ਬ੍ਰਿਟੇਨ 'ਚ ਪੈਦਾ ਹੋਇਆ ਹਿੰਦੂ ਰਾਸ਼ਟਰਵਾਦ' ਦਾ ਭੂਤ
*ਲੀਕ ਹੋਈ ਸਰਕਾਰੀ ਰਿਪੋਰਟ ਵਿੱਚ ਦਾਅਵਾ, ਇਸਨੂੰ ਯੂਕੇ ਲਈ ਖ਼ਤਰਾ ਦੱਸਿਆ
*ਕਿਹਾ ਕਿ ਖਾਲਿਸਤਾਨ ਨਾਲੋਂ ਵੀ ਖਤਰਨਾਕ ਹੈ ਹਿੰਦੂ ਰਾਸ਼ਟਰਵਾਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ: ਇੱਕ ਲੀਕ ਹੋਈ ਬ੍ਰਿਟਿਸ਼ ਸਰਕਾਰ ਦੀ ਰਿਪੋਰਟ ਵਿੱਚ ਖਾਲਿਸਤਾਨ ਅੰਦੋਲਨ ਅਤੇ ਹਿੰਦੂ ਰਾਸ਼ਟਰਵਾਦ ਨੂੰ ਕੱਟੜਤਾ ਦੇ ਨਵੇਂ ਰੂਪ ਦੱਸਿਆ ਗਿਆ ਹੈ। ਪਿਛਲੇ ਸਾਲ, ਬ੍ਰਿਟਿਸ਼ ਗ੍ਰਹਿ ਸਕੱਤਰ ਯਵੇਟ ਕੂਪਰ ਨੇ ਕੱਟੜਵਾਦ 'ਤੇ ਸਰਕਾਰੀ ਨੀਤੀ ਦੀ ਸਮੀਖਿਆ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ 'ਰੈਪਿਡ ਐਨਾਲਿਟੀਕਲ ਸਪ੍ਰਿੰਟ' ਨਾਮਕ ਸਮੀਖਿਆ ਕੱਟੜਪੰਥੀ ਰੁਝਾਨਾਂ ਦੀ ਪੜਚੋਲ ਅਤੇ ਨਿਗਰਾਨੀ ਕਰੇਗੀ ਅਤੇ ਕੱਟੜਪੰਥੀ ਦਾ ਮੁਕਾਬਲਾ ਕਰਨ ਲਈ ਇੱਕ ਨਵੀਂ ਰਣਨੀਤਕ ਪਹੁੰਚ ਦਾ ਪ੍ਰਸਤਾਵ ਦੇਵੇਗੀ।
ਰਿਪੋਰਟ ਵਿੱਚ ਕਿਹੜੇ ਕੱਟੜਪੰਥੀਆਂ ਦਾ ਜ਼ਿਕਰ ਹੈ?
ਥਿੰਕ ਟੈਂਕ ਪਾਲਿਸੀ ਐਕਸਚੇਂਜ ਨੇ ਲੀਕ ਹੋਈ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਦੱਸਿਆ ਕਿ ਯੂਕੇ ਵਿੱਚ ਨੌਂ ਕਿਸਮਾਂ ਦੇ ਕੱਟੜਵਾਦ ਨੂੰ ਸੂਚੀਬੱਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਇਸਲਾਮੀ ਅੱਤਵਾਦ, ਅਤਿ ਸੱਜੇ-ਪੱਖੀ ਕੱਟੜਪੰਥੀ, ਔਰਤਾਂ ਵਿਰੁੱਧ ਹਿੰਸਾ, ਖਾਲਿਸਤਾਨ ਪੱਖੀ ਕੱਟੜਪੰਥੀ, ਹਿੰਦੂ ਰਾਸ਼ਟਰਵਾਦੀ ਕੱਟੜਪੰਥੀ, ਵਾਤਾਵਰਣ ਕੱਟੜਪੰਥੀ, ਖੱਬੇ-ਪੱਖੀ ਕੱਟੜਪੰਥੀ, ਅਰਾਜਕਤਾਵਾਦੀ ਅਤੇ ਇੱਕ-ਮੁੱਦੇ ਵਾਲਾ ਕੱਟੜਪੰਥੀ, ਹਿੰਸਕ ਪ੍ਰਵਿਰਤੀਆਂ ਪ੍ਰਤੀ ਆਕਰਸ਼ਣ ਸ਼ਾਮਲ ਹਨ। ਖਾਸ ਤੌਰ 'ਤੇ, ਔਰਤਾਂ ਜਾਂ ਔਰਤ ਲਿੰਗ ਵਿਰੁੱਧ ਕੱਟੜਤਾ, ਖਾਲਿਸਤਾਨ ਲਹਿਰ ਅਤੇ ਹਿੰਦੂ ਰਾਸ਼ਟਰਵਾਦ ਨੂੰ ਨਵੇਂ ਖਤਰਿਆਂ ਵਜੋਂ ਉਜਾਗਰ ਕੀਤਾ ਗਿਆ ਹੈ।
ਹਿੰਦੂ ਰਾਸ਼ਟਰਵਾਦ 'ਤੇ ਥਿੰਕ ਟੈਂਕ ਨੇ ਕੀ ਕਿਹਾ?
ਥਿੰਕ ਟੈਂਕ ਨੇ ਕਿਹਾ ਕਿ ਯੂਕੇ ਦੇ ਗ੍ਰਹਿ ਦਫ਼ਤਰ ਦੀ ਸਮੀਖਿਆ ਨੇ ਹਿੰਦੂ ਰਾਸ਼ਟਰਵਾਦ ਦੀ ਸਹੀ ਪਛਾਣ ਕੀਤੀ ਹੈ। ਪਰ ਥਿੰਕ ਟੈਂਕ ਨੇ ਇਹ ਵੀ ਕਿਹਾ ਕਿ ਸਮੀਖਿਆ ਨੇ ਇਸਲਾਮੀ ਕੱਟੜਪੰਥ ਨੂੰ ਘੱਟ ਸਮਝਿਆ ਹੈ, ਜੋ ਕਿ ਬ੍ਰਿਟੇਨ ਵਿੱਚ ਜ਼ਿਆਦਾਤਰ ਅੱਤਵਾਦੀ ਹਮਲਿਆਂ ਜਾਂ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ।
ਬ੍ਰਿਟੇਨ ਵਿੱਚ ਹਿੰਦੂ ਰਾਸ਼ਟਰਵਾਦ ਚਰਚਾ ਦਾ ਵਿਸ਼ਾ ਕਿਉਂ ਬਣਿਆ?
ਪਾਲਿਸੀ ਐਕਸਚੇਂਜ ਦੇ ਅਨੁਸਾਰ, 2022 ਵਿੱਚ ਇੰਗਲੈਂਡ ਦੇ ਲੈਸਟਰ ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਕਾਰ ਹੋਈ ਫਿਰਕੂ ਹਿੰਸਾ ਗ੍ਰਹਿ ਦਫ਼ਤਰ ਦੀ ਸਮੀਖਿਆ ਵਿੱਚ ਹਿੰਦੂ ਰਾਸ਼ਟਰਵਾਦ ਨੂੰ ਸ਼ਾਮਲ ਕਰਨ ਦਾ ਕਾਰਨ ਹੈ। ਗ੍ਰਹਿ ਦਫ਼ਤਰ ਦੀ ਦੀ ਲੀਕ ਹੋਈ ਸਮੀਖਿਆ 'ਤੇ ਥਿੰਕ ਟੈਂਕ ਦੀ 30 ਪੰਨਿਆਂ ਦੀ ਰਿਪੋਰਟ ਵਿੱਚ ਹਿੰਦੂ ਰਾਸ਼ਟਰਵਾਦ ਨੂੰ "ਘੱਟ ਮਹਤਵ ਦਿਤੇ ਜਾਣ ਵਾਲਾ ਵਿਸ਼ਾ" ਦੱਸਿਆ ਗਿਆ ਹੈ। ਸ਼ਾਇਦ ਪਹਿਲੀ ਵਾਰ ਜਦੋਂ ਗ੍ਰਹਿ ਦਫ਼ਤਰ ਨੇ ਇਸ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 2023 ਵਿੱਚ ਕੱਟੜਵਾਦ ਨਾਲ ਨਜਿੱਠਣ ਲਈ ਸਰਕਾਰੀ ਪ੍ਰੋਗਰਾਮ ਦੀ ਇੱਕ ਵੱਖਰੀ ਸਮੀਖਿਆ ਵਿੱਚ ਇਸਨੂੰ ਸ਼ਾਮਲ ਨਾ ਕਰਨਾ ਇੱਕ ਗਲਤੀ ਸੀ।
ਰਿਪੋਰਟ ਵਿੱਚ ਹਿੰਦੂ ਰਾਸ਼ਟਰਵਾਦ ਬਾਰੇ ਕੀ ਕਿਹਾ ਗਿਆ ਹੈ
ਰਿਪੋਰਟ ਵਿੱਚ ਕਿਹਾ ਗਿਆ ਹੈ, "ਸਤੰਬਰ 2022 ਵਿੱਚ ਲੈਸਟਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹੋਈ ਹਿੰਸਾ ਨੂੰ ਦੇਖਦੇ ਹੋਏ, ਸਰਕਾਰ ਨੇ ਅਖੌਤੀ ਹਿੰਦੂ ਰਾਸ਼ਟਰਵਾਦੀ 'ਅੱਤਵਾਦ' 'ਤੇ ਧਿਆਨ ਕੇਂਦਰਿਤ ਕਰਨਾ ਸਹੀ ਰਿਹਾ ਹੈ - ਖਾਸ ਕਰਕੇ ਇਸਲਈ ਕਿਉਂਕਿ ਲੋਕ ਇਸ ਬਾਰੇ ਘੱਟ ਜਾਣੂ ਹਨ।" ਸਮੀਖਿਆ ਵਿੱਚ ਲੈਸਟਰ ਹਿੰਸਾ ਵਿੱਚ ਹਿੰਦੂ ਰਾਸ਼ਟਰਵਾਦ ਨੂੰ ਇੱਕ ਕਾਰਕ ਵਜੋਂ ਪਛਾਣਿਆ ਗਿਆ, ਪਰ ਮੁਸਲਿਮ ਕੱਟੜਪੰਥੀ ਦੀ ਭੂਮਿਕਾ ਨੂੰ ਵੀ ਨੋਟ ਕੀਤਾ ਗਿਆ।
ਖਾਲਿਸਤਾਨ ਬਾਰੇ ਬ੍ਰਿਟੇਨ ਦਾ ਕੀ ਸਟੈਂਡ ਹੈ?
ਥਿੰਕ ਟੈਂਕ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਸਮੀਖਿਆ ਵਿੱਚ ਪਾਇਆ ਗਿਆ ਕਿ "ਮੁਸਲਿਮ ਅਤੇ ਹਿੰਦੂ ਦੋਵਾਂ ਭਾਈਚਾਰਿਆਂ ਦੀਆਂ ਪ੍ਰਮੁੱਖ ਆਵਾਜ਼ਾਂ ਨੇ ਸਥਾਨਕ ਭਾਈਚਾਰਿਆਂ ਵਿਚਕਾਰ ਤਣਾਅ ਦਾ ਮੌਕਾਪ੍ਰਸਤੀ ਨਾਲ ਫਾਇਦਾ ਉਠਾਉਣ ਅਤੇ ਨਫ਼ਰਤ ਭੜਕਾਉਣ ਵਿੱਚ ਮੁੱਖ ਭੂਮਿਕਾ ਨਿਭਾਈ।" ਖਾਲਿਸਤਾਨੀ ਕਟੜਵਾਦ ਦੇ ਸੰਬੰਧੀ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਲਹਿਰ ਖੁਦ ਅਤਿਵਾਦੀ ਨਹੀਂ ਹੈ, ਪਰ ਥਿੰਕ ਟੈਂਕ ਦੇ ਅਨੁਸਾਰ "ਸਮੱਸਿਆ ਉਦੋਂ ਹੁੰਦੀ ਹੈ ਜਦੋਂ ਇਹ ਆਪਣੇ ਉਦੇਸ਼ ਦੇ ਸਮਰਥਨ ਵਿੱਚ ਹਿੰਸਾ ਦੀ ਵਕਾਲਤ ਕਰਦੀ ਹੈ।"
ਕਹਿਣ ਤੋਂ ਭਾਵ ਯੂਕੇ ਖਾਲਿਸਤਾਨੀ ਲਹਿਰ ਨੂੰ ਅੱਤਵਾਦੀ ਲਹਿਰ ਨਹੀਂ ਮੰਨਦਾ,ਪਰ ਹਿੰਦੂ ਰਾਸ਼ਟਰਵਾਦ ਨੂੰ ਆਪਣੇ ਦੇਸ਼ ਲਈ ਖਤਰਾ ਮੰਨਦਾ ਹੈ।












Comments (0)