ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਦੀ ਕੁਰਸੀ ਖਤਰੇ ਵਿਚ,ਦੇ ਸਕਦੇ ਨੇ ਅਸਤੀਫਾ! 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਦੀ ਕੁਰਸੀ ਖਤਰੇ ਵਿਚ,ਦੇ ਸਕਦੇ ਨੇ ਅਸਤੀਫਾ! 

*ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਖੋਲਿਆ ਮੋਰਚਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਵੇਂ ਹੀ ਟਰੂਡੋ ਇੱਕ ਝਟਕਾ ਝੱਲਣ ਲਈ ਤਿਆਰ ਹੁੰਦੇ ਹਨ, ਉਨ੍ਹਾਂ ਨੂੰ ਅਗਲਾ ਝਟਕਾ ਮਿਲ ਜਾਂਦਾ ਹੈ। ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਕੈਬਨਿਟ ਤੋਂ ਅਸਤੀਫ਼ੇ ਦੇ ਸਦਮੇ ਤੋਂ ਟਰੂਡੋ ਅਜੇ ਉਭਰ ਵੀ ਨਹੀਂ ਸਕੇ ਸਨ ਕਿ ਇੱਕ ਵੱਡੇ ਆਗੂ ਜਗਮੀਤ ਸਿੰਘ ਨੇ ਵੱਡਾ ਝਟਕਾ ਦਿੱਤਾ ਹੈ। ਨਾਲ ਹੀ 23 ਸੰਸਦ ਮੈਂਬਰਾਂ ਨੇ ਟਰੂਡੋ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਪੱਤਰ ਲਿਖਿਆ ਹੈ।

ਖਾਲਿਸਤਾਨ ਸਮਰਥਕ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ  ਨੇਤਾ ਜਗਮੀਤ ਸਿੰਘ ਨੇ ਟਰੂਡੋ ਨੂੰ ਲੈ ਕੇ  ਕਿਹਾ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਦੇ   ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਨੇ ਚੋਣਾਂ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਇਹ ਕਿਹਾ ਕਿ ਉਨ੍ਹਾਂ ਦੀ ਪਾਰਟੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰ ਦੇਵੇਗੀ। ਸੀਟੀਵੀ ਨੇ ਰਿਪੋਰਟ ਦਿੱਤੀ, “ਸੂਤਰਾਂ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕੈਬਨਿਟ ਨੂੰ ਦੱਸਿਆ ਹੈ ਕਿ ਉਹ ਅਸਤੀਫ਼ਾ ਦੇਣ ਬਾਰੇ ਵਿਚਾਰ ਕਰ ਰਹੇ ਹਨ ਅਤੇ ਸੰਭਾਵਤ ਤੌਰ ‘ਤੇ ਸੰਸਦ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾ ਰਹੇ ਹਨ।”

ਜਗਮੀਤ ਸਿੰਘ ਨੇ ਟਰੂਡੋ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ

ਜਗਮੀਤ ਸਿੰਘ ਨੇ ਟਰੂਡੋ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ “ਸਾਨੂੰ ਕਰਿਆਨੇ ਦਾ ਸਮਾਨ ਖਰੀਦਣ ਵਿੱਚ ਮੁਸ਼ਕਲ ਆ ਰਹੀ ਹੈ। ਨੌਜਵਾਨਾਂ ਨੂੰ ਕਿਫਾਇਤੀ ਰਿਹਾਇਸ਼ ਨਹੀਂ ਮਿਲ ਰਹੀ ਹੈ। ਅਤੇ ਇਸ ਤੋਂ ਇਲਾਵਾ, ਅਸੀਂ ਟਰੰਪ ਦੇ ਟੈਰਿਫ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਾਂ, ਜਿਸ ਨਾਲ ਕੈਨੇਡਾ ਵਿੱਚ ਸੈਂਕੜੇ ਹਜ਼ਾਰਾਂ ਨੌਕਰੀਆਂ ਖਤਰੇ ਵਿੱਚ ਪੈ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡੀਅਨਾਂ ਲਈ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣ ਦੀ ਬਜਾਏ, ਪ੍ਰਧਾਨ ਮੰਤਰੀ ਆਪਣੀ ਹੀ ਪਾਰਟੀ ਦੇ ਅੰਦਰ ਲੜਾਈ ਨਾਲ ਨਜਿੱਠ ਰਹੇ ਹਨ। ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਅਹੁਦੇ ‘ਤੇ ਬਣੇ ਨਹੀਂ ਰਹਿ ਸਕਦੇ ਹਨ।

ਟਰੂਡੋ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦਾ ਅਹੁਦਾ ਜ਼ਿਆਦਾ ਦੇਰ ਤੱਕ ਜਾਰੀ ਨਹੀਂ ਰਹਿ ਸਕਦਾ ਹੈ।ਟਰੂਡੋ ਅਸਤੀਫਾ ਦੇਣ ‘ਤੇ ਵਿਚਾਰ ਕਰ ਰਹੇ ਹਨ। ਉਥੇ ਹੀ ਅਮਰੀਕਾ ਵਿਚ ਟਰੰਪ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਉਹ ਕੈਨੇਡਾ ‘ਤੇ ਟੈਕਸ ਵਧਾ ਦੇਣਗੇ। ਟਰੰਪ ਦੇ ਇਸ ਐਲਾਨ ਨੇ ਟਰੂਡੋ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ।