ਦੀ ਬਜਾਏ ਵਿਅਕਤੀਗਤ ਮੁਲਾਂਕਣ ਦੇ ਆਧਾਰ 'ਤੇ ਥੋੜ੍ਹੇ ਸਮੇਂ ਦੇ ਵੀਜ਼ੇ ਦੀ ਇਜਾਜ਼ਤ ਦਿੱਤੀ ਗਈ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਕਿਹਾ ਕਿ ਨੀਤੀ ਤਬਦੀਲੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ ਜਿਸਦਾ ਉਦੇਸ਼ ਅਸਥਾਈ ਇਮੀਗ੍ਰੇਸ਼ਨ ਪੱਧਰਾਂ ਦਾ ਪ੍ਰਬੰਧਨ ਕਰਨਾ, ਰਿਹਾਇਸ਼ ਦੀ ਘਾਟ ਨੂੰ ਹੱਲ ਕਰਨਾ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਨੂੰ ਕੰਟਰੋਲ ਕਰਨਾ ਹੈ।
ਕੈਨੇਡਾ ਦਾ ਵੀਜ਼ਾ ਲੈਣ ਵਿਚ ਕਿਉਂ ਆ ਰਹੀ ਹੈ ਮੁਸ਼ਕਲ?

ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਦੇ ਬਾਵਜੂਦ, 2024 ਦੇ ਪਹਿਲੇ ਅੱਧ ਵਿੱਚ ਭਾਰਤੀਆਂ ਨੂੰ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਟੂਰਿਸਟ ਵੀਜ਼ਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ। ਆਈਆਰਸੀਸੀ ਨੇ ਜਨਵਰੀ ਤੋਂ ਜੁਲਾਈ ਦਰਮਿਆਨ ਭਾਰਤੀਆਂ ਨੂੰ 365,750 ਵਿਜ਼ਟਰ ਵੀਜ਼ੇ ਜਾਰੀ ਕੀਤੇ, ਜੋ ਕਿ 2023 ਦੀ ਇਸੇ ਮਿਆਦ ਦੌਰਾਨ ਜਾਰੀ ਕੀਤੇ ਗਏ 345,631ਤੋਂ ਜ਼ਿਆਦਾ ਸਨ। ਪਰ ਜੁਲਾਈ-ਅਗਸਤ ਵਿੱਚ ਰੁਝਾਨ ਉਲਟ ਗਿਆ, ਕਿਉਂਕਿ ਚੰਗੀ ਤਨਖਾਹ ਵਾਲੇ ਪੇਸ਼ੇਵਰਾਂ, ਸਰਕਾਰੀ ਅਧਿਕਾਰੀਆਂ ਅਤੇ ਚੰਗੀ ਆਮਦਨ ਵਾਲੇ ਪਰਿਵਾਰਾਂ ਦੇ ਵੀਜ਼ੇ ਰੱਦ ਹੋਏ।
ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਅਸਥਾਈ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆਉਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨ ਲਈ ਚੋਣ ਮਾਪਦੰਡ ਸਖਤ ਹੋ ਗਏ ਹਨ। ਕੈਨੇਡਾ ਦੇ ਭਾਰਤ ਵਿੱਚ ਸਿਰਫ਼ ਚਾਰ ਇਮੀਗ੍ਰੇਸ਼ਨ ਅਫ਼ਸਰ ਬਚੇ ਹਨ, ਜੋ ਅਕਤੂਬਰ 2023 ਵਿੱਚ 27 ਤੋਂ ਕਾਫ਼ੀ ਘੱਟ ਹਨ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਸ ਨਾਲ ਕੈਨੇਡਾ ਦੀ ਸਾਈਟ 'ਤੇ ਵੀਜ਼ਾ ਪ੍ਰੋਸੈਸ ਕਰਨ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਹੋਰ ਕਾਰਕ ਵੀ ਹਨ ਜੋ ਵੀਜ਼ਾ ਜਾਰੀ ਕਰਨ ਦੀ ਗਿਣਤੀ ਵਿੱਚ ਗਿਰਾਵਟ ਦਾ ਕਾਰਨ ਬਣ ਰਹੇ ਹਨ।
ਡੰਕੀ ਰੂਟ :
ਡੰਕੀ ਰੂਟ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਜਿੱਥੇ ਭਾਰਤੀ ਨਾਗਰਿਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਕੈਨੇਡੀਅਨ ਸਰਹੱਦ ਦੀ ਵਰਤੋਂ ਕੀਤੀ ਹੈ। ਅਮਰੀਕੀ ਸਰਕਾਰ ਦੇ ਸਖ਼ਤ ਵੀਜ਼ਾ ਨਿਯਮਾਂ ਅਤੇ ਲੰਬੇ ਇੰਤਜ਼ਾਰ ਦੇ ਸਮੇਂ ਦੇ ਕਾਰਨ, ਬਿਨੈਕਾਰਾਂ ਨੂੰ ਸਾਂਝੀ ਖੁੱਲ੍ਹੀ ਸਰਹੱਦ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਨਾਲੋਂ ਕੈਨੇਡਾ ਤੋਂ ਵੀਜ਼ਾ ਪ੍ਰਾਪਤ ਕਰਨਾ ਆਸਾਨ ਲੱਗਦਾ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅਨੁਸਾਰ, ਇਕੱਲੇ ਜੂਨ 2024 ਵਿੱਚ 5,000 ਤੋਂ ਵੱਧ ਭਾਰਤੀ ਬਿਨਾਂ ਸਹੀ ਦਸਤਾਵੇਜ਼ਾਂ ਦੇ ਪੈਦਲ ਹੀ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਗਏ।
ਦੇਰੀ ਅਤੇ ਬੈਕਲਾਗ:ਅਰਜ਼ੀਆਂ ਦੀ ਭਾਰੀ ਮਾਤਰਾ ਕਾਰਨ ਵੀਜ਼ਾ ਪ੍ਰੋਸੈਸਿੰਗ ਵਿੱਚ ਵੀ ਦੇਰੀ ਹੋ ਰਹੀ ਹੈ। ਹੋ ਸਕਦਾ ਹੈ ਕਿ ਵੀਜ਼ਾ ਅਥਾਰਟੀਆਂ ਨੇ ਹੋਰ ਪਾਬੰਦੀਆਂ ਲਗਾਈਆਂ ਹੋਣ, ਜਿਸ ਕਾਰਨ ਰੱਦ ਹੋਣ ਦੀਆਂ ਦਰਾਂ ਉੱਚੀਆਂ ਹੋ ਸਕਦੀਆਂ ਹਨ।
ਘਰੇਲੂ ਚਿੰਤਾਵਾਂ:ਕੈਨੇਡਾ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਖਤ ਕਰ ਰਿਹਾ ਹੈ, ਕਿਉਂਕਿ ਉਹ ਘਰੇਲੂ ਆਰਥਿਕ ਚਿੰਤਾਵਾਂ ਨਾਲ ਜੂਝ ਰਿਹਾ ਹੈ। ਜਸਟਿਨ ਟਰੂਡੋ ਦੀ ਸਰਕਾਰ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸੀਮਤ ਕਰਨਾ ਚਾਹੁੰਦੀ ਹੈ, ਜਿਸ ਨੇ ਅਧਿਕਾਰੀਆਂ ਨੂੰ ਹਰੇਕ ਬਿਨੈਕਾਰ ਦੀ ਸਖਤੀ ਨਾਲ ਜਾਂਚ ਕਰਨ ਲਈ ਪ੍ਰੇਰਿਆ ਹੈ।
ਭਾਰਤ-ਕੈਨੇਡਾ ਵਿਵਾਦ:ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਅਕਤੂਬਰ ਵਿੱਚ ਆਪਣੀ ਸੰਸਦ ਵਿੱਚ ਦੋਸ਼ ਲਾਇਆ ਸੀ ਕਿ ਜੂਨ 2023 ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤ ਸਰਕਾਰ ਦੇ ਅਧਿਕਾਰੀ ਜੁੜੇ ਹੋਏ ਸਨ। ਵੀਜ਼ਾ ਜਾਰੀ ਕਰਨ ਅਤੇ ਭਾਈ ਨਿੱਝਰ ਮਾਮਲੇ ਵਿਚਾਲੇ ਅਧਿਕਾਰਤ ਤੌਰ 'ਤੇ ਕੋਈ ਸਬੰਧ ਨਹੀਂ ਪਾਇਆ ਗਿਆ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਣਾਅ ਕੈਨੇਡਾ ਨੂੰ ਵੀਜ਼ਾ ਜਾਰੀ ਕਰਨ ਲਈ ਹਰ ਸੰਭਵ ਸਖਤ ਕਦਮ ਚੁੱਕਣ ਲਈ ਮਜਬੂਰ ਕਰ ਰਿਹਾ ਹੈ।











Comments (0)