ਕੌਮਾਂ ਬਾਰੇ ਪਹਿਲੀ ਗੰਭੀਰ ਪੁਸਤਕ ਆਈ ਪੰਜਾਬ ਦੇ ਵਿਹੜੇ

ਕੌਮਾਂ ਬਾਰੇ ਪਹਿਲੀ ਗੰਭੀਰ ਪੁਸਤਕ ਆਈ ਪੰਜਾਬ ਦੇ ਵਿਹੜੇ

•ਕੀ ਹੈ ਸਿੱਖ ਕੌਮ ਅਤੇ ਕਿਉਂ ਤੇ ਕਿਵੇਂ ਹੈ ਇਹ ਕੌਮ- ਅੰਤਰਰਾਸ਼ਟਰੀ ਪ੍ਰਸੰਗ ਵਿੱਚ ਇਹਨਾਂ ਵੱਡੇ ਸਵਾਲਾਂ ਦੇ ਜਵਾਬ।

•ਕਮਿਉਨਿਸਟ ਭਰਾਵਾਂ ਦੀ ਕੌਮ ਬਾਰੇ ਬੇਸਮਝੀ ਅਤੇ ਅਗਿਆਨ ਬਿਰਤੀ ਉੱਤੇ ਪੁਸਤਕ ਵਿੱਚ ਹੈ ਇੱਕ ਵਿਸ਼ੇਸ਼ ਚੈਪਟਰ। 

ਆਜ਼ਾਦੀ ਦਾ ਜਜ਼ਬਾ ਰੱਖਣ ਵਾਲੇ ਹਰ ਵਿਅਕਤੀ,ਹਰ ਵਿਦਵਾਨ,ਹਰ ਪਾਰਟੀ ਅਤੇ ਹਰ ਜਥੇਬੰਦੀ ਨੂੰ ਨਵੇਂ ਵਿਚਾਰਾਂ ਨਾਲ ਲੈਸ ਕਰੇਗੀ ਲਿਖਾਰੀ ਇੰਗਲੈਂਡ ਸਥਿਤ ਸਰਦਾਰ ਅਵਤਾਰ ਸਿੰਘ ਦੀ ਇਹ ਪੁਸਤਕ। 

ਜਦੋਂ ਆਪਣਾ ਕੋਈ ਇਹ ਕਹੇ ਕਿ ਸਿੱਖ ਇੱਕ ਕੌਮ ਹਨ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਖਾਲਸਾ ਪੰਥ ਨੇ ਚਮਨ ਵਿੱਚ ਕਿੰਨੇ ਫੁੱਲ ਇੱਕੋ ਸਮੇਂ ਖਿੜ ਗਏ ਹੋਣ ਜਾਂ ਇਉਂ ਵੀ ਲੱਗਦਾ ਹੈ ਕਿ ਭੁੱਲ ਚੁੱਕੇ ਅਤੀਤ ਅਤੇ ਰੁਲਦੇ ਵਰਤਮਾਨ ਦੇ ਵਲਵਲਿਆਂ ਦਾ ਕੋਈ ਸਾਂਝਾ ਦਰਬਾਰ ਲੱਗ ਗਿਆ ਹੋਵੇ ਜਾਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਰਾਜ ਕਰਨ ਦੀ ਤਮੰਨਾ ਤੇ ਰੀਝ ਦੇ ਜਜ਼ਬੇ ਅਤੇ ਰਾਜ ਦੇ ਖੁਸ ਜਾਣ ਦਾ ਡੂੰਘਾ ਤੇ ਅਕਹਿ ਦਰਦ ਇਕੋ ਵੇਲੇ ਕਿਸੇ ਡੂੰਘੀ ਨੀਂਦ ਵਿੱਚੋਂ ਜਾਗ ਪਿਆ ਹੋਵੇ।

ਕੌਮ ਅਤੇ ਕੌਮਵਾਦ ਦੇ ਸਾਰੇ ਵਿਦਵਾਨ ਆਪਸੀ ਮਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਦੇ ਹਨ, ਹੈਰਾਨ ਵੀ ਹਨ ਅਤੇ ਇਸ ਸਵਾਲ ਦਾ ਜਵਾਬ ਵੀ ਲੱਭਦੇ ਹਨ ਕਿ ਆਖਰਕਾਰ ਕੌਮ ਸ਼ਬਦ ਨੇ ਸਾਰੀ ਦੁਨੀਆ ਨੂੰ ਆਪਣੀ ਬੁੱਕਲ ਵਿੱਚ ਕਿਵੇਂ ਅਤੇ ਕਿਉਂ ਲੈ ਲਿਆ ਹੈ? ਕੌਮ ਇੱਕ ਇਹੋ ਜਿਹਾ ਸ਼ਬਦ ਬਣ ਚੁੱਕਾ ਹੈ ਜਿਸ ਨੇ ਸਾਰੀਆਂ ਕੋਮਲ ਕਲਾਵਾਂ,ਬਰੀਕ ਤੋਂ ਬਰੀਕ ਜਜ਼ਬੇ,ਆਸਾਂ ਉਮੀਦਾਂ, ਮਾਣ,ਗੌਰਵ,ਅਣਖ, ਗ਼ੈਰਤ,ਨਾਦ, ਸੰਗੀਤ, ਅਹਿਸਾਸ, ਇਛਾਵਾਂ, ਵਫਾਦਾਰੀਆਂ,ਇਤਿਹਾਸ ਵਿੱਚ ਮਿਲੇ ਜ਼ਖ਼ਮ,ਹਸਰਤਾਂ ਤੇ ਪੀੜਾਂ ਨੂੰ ਆਪਣੇ ਵਿੱਚ ਸਮੋ ਲਿਆ ਹੈ ।ਜਦੋਂ ਕੌਮ ਦੀ ਗੱਲ ਕਰਦੇ ਹਾਂ ਤਾਂ ਇਹ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਕਈ ਹਾਲਤਾਂ ਵਿੱਚ ਤਾਂ ਕੌਮ ਦਾ ਰੁਤਬਾ ਧਰਮ ਨਾਲ ਜੁੜੇ ਸੁੱਚੇ ਜਜ਼ਬਿਆਂ ਤੋਂ ਵੀ ਉੱਚਾ ਸਥਾਨ ਅਖਤਿਆਰ ਕਰ ਲੈਂਦਾ ਹੈ।

 ਪਰ ਫਿਰ ਤੁਸੀਂ ਪੁੱਛੋਗੇ ਕਿ ਆਖਰ ਕੌਮ ਹੈ ਕੀ? ਕੌਮਵਾਦ ਕਿਸ ਨੂੰ ਕਹਿੰਦੇ ਹਨ? ਨੇਸ਼ਨ-ਸਟੇਟ ਤੇ ਸਟੇਟ ਨੇਸ਼ਨ ਵਿੱਚ ਬਰੀਕ ਫਰਕ ਕਿਹੜਾ ਹੈ ?ਫਿਰ ਤੁਸੀਂ ਇਹ ਸਵਾਲ ਵੀ ਕਰੋਗੇ ਕਿ ਭਾਰਤ ਦੀ ਨੇਸ਼ਨ- ਸਟੇਟ ਦਾ ਮੁਹਾਂਦਰਾ ਕਿਹੋ ਜਿਹਾ ਹੈ? ਕੀ ਇਹ ਅਣਦਿਸਦੀ ਹਿੰਦੂ ਸਟੇਟ ਹੈ ਜਿਸ ਨੇ ਅਜੇ ਸਾਹਮਣੇ ਆਉਣ ਦੀ ਗੱਲ ਅੱਗੇ ਪਾਈ ਹੋਈ ਹੈ? ਇਹੋ ਜਿਹੇ ਵੱਡੇ ਅਤੇ ਗੁੰਝਲਦਾਰ ਸਵਾਲਾਂ ਦੇ ਡੂੰਘੇ ਜਵਾਬਾਂ ਦਾ ਸਿਲਸਿਲਾ ਸਾਡੀ ਕੌਮ ਵਿੱਚ ਕਦੇ ਵੀ ਸ਼ੁਰੂ ਨਹੀਂ ਹੋਇਆ।

ਤੁਹਾਨੂੰ ਇਹ ਜਾਣ ਕੇ ਦੁੱਖ ਵੀ ਲੱਗੇਗਾ ਤੇ ਗੁੱਸਾ ਵੀ ਆ ਸਕਦਾ ਹੈ ਕਿ ਸਾਡੀ ਕੌਮ ਦੇ ਵਿਦਵਾਨਾਂ ਵਿੱਚ ਕੌਮ ਬਾਰੇ ਜਾਨਣ ਦੀ ਰਾਜਨੀਤਿਕ ਪਿਆਸ ਕਿਉਂ ਨਹੀਂ ਪੈਦਾ ਹੋਈ? ਉਦੋਂ ਵੀ ਅਸੀਂ ਵਿਚਾਰਾਂ ਦੀ ਲਹਿਰ ਨਹੀਂ ਚਲਾਈ ਜਦੋਂ ਸਿਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਮਤੇ ਦੇ ਪਹਿਲੇ ਪਹਿਰੇ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਸਿੱਖ ਬਾਕਾਇਦਾ ਮਾਨਤਾ ਪ੍ਰਾਪਤ ਇਕ ਰਾਜਨੀਤਿਕ ਕੌਮ ਹੈ ਜਿਸ ਦਾ ਆਰੰਭ ਖਾਲਸਾ ਪੰਥ ਦੇ ਜਨਮ ਨਾਲ ਹੀ ਹੋ ਗਿਆ ਸੀ ।ਸਿੱਖ ਪੰਥ ਦੇ ਇਸ ਮਹਾਨ ਦਾਨਸ਼ਵਰ ਵੱਲੋਂ ਸਿਰਜੇ ਇਸ ਇਤਿਹਾਸਿਕ ਮਤੇ ਤੋਂ ਪਿੱਛੋਂ ਵੀ ਕੌਮ ਸ਼ਬਦ ਦੇ ਡੂੰਘੇ ਅਰਥਾਂ ਦੀਆਂ ਡੂੰਘੀਆਂ ਗੱਲਾਂ ਕਿਸੇ ਵੀ ਉੱਚੇ ਪੱਧਰ ਦੀ ਰਾਜਨੀਤਿਕ ਮਹਿਫਲ ਵਿੱਚ ਨਹੀਂ ਹੋਈਆਂ। ਹਾਂ,ਕੋਈ ਟਾਵਾਂ ਟੱਲਾ ਲੇਖ ਜਾਂ ਕੌਮ ਨਾਲ ਜੁੜੀਆਂ ਜਜ਼ਬਾਤੀ ਕਿਸਮ ਦੀਆਂ ਹਮਦਰਦੀਆਂ ਤੇ ਕੱਚੇ ਪਿੱਲੇ ਬਿਆਨ ਤਾਂ ਜ਼ਰੂਰ ਮਿਲ ਜਾਣਗੇ ਪਰ ਨਿਠ ਕੇ ਇੱਕ ਵੱਡੀ ਡਿਬੇਟ ਕਦੇ ਵੀ ਨਹੀਂ ਹੋਈ।

ਫਿਰ 1981 ਦਾ ਸਾਲ ਚੜਿਆ ਜਦੋਂ ਇੱਕ ਉੱਘੇ ਅਮਰੀਕਨ ਸਿੱਖ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਆਲ ਇੰਡੀਆ ਸਿੱਖ ਐਜੂਕੇਸ਼ਨਲ ਕਾਨਫਰਸ ਦੀ ੫੪ਵੀ ਵਰੇ ਗੰਢ ਦੇ ਮੌਕੇ ਚੰਡੀਗੜ੍ਹ ਵਿੱਚ ਹੋਏ ਇੱਕ ਸਮਾਗਮ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਐਲਾਨ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹਨ। ਉਸ ਸਮੇਂ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਕੌਮ ਬਾਰੇ ਜਾਨਣ ਦਾ ਉਤਸ਼ਾਹ ਪੈਦਾ ਜ਼ਰੂਰ ਹੋਇਆ ਪਰ ਗੰਗਾ ਸਿੰਘ ਢਿੱਲੋਂ ਵਿਰੁੱਧ ਇਨਾ ਰੌਲਾ ਪਿਆ, ਇਨਾ ਸ਼ੋਰ ਸ਼ਰਾਬਾ ਹੋਇਆ ਕਿ ਇਹ ਸ਼ੋਰ ਅਸਮਾਨ ਦੀਆਂ ਕੰਧਾਂ ਨਾਲ ਜਾ ਲੱਗਾ ਅਤੇ ਵਿਚਾਰੇ ਗੰਗਾ ਸਿੰਘ ਢਿਲੋਂ ਨੂੰ ਵਾਪਸ ਅਮਰੀਕਾ ਵੱਲ ਤੋਰ ਦਿੱਤਾ ਗਿਆ, ਹਾਲਾਂਕਿ ਉਸ ਨੇ ਅਜੇ ਤਤਕਾਲੀਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਆਏ ਸੱਦਾ ਪੱਤਰ ਦੇ ਜਵਾਬ ਵਿੱਚ ਮਿਲਣਾ ਸੀ। ਪਰ ਸਾਰੇ ਜਣੇ ਮਿਲਣ ਤੋਂ ਜਵਾਬ ਦੇ ਗਏ। ਉਦੋਂ ਹੀ ਪਤਾ ਲੱਗਾ ਕਿ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਸਿੱਖ ਕੌਮ ਲਈ 'ਕੌਮ' ਦਾ ਸ਼ਬਦ ਵਰਤਣਾ ਕਿੰਨਾ ਖਤਰਨਾਕ ਹੈ। ਮੈਂ ਇਤਫਾਕਵਸ ਪੰਜਾਬੀ ਟ੍ਰਿਬਿਊਨ ਲਈ ਉਸ ਕਾਨਫਰੰਸ ਦੀ ਕਵਰੇਜ ਵੀ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਕੌਮ ਦੀ ਗੱਲ ਹੁਣ ਦੂਰ ਤੱਕ ਜਾਵੇਗੀ। ਅੱਜ ਭਾਵੇਂ ਹਰ ਕੋਈ ਕੌਮ-ਕੌਮ ਸ਼ਬਦ ਦੀ ਖੁੱਲ ਕੇ ਵਰਤੋਂ ਕਰਦਾ ਹੈ ਤੇ ਸਰਕਾਰਾਂ ਨੂੰ ਵੀ ਬਹੁਤਾ ਫਰਕ ਨਹੀਂ ਪੈਂਦਾ,ਪਰ ਜਦੋਂ ਤੁਸੀਂ ਕੌਮ ਦੇ ਡੂੰਘੇ ਤੇ ਗਹਿਰ ਗੰਭੀਰ ਅਰਥਾਂ ਦੀ ਨਦੀ ਵਿੱਚ ਤਰਨ ਲੱਗ ਜਾਓਗੇ ਤਾਂ 'ਬੇਗਾਨੇ' ਤੁਹਾਨੂੰ ਉਸੇ ਨਦੀ ਵਿੱਚ ਡਬੋ ਕੇ ਹੀ ਸਾਹ ਲੈਣਗੇ।

ਇੱਕ ਹੋਰ ਦੁੱਖ ਵੀ ਤੁਹਾਡੇ ਨਾਲ ਸਾਂਝਾ ਕਰਨ ਨੂੰ ਦਿਲ ਕਰ ਆਇਆ ਹੈ,ਜਿਸ ਦੁੱਖ ਵਿੱਚ ਰੋਸ,ਗਿਲੇ, ਮਿਹਣੇ ਤੇ ਨਿਹੋਰੇ ਵੀ ਸ਼ਾਮਿਲ ਹਨ। ਸਾਡੀ ਕੌਮ ਦੇ ਪਹਿਲੇ ਤੇ ਦੂਜੇ ਦਰਜੇ ਦੇ ਰਾਜਸੀ ਆਗੂ,ਪ੍ਰਚਾਰਕ ਕਥਾਵਾਚਕ,ਵਿਦਵਾਨ ਅਤੇ ਇਥੋਂ ਤੱਕ ਕਿ ਡੂੰਘੀ ਵਿਦਵਤਾ ਵਿੱਚ ਰੰਗੇ ਬੁੱਧੀਜੀਵੀ ਵੀ ਅਤੇ ਸੁਲਝੇ ਹੋਏ ਪੱਤਰਕਾਰ ਵੀ ਧਾਰਮਿਕ ਤੇ ਰਾਜਨੀਤਿਕ ਜਲਸਿਆਂ ਅਤੇ ਸੈਮੀਨਾਰਾਂ ਵਿੱਚ ਕਦੇ ਹਲੇਮੀ ਰਾਜ, ਕਦੇ ਨਿਹਚਲ ਰਾਜ,ਕਦੇ ਬੇਗਮਪੁਰਾ, ਕਦੇ ਪੂਰਨ ਆਜ਼ਾਦੀ, ਕਦੇ ਕਨਫੈਡਰੇਸ਼ਨ,ਕਦੇ ਖਾਲਸਾ ਰਾਜ,ਕਦੇ ਸਿੱਖ ਹੋਮਲੈਂਡ ਵਰਗੀਆਂ ਗੱਲਾਂ ਕਰਦੇ ਹਨ ਤੇ ਇਹੋ ਜਿਹਾ ਰਾਜ ਕਾਇਮ ਕਰਨ ਦੀਆਂ ਇਛਾਵਾਂ ਦਾ ਪ੍ਰਗਟਾਵਾ ਤਾਂ ਕਰਦੇ ਹਨ ਤੇ ਲਗਾਤਾਰ ਕਰਦੇ ਜਾ ਵੀ ਰਹੇ ਹਨ। ਪਰ ਇਹ ਸਾਰਾ ਕਾਫਲਾ ਸਿੱਖ ਕੌਮ ਦੇ ਰਾਜਨੀਤਿਕ ਨਿਸ਼ਾਨੇ ਬਾਰੇ ਵੱਡਾ ਧੁੰਦਲਕਾ ਫੈਲਾਉਂਦਾ ਹੈ ਅਤੇ ਜੇਕਰ ਇਹਨਾਂ ਵੀਰਾਂ ਦੀ ਰਾਜਨੀਤਿਕ ਤੇ ਵਿਚਾਰਧਾਰਕ ਫੋਲਾਫਰੋਲੀ ਕੀਤੀ ਜਾਵੇ ਤਾਂ ਇਹ ਸਾਰੇ ਥੋੜੇ ਬਹੁਤੇ ਫਰਕ ਨਾਲ ਭਾਰਤ ਦੇ ਅੰਦਰ ਹੀ ਆਪਣੀ ਰਾਜਨੀਤਿਕ ਹੋਣੀ ਦੀ ਤਲਾਸ਼ ਕਰਦੇ ਹਨ।ਇਹ ਵੀਰ ਉਪਰੋਕਤ ਸ਼ਬਦਾਂ  ਦਾ ਵਿਸ਼ਲੇਸ਼ਣ ਤੇ ਵਿਆਖਿਆ ਕਰਦਿਆਂ ਕਦੇ ਵੀ ਹਲੇਮੀ ਰਾਜ ਵਰਗੇ ਵਿਚਾਰਾਂ ਨੂੰ ਕੌਮ ਬਾਰੇ ਚੱਲ ਰਹੀਆਂ ਅੰਤਰਰਾਸ਼ਟਰੀ ਬਹਿਸਾਂ ਨਾਲ ਜੋੜ ਕੇ ਕੋਈ ਸਾਰਥਕ ਦਿਸ਼ਾ ਜਾਂ ਸੇਧ ਨਹੀਂ ਦਿੰਦੇ।ਕਿਉਂ ਸੇਧ ਨਹੀਂ ਦਿੰਦੇ? ਇਸ ਸਵਾਲ ਦੇ ਵੱਖਰੇ ਵੱਖਰੇ ਜਵਾਬ ਲੱਭਣ ਦੀ ਜ਼ਿੰਮੇਵਾਰੀ ਤੁਸੀਂ ਖੁਦ ਹੀ ਆਪਣੇ ਰਾਜਨੀਤਕ ਮੋਢਿਆਂ ਤੇ ਕਿਉਂ ਨਹੀਂ ਚੁੱਕਦੇ?

 ਪਰ ਹੁਣ ਕੌਮ ਅਤੇ ਕੌਮਵਾਦ ਬਾਰੇ ਅਤੇ ਇਹਨਾਂ ਸ਼ਬਦਾਂ ਨਾਲ ਜੁੜੇ ਹੋਰ ਵਰਤਾਰਿਆਂ ਤੇ ਗੰਭੀਰ ਟਰਮਾਂ ਬਾਰੇ ਅੱਧ ਕੱਚੀਆਂ ਗੱਲਾਂ,ਵੇਲਾ ਵਿਹਾ ਚੁੱਕੀਆਂ ਗੱਲਾਂ ਤੇ ਬਹੀਆਂ ਤਰਬਈਆਂ ਗੱਲਾਂ ਦਾ ਦੌਰ ਖਤਮ ਹੋ ਗਿਆ ਹੈ ਅਤੇ ਅਸੀਂ ਨਵੇਂ ਦੌਰ ਵਿੱਚ ਦਾਖਲ ਹੋ ਰਹੇ ਹਾਂ,ਜਿਸ ਦੀ ਸ਼ੁਰੂਆਤ ਸਰਦਾਰ ਅਵਤਾਰ ਸਿੰਘ ਇੰਗਲੈਂਡ ਨੇ ਆਪਣੀ ਪਲੇਠੀ ਦੀ ਪੁਸਤਕ 'ਸਿੱਖ ਕੌਮਵਾਦ ਦਾ ਸੰਕਲਪ' ਵਿੱਚ ਕੀਤੀ ਹੈ ਤੇ ਇਸੇ ਕਿਤਾਬ ਦੇ ਸਬ-ਹੈਡਿੰਗ ਵਿੱਚ ਐਲਾਨ ਕੀਤਾ ਹੈ ਕਿ 'ਨਾ ਹਮ ਹਿੰਦੂ ਨ ਮੁਸਲਮਾਨ'। ਛੋਟੇ ਜਿਹੇ  ਇਸ ਸਿਰਲੇਖ ਵਿੱਚ ਲੇਖਕ ਯਾਦ ਕਰਾਉਂਦਾ ਹੈ ਕਿ ਕੌਮ ਨੂੰ ਇਹ ਅਹਿਸਾਸ ਪਲ ਪਲ ਹੋਣਾ ਚਾਹੀਦਾ ਹੈ ਕਿ ਉਹ ਕੀ ਹਨ ਅਤੇ ਕੀ ਨਹੀਂ ਹਨ ਤਾਂ ਕਿ ਕੋਈ ਦੁਸ਼ਮਣ ਉਹਨਾਂ ਦੀ ਗਲਤ ਵਿਆਖਿਆ ਨਾ ਕਰੇ।ਕੌਮ ਆਪਣੇ ਆਪ ਵਿੱਚ ਇੱਕ ਸਵੈ -ਪਰਿਭਾਸ਼ਿਤ ਸਮੂਹ ਹੈ ਜਾਂ ਦੂਜੇ ਲਫਜ਼ਾਂ ਵਿੱਚ ਕੌਮ ਆਪਣੀ ਵਿਆਖਿਆ ਖੁਦ ਆਪ ਕਰਦੀ ਹੈ ਅਤੇ ਕਿਸੇ ਬੇਗਾਨੇ ਦੀਆਂ ਪਰੀ ਭਾਸ਼ਾਵਾਂ ਜਾਂ ਵਿਆਖਿਆਵਾਂ ਦੀ ਮੁਥਾਜ ਨਹੀਂ ਹੁੰਦੀ ਬਲਕਿ ਆਪਣੇ ਆਪ ਬਾਰੇ ਖੁਦ ਫੈਸਲੇ ਕਰਦੀ ਹੈ।

 ਪਹਿਲੇ ਦੋ ਕਾਂਡਾਂ ਨੂੰ ਜੇ ਤੁਸੀਂ ਨਿਠ ਕੇ ਅਤੇ ਦੋ ਤਿੰਨ ਵਾਰ ਪੜ੍ਨ ਦੀ ਵਿਹਲ ਕੱਢੋਗੇ ਤਾਂ ਤੁਸੀਂ ਕੌਮ ਤੇ ਕੌਮਵਾਦ ਬਾਰੇ,ਕੌਮ ਦੀ ਪਰਿਭਾਸ਼ਾ ਬਾਰੇ ਤੇ ਕੌਮਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕੌਮਾਂ ਦੀ ਸਥਿਤੀ ਬਾਰੇ ਅਤੇ ਇਸ ਪੱਖ ਤੋਂ ਸੰਸਾਰ ਭਰ ਦੇ ਵਿਦਵਾਨਾਂ ਵਿੱਚ ਕੌਮ ਬਾਰੇ ਟਕਰਾਉਂਦੇ ਤੇ ਮਿਲਦੇ ਜੁਲਦੇ ਭਰਪੂਰ ਵਿਚਾਰਾਂ ਨਾਲ ਲੈਸ ਹੋ ਜਾਓਗੇ।ਤੁਸੀਂ ਕਿਸੇ ਵੀ ਮਹਿਫਲ ਵਿੱਚ ਸੰਜੀਦਾ ਬਹਿਸ ਕਰਨ ਦੇ ਵੀ ਕਾਬਲ ਹੋਵੋਗੇ ਤੇ ਹੋਰਨਾਂ ਦੇ ਅੰਦਰ ਵੀ ਕੌਮਾਂ ਬਾਰੇ ਜਾਨਣ ਦੀ ਜਗਿਆਸਾ ਪੈਦਾ ਕਰੋਗੇ। ਉਚਾ ਉਡਣ ਦੇ ਖੰਭ ਦੇ ਰਹੀ ਹੈ ਇਹ ਕਿਤਾਬ।ਇਹ ਕਾਂਡ ਪੜਦਿਆਂ ਤੁਹਾਨੂੰ ਸਿੱਖ ਕੌਮ ਦੀ ਵਰਤਮਾਨ ਸਥਿਤੀ ਬਾਰੇ ਆਪਣੇ ਆਪ ਹੀ ਸਮਝ ਆ ਜਾਵੇਗੀ। 

ਮੈਂ ਇਸ ਪੁਸਤਕ ਦਾ ਕੋਈ ਅਕਾਦਮਕ ਕਿਸਮ ਦਾ ਰਿਵਿਊ ਨਹੀਂ ਕਰ ਰਿਹਾ ਅਤੇ ਨਾ ਹੀ ਇਸ ਪੁਸਤਕ ਨੂੰ ਗੰਭੀਰ ਊਣਤਾਈਆਂ ਅਤੇ ਕਮਜ਼ੋਰੀਆਂ ਤੋਂ ਸੱਖਣਾ ਦੱਸ ਰਿਹਾ ਹਾਂ। ਇਸ ਕਿਤਾਬ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਕਿਤਾਬ ਤੁਹਾਡੇ ਅੰਦਰ 'ਪ੍ਰਭੂ ਸੰਪਨ ਸਿੱਖ ਸਟੇਟ' ਦਾ ਇੱਕ ਠੋਸ ਆਧਾਰ ਜ਼ਰੂਰ ਸਥਾਪਿਤ ਕਰ ਦੇਵੇਗੀ ਅਤੇ ਨਾਲ ਹੀ ਕੌਮ ਬਾਰੇ ਅਹਿਸਾਸ ਦਾ ਇੱਕ ਆਲਮ ਵੀ ਸਿਰਜ ਦੇਵੇਗੀ। ਇਹ ਪੁਸਤਕ ਬਹੁਤ ਸਾਰੇ ਉਹਨਾਂ ਭੁਲੇਖਿਆਂ ਨੂੰ ਵੀ ਦੂਰ ਕਰ ਦਵੇਗੀ ਜੋ ਭੁਲੇਖੇ ਸਰਕਾਰਾਂ ਦੇ ਬਿਰਤਾਂਤਾਂ ਵਿੱਚ ਜਾਂ ਸਰਕਾਰ-ਪ੍ਰਸਤ ਵਿਦਵਾਨਾਂ ਦੇ ਬਿਰਤਾਂਤਾਂ ਵਿੱਚ ਜਾਂ ਖੱਬੇ ਪੱਖੀ ਵਿਦਵਾਨਾਂ ਦੇ ਬਿਰਤਾਂਤਾਂ ਵਿੱਚ ਅਕਸਰ ਹੀ ਅਤੇ ਆਸਾਨੀ ਨਾਲ ਲੱਭੇ ਜਾ ਸਕਦੇ ਹਨ।

 ਇਹ ਕਿਤਾਬ ਉਹਨਾਂ ਵੀਰਾਂ ਨੂੰ ਵੀ ਸਿਧਮ ਸਿੱਧੀ ਚੁਣੌਤੀ ਹੈ ਜੋ ਅਸਲ ਵਿੱਚ ਪ੍ਰਭੂ ਸੰਪਨ ਸਿੱਖ ਸਟੇਟ ਦੇ ਸੰਕਲਪ ਵੱਲ ਪਿੱਠ ਕਰਕੇ ਬੈਠੇ ਹਨ ਅਤੇ ਉੱਪਰੋਂ ਉੱਪਰੋਂ ਭਾਵੇਂ ਖਾਲਿਸਤਾਨ ਦੇ ਹੱਕ ਵਿੱਚ ਬੋਲਦੇ ਹਨ ਪਰ ਢਿੱਡੋਂ ਜਾਂ ਲੁਕ ਛਿਪ ਕੇ ਜਾਂ 'ਆਫ ਦੀ ਰਿਕਾਰਡ' ਇਹੋ ਕਹਿੰਦੇ ਹਨ ਕਿ ਸਿੱਖ ਇੱਕ ਕੌਮ ਨਹੀਂ ਹਨ ਪਰ ਕੌਮ ਤੋਂ ਪਾਰ ਦੀ ਕੋਈ ਗੱਲ ਹੈ। ਜਾਂ ਇਹ ਕਹਿਣਗੇ ਪਈ ਸਿੱਖ ਤਾਂ ਸਮੁੱਚੇ ਬ੍ਰਹਿਮੰਡ ਦੇ ਹਾਣੀ ਹਨ ਅਤੇ ਹੁਣ ਉਹ ਵੀਰ ਆਪਣੀਆਂ ਸਰਗਰਮੀਆਂ ਕਰਦਿਆਂ ਇਥੋਂ ਤੱਕ ਚਲੇ ਗਏ ਹਨ ਕਿ ਸਿੱਖਾਂ ਦੇ ਮੁਲਕ ਦੀਆਂ ਕੋਈ ਹੱਦਾਂ ਹੀ ਨਹੀਂ ਹੋ ਸਕਦੀਆਂ। ਇਹਨਾਂ ਵੀਰਾਂ ਦੀ ਵਿਹਾਰਕ ਸਿਆਸਤ ਤੋਂ ਸੱਖਣੀ 'ਬ੍ਰਹਿਮੰਡੀ ਗਲਵੱਕੜੀ'ਨੂੰ ਵੀ ਲੇਖਕ ਨੇ ਆਲੋਚਨਾ ਦੇ ਘੇਰੇ ਵਿੱਚ ਰੱਖਿਆ ਹੈ। ਇਉਂ ਲੱਗਦਾ ਹੈ ਕਿ ਇਹ ਬ੍ਰਹਿਮੰਡੀ ਗਲਵੱਕੜੀ ਦੀ ਸਰਗਰਮੀ ਓੜਕ ਨੂੰ ਭਾਰਤੀ ਸਟੇਟ ਵਿੱਚ ਹੀ ਆਪਣੀ ਥਾਂ ਤਲਾਸ਼ ਕਰ ਰਹੀ ਹੈ ਜੋ ਕਈ ਕਾਰਨਾਂ ਕਰਕੇ ਅਜੇ ਅਣਦਿਸਦੀ ਰੱਖੀ ਗਈ ਹੈ।

ਹੋਰ ਗੱਲ। ਇਹ ਪੁਸਤਕ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਅਧਾਰਤ ਨਹੀਂ,ਸਗੋਂ ਠੋਸ ਦਲੀਲਾਂ ਅਤੇ ਹਵਾਲਿਆਂ ਨਾਲ ਸਿੱਧ ਕਰਦੀ ਹੈ ਕਿ ਸਿੱਖ ਪੰਥ ਨੇ ਜੇ ਇੱਕ ਸੰਪੂਰਨ ਕੌਮ ਬਣਨਾ ਹੈ ਤਾਂ ਉਸ ਲਈ ਪ੍ਰਭੂ ਸੰਪਨ ਸਟੇਟ ਕਾਇਮ ਕਰਨੀ ਜ਼ਰੂਰੀ ਹੈ। ਜਦੋਂ ਕੌਮ ਸੰਪੂਰਨ ਹੋ ਜਾਂਦੀ ਹੈ ਤਾਂ ਸਟੇਟ ਅਤੇ ਕੌਮ ਦਾ ਫਰਕ ਮਿਟ ਜਾਂਦਾ ਹੈ ਅਤੇ ਕੌਮ ਪੂਰੀ ਤਰ੍ਹਾਂ ਇੱਕ ਰੂਹਾਨੀ ਵਰਤਾਰਾ ਬਣ ਜਾਂਦੀ ਹੈ। ਲੇਖਕ ਸਿੱਖ ਸਟੇਟ ਦੀ ਰੂਪਰੇਖਾ ਨੂੰ ਵੀ ਕੁਝ ਇਸ ਤਰਾਂ ਹੀ ਦੇਖਦਾ ਹੈ। ਲੇਖਕ ਸ਼ਾਇਦ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੌਮ ਇੱਕ ਰੂਹਾਨੀ ਵਰਤਾਰਾ ਬਣ ਕੇ ਉਸਰਦੀ ਹੈ ਤਾਂ ਉਸ ਵੱਲੋਂ ਉਸਾਰੀ ਸਟੇਟ ਵਿੱਚ ਕਿਸੇ ਵੀ ਤਸ਼ਦਦ,ਕਤਲੇਆਮ ਜਾਂ ਅਣਮਨੁੱਖੀ ਸਰਗਰਮੀ ਦਾ ਕੋਈ ਤਰਕ ਹੀ ਨਹੀਂ ਰਹਿ ਜਾਂਦਾ। ਵੈਸੇ ਸਾਡੇ ਸੁਪਨਿਆਂ ਦੀ ਸਿੱਖ ਸਟੇਟ ਵਿੱਚ ਇਹੋ ਜਿਹੇ ਤੱਤ ਜ਼ਰੂਰ ਹੋਣੇ ਚਾਹੀਦੇ ਹਨ।

1984 ਦੇ ਦਰਬਾਰ ਸਾਹਿਬ ਦੇ ਸਾਕੇ ਪਿੱਛੋਂ ਜਿਨਾਂ ਨੇ ਪੰਜਾਬੀ ਕੌਮ ਦਾ ਸੰਕਲਪ ਠੇਲਿਆ,ਲੇਖਕ ਉਹਨਾਂ ਨੂੰ ਵੀ ਭਟਕੇ ਹੋਏ ਇਤਿਹਾਸਕਾਰ ਅਤੇ ਮੌਕਾਪਰਸਤ ਖੁਦਗਰਜ਼ ਵਿਦਵਾਨ ਆਖਦਾ ਹੈ ਜੋ ਕਈ ਕਿਸਮ ਦੀਆਂ ਵਿਆਖਿਆਵਾਂ ਪਰਨਾਲੀਆਂ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਿੱਖ ਇੱਕ ਕੌਮ ਨਹੀਂ ਹਨ, ਮਹਿਜ਼ ਇੱਕ ਭਾਈਚਾਰਾ ਹੀ ਹੈ। ਲੇਖਕ ਪ੍ਰਸਿੱਧ  ਯਹੂਦੀ ਵਿਦਵਾਨ ਸਾਈਮਨ ਡੁਬਨਾਓ ਦੇ ਸਿਧਾਂਤ ਨੂੰ ਸਿੱਖ ਪ੍ਰਸੰਗ ਵਿੱਚ ਰੱਖ ਕੇ ਇਹ ਐਲਾਨ ਕਰ ਰਿਹਾ ਹੈ ਕਿ ਸਿੱਖਾਂ ਦੀ ਕੌਮੀਅਤ ਧਰਮ ਦੇ ਗਿਲਾਫ ਵਿੱਚ ਲਪੇਟੀ ਹੋਈ ਹੈ ਅਤੇ ਧਰਮ ਤੋਂ ਬਿਨਾਂ ਸਿੱਖ ਕੌਮ ਦਾ ਤਸਵਰ ਵੀ ਨਹੀਂ ਕੀਤਾ ਜਾ ਸਕਦਾ। ਜਿਹੜੇ ਅਜਿਹਾ ਕਰਨ ਦੀ ਹਿਮਾਕਤ ਕਰ ਰਹੇ ਹਨ, ਉਹ ਡੁਬਨਾਓ ਦੇ ਸ਼ਬਦਾਂ ਵਿੱਚ ਸਿੱਖ ਧਰਮ ਦੀ ਸਰਬਉੱਚਤਾ 'ਤੇ ਸਵਾਲ ਚੁੱਕ ਰਹੇ ਹਨ।

 ਕੀ ਕੋਈ ਕੌਮ 'ਸਟੇਟ' ਤੋਂ ਬਿਨਾਂ ਵੀ ਬਚ ਸਕਦੀ ਹੈ? ਅਵਤਾਰ ਸਿੰਘ ਮੁਤਾਬਕ ਬਚ ਸਕਦੀ ਹੈ ਬਸ਼ਰਤੇ ਉਹ ਕੌਮ ਆਪਣੇ ਅੰਦਰੂਨੀ ਖੋਰੇ ਨੂੰ ਖਤਮ ਕਰੇ ਤੇ ਜਾਂਬਾਜ਼ ਸੂਰਮਿਆਂ ਅਤੇ ਆਪਣੇ ਗੁਰੂਆਂ, ਪਵਿੱਤਰ ਸੰਤ ਪੁਰਸ਼ਾਂ ਦੀ ਰਹਿਨੁਮਾਈ ਥੱਲੇ ਕੰਮ ਕਰੇ।ਇਸ ਦਿਸ਼ਾ ਵਿੱਚ ਉਸ ਨੂੰ ਆਪਣੇ ਨਿਆਰੇ ਕੌਮੀ ਮਿਥਾਂ ਦੀ ਯਾਦ ਨੂੰ ਹਰ ਸਮੇਂ ਆਪਣੇ ਦਿਲ ਵਿੱਚ ਸਾਂਭ ਕੇ ਰੱਖਣਾ ਚਾਹੀਦਾ ਹੈ। ਇਹ ਨਿਸ਼ਾਨ ਉਸ ਕੌਮ ਨੂੰ ਬਾਕੀ ਦੀਆਂ ਕੌਮਾਂ ਨਾਲੋਂ ਵੱਖਰਾ ਦਰਸਾਉਂਦੇ ਹਨ। ਇਸ ਸਬੰਧ ਵਿੱਚ ਨਿਆਰੇ ਬੋਲ ਬਾਲੇ, ਇਸ ਦੇ ਨਿਸ਼ਾਨ, ਭਾਸ਼ਾ, ਪਹਿਰਾਵਾ, ਅਤੇ ਇਥੋਂ ਤੱਕ ਲਹਿਲਹਾਉਂਦੇ ਖੇਤ,ਝਰਨੇ, ਨਦੀਆਂ, ਟੋਭੇ, ਪਹਾੜ, ਪੱਗਡੰਡੀਆਂ, ਸੂਏ, ਨਹਿਰਾਂ, ਕਸੀਆਂ ,ਕਿਲੇ, ਬੁੰਗੇ, ਹਵੇਲੀਆਂ, ਢੱਠੀਆਂ ਹੋਈਆਂ ਇਮਾਰਤਾਂ, ਖੰਡਰ, ਯਾਦਾਂ ਵਿੱਚ ਇੱਕ ਤਰ੍ਹਾਂ ਨਾਲ ਇਲਾਹੀ ਚਿੰਨ ਬਣ ਜਾਂਦੇ ਹਨ।

ਕਈ ਵਾਰ ਕੌਮਾਂ ਲੰਮੇ ਸਮੇਂ ਲਈ ਕੌਮੀ ਜਜ਼ਬੇ ਦੀ ਇਹੋ ਜਿਹੀ ਉਦਾਸ ਹਾਲਤ ਵਿੱਚੋਂ ਵੀ ਲੰਘਦੀਆਂ ਹਨ ਜਿਸ ਨੂੰ ਇੱਕ ਵਿਦਵਾਨ ਡੌਰਨ ਮੈਂਡਰਜ਼ ਅਧਸੁਤੀ ਭਾਵਨਾ ਜਾਂ  ਪੈਸਵ ਨੈਸ਼ਨਲਿਜ਼ਮ ਵੀ ਕਹਿੰਦਾ ਹੈ।  ਕਈ ਵਾਰ ਕੌਮ ਜਾਂ ਕੌਮਵਾਦ ਇਤਿਹਾਸਿਕ ਝਟਕਿਆਂ ਨਾਲ ਵੀ ਜਾਗਦਾ ਹੈ‌। ਮਿਸਾਲ ਵਜੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਇਹੋ ਜਿਹਾ ਹੀ ਇਕ ਇਤਿਹਾਸਿਕ ਝਟਕਾ ਸੀ‌। ਅਵਤਾਰ ਸਿੰਘ ਕੌਮਵਾਦੀ ਜਜ਼ਬੇ ਬਾਰੇ ਅਰਥ ਭਰਪੂਰ ਟਿੱਪਣੀ ਕਰਦੇ ਹਨ ਕਿ ਕੌਮਾਂ ਵਿੱਚ ਕੌਮਵਾਦੀ ਜਜ਼ਬਾ ਬੇਸ਼ਕ ਕੁਝ ਸਮੇਂ ਲਈ ਮੱਠਾ ਪੈ ਜਾਵੇ ,ਪਰ ਉਸ ਦੀ ਮੌਤ ਕਦੇ ਵੀ ਨਹੀਂ ਹੁੰਦੀ। ਜਦੋਂ ਵੀ ਕੌਮ ਉੱਤੇ ਕੋਈ ਵੱਡਾ ਬਾਹਰੀ ਹਮਲਾ ਜਾਂ ਸਿਧਾਂਤਕ ਹਮਲਾ ਹੁੰਦਾ ਹੈ ਤਾਂ ਕੌਮ ਫਿਰ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਦਾ ਸੰਘਰਸ਼ ਸ਼ੁਰੂ ਕਰ ਦਿੰਦੀ ਹੈ।ਅਸਲ ਵਿੱਚ ਸਿੱਖ ਕੌਮ ਵੀ ਅੱਜ ਕੱਲ ਕੁਝ ਇਸ ਤਰ੍ਹਾਂ ਦੀ ਹੀ ਹਾਲਤ ਵਿੱਚੋਂ ਲੰਘ ਰਹੀ ਹੈ।ਜੇ ਕਿਸੇ ਕੌਮ ਨੇ ਸਦ-ਜਾਗਤ ਅਵਸਥਾ ਵਿੱਚ ਰਹਿਣਾ ਹੈ ਤਾਂ  ਉਸ ਨੂੰ ਅੰਦਰੂਨੀ ਤੇ ਬਾਹਰੀ ਸੁਰੱਖਿਆ ਕਵਚ ਮਜ਼ਬੂਤ ਰੱਖਣੇ ਚਾਹੀਦੇ ਹਨ। ਇਹਨਾਂ ਕਵਚਾਂ ਦੀ ਪੁਸਤਕ ਵਿੱਚ  ਵਿਆਖਿਆ ਕੀਤੀ ਗਈ ਹੈ।

 ਕਾਮਰੇਡ ਭਰਾ ਕੌਮਾਂ ਨੂੰ ਕਿਵੇਂ ਵੇਖਦੇ ਹਨ?ਕਿਤਾਬ ਦੇ 32 ਪੰਨੇ ਇਸੇ ਵਿਸ਼ੇ 'ਤੇ ਨਿਠ ਕੇ ਬਹਿਸ ਕਰਦੇ ਹਨ।ਮੈਨੂੰ ਲੱਗਦਾ ਕਿ ਇਹ ਕਾਂਡ ਪੰਜਾਬ ਦੇ ਕਮਿਉਨਿਸਟ ਭਰਾਵਾਂ ਵਿੱਚ ਦਿਲਚਸਪ ਬਹਿਸ ਦਾ ਕੇਂਦਰ ਬਣੇਗਾ ਕਿਉਂਕਿ ਅਵਤਾਰ ਸਿੰਘ ਨੇ ਮਾਰਕਸ, ਏੰਗਲਜ਼, ਮਾਓ ਜ਼ੇ ਤੁੰਗ ਅਤੇ ਸਟਾਲਨ ਦੇ ਹਵਾਲਿਆਂ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਰਾਜਸੀ ਵਿਦਵਾਨਾਂ ਨੇ ਅਜਿਹਾ ਕੋਈ ਬਝਵਾਂ ਯਤਨ ਨਹੀਂ ਕੀਤਾ ਜਿਸ ਤੋਂ ਇਹਨਾਂ ਸਿਧਾਂਤਕਾਰਾਂ ਦੀ ਕੌਮੀ ਸਵਾਲ ਬਾਰੇ ਕਿਸੇ ਸਿਆਣਪ ਦਾ ਮੁਜ਼ਾਹਰਾ ਹੁੰਦਾ ਹੋਵੇ। ਲੇਖਕ ਵਿਅੰਗ ਕਰਦਾ ਹੈ ਕਿ ਕਮਿਉਨਿਸਟ ਕੌਮ ਤੇ ਕੌਮਵਾਦ ਨੂੰ ਆਪਣੇ ਮਾਰਕਸਵਾਦੀ ਹਿੱਤਾਂ ਲਈ ਅਤੇ ਸੇਵਾ ਲਈ ਵਰਤਣ ਦੀ ਸਿਆਸੀ ਜਾਚ ਤੇ ਜੁਗਤ ਬਹੁਤ ਜਲਦੀ ਸਿੱਖ ਗਏ ਹਨ ,ਜਦਕਿ ਲੇਖਕ ਇਸ ਕਾਂਡ ਦੇ ਸ਼ੁਰੂ ਵਿੱਚ ਹੀ ਇਹ ਫੈਸਲਾ ਸੁਣਾ ਦਿੰਦਾ ਹੈ ਕਿ ਕੌਮਵਾਦ ਅਤੇ ਮਾਰਕਸਵਾਦ ਸਿਧਾਂਤਕ ਅਤੇ ਫਲਸਫੇ ਦੇ ਤੌਰ ਤੇ ਬੇਮੇਲ ਹਨ‌।ਇਸ ਲੇਖ ਵਿੱਚ ਲੇਖਕ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ 60 ਹਵਾਲੇ ਦਿੱਤੇ ਹਨ ਤੇ ਕਰੀਬ 18 ਵਿਦਵਾਨਾਂ ਦੀਆਂ ਲਿਖਤਾਂ ਨੂੰ ਚੰਗੀ ਤਰ੍ਹਾਂ ਘੋਖਿਆ ਹੈ, ਏੰਗਲਜ਼ ਦੀਆਂ ਕੁਝ ਚਿੱਠੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।ਵੈਸੇ ਕਿਤਾਬ ਦੇ 17 ਕਾਂਡਾਂ ਵਿੱਚ ਵੀ ਹਰ ਕਾਂਡ ਵਿੱਚ ਜਿਨਾਂ ਕਿਤਾਬਾਂ ਦੇ ਹਵਾਲੇ ਦਿੱਤੇ ਗਏ ਹਨ, ਉਹ ਕਿਤਾਬਾਂ ਲੇਖਕ ਨੇ ਨਾ ਕੇਵਲ ਪੜੀਆਂ ਹਨ ਸਗੋਂ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਅੰਦਰ ਵਸਾਉਣ ਅਤੇ ਰਚਾਉਣ ਪਿੱਛੋਂ ਹੀ ਆਪਣੇ ਵਿਚਾਰਾਂ ਨੂੰ ਉਸਨੇ ਮੌਲਿਕ ਸ਼ਕਲ ਦਿੱਤੀ। ਅਸੀਂ ਹੋਰਨਾਂ ਧਰਮਾਂ,ਕੌਮਾਂ ਤੇ ਸੱਭਿਆਚਾਰਾਂ ਨਾਲੋਂ ਵੱਖਰੇ ਕਿਵੇਂ ਹਾਂ, ਇਸ ਸਬੰਧ ਵਿੱਚ ਵੀ ਲੇਖਕ ਨੇ ਇੱਕ ਵਿਸ਼ੇਸ਼ ਕਾਂਡ  ਪੇਸ਼ ਕੀਤਾ ਹੈ। 

ਹਰ ਕਾਂਡ ਵਿੱਚ ਕੌਮ ਤੇ ਕੌਮਵਾਦ ਬਾਰੇ ਵਿਚਾਰ ਪੇਸ਼ ਕਰਦਿਆਂ ਲੇਖਕ ਬਹੁਤ ਦੁਹਰਾਓ ਕਰਦਾ ਹੈ,ਪਰ ਸ਼ਾਇਦ ਇਸ ਲਈ ਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਹੋਰ ਸਿੱਖ ਵਿਦਵਾਨਾਂ ਅੰਦਰ ਇਸ ਅਹਿਮ ਤੇ ਅਣਗੌਲੇ ਵਿਸ਼ੇ ਬਾਰੇ ਹੋਰ ਕਿਤਾਬਾਂ ਪੜ੍ਨ,ਸੋਚਣ ਤੇ ਮਹਿਸੂਸ ਕਰਨ ਦਾ ਇੱਕ ਮਾਹੌਲ ਪੈਦਾ ਹੋਵੇ। ਲੇਖਕ ਅੰਦਰ ਇਹ ਕਹਿਣ ਦੀ ਝਿਜਕ ਨਹੀਂ ਕਿ ਕੌਮ ਬਾਰੇ ਜੋ ਗੱਲਾਂ ਕਿਤਾਬ ਵਿੱਚ ਕੀਤੀਆਂ ਗਈਆਂ ਹਨ ਉਹ ਅੰਤਿਮ ਨਹੀਂ ,ਪਰ ਇਹ ਕਿਤਾਬ ਹੋਰ ਕਿਤਾਬਾਂ ਦੀ ਸਿਰਜਣਾ ਕਰਨ ਲਈ ਰਾਹ ਜ਼ਰੂਰ ਪੱਧਰਾ ਕਰੇਗੀ। ਇਸ ਕਿਤਾਬ ਦੀ ਪ੍ਰੇਰਨਾ ਤੇ ਸਹਾਇਤਾ ਲਈ ਯੂਕੇ ਸਥਿਤ ਇੱਕ ਉੱਘੀ ਸੰਸਥਾ ਸਿੱਖ ਐਜੂਕੇਸ਼ਨਲ ਕੌਂਸਲ ਅਤੇ ਅਮਰੀਕਾ ਸਥਿਤ ਪੰਜਾਬੀ ਰੇਡੀਓ ਨੇ ਵੱਡਾ ਰੋਲ ਅਦਾ ਕੀਤਾ। 

ਕਿਤਾਬ ਦੇ ਆਖਰੀ ਕਾਂਡ ਦੇ ਆਖਰੀ ਪਹਿਰੇ ਵਿੱਚ ਹਿੰਸਾ ਦੀ ਵਰਤੋਂ ਬਾਰੇ ਖਾਲਸਾ -ਪ੍ਰਸੰਗ ਤੇ ਖਾਲਸਾ- ਰੌਸ਼ਨੀ ਦਾ ਆਸਰਾ ਲੈ ਕੇ ਲੇਖਕ ਇਤਿਹਾਸਕ ਟਿੱਪਣੀ ਕਰ ਰਿਹਾ ਹੈ ਕਿ ਸਿੱਖਾਂ ਦੀ ਧਾਰਮਿਕ ਪਰੰਪਰਾ ਵਿੱਚ ਉਹ ਹਿੰਸਾ ਜਾਇਜ਼ ਹੈ ਜੋ ਮਨੁੱਖਤਾ ਦੇ ਉਧਾਰ ਅਤੇ ਜ਼ੁਲਮ ਦੇ ਖਾਤਮੇ ਲਈ ਕੀਤੀ ਜਾਂਦੀ ਹੈ। ਜੁਝਾਰੂ ਲਹਿਰ ,ਨਾਮਧਾਰੀ ਲਹਿਰ ਅਤੇ ਗਦਰ ਲਹਿਰ ਦਾ ਹਵਾਲਾ ਦਿੰਦਿਆਂ ਲੇਖਕ ਇਹ ਆਖ ਰਿਹਾ ਹੈ ਕਿ ਸਿੱਖਾਂ ਦੇ 'ਮਨੁੱਖੀ ਜੁਝਾਰੂਪਣ' ਨੂੰ 'ਫੌਜੀ ਜੁਝਾਰੂਪਣ' ਵਿੱਚ ਬਦਲਣ ਦੀਆਂ ਅਣਗਿਣਤ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ ।

ਕਿਨਾਂ ਕਿਨਾਂ ਨੂੰ ਇਹ ਕਿਤਾਬ ਪੜਨੀ ਚਾਹੀਦੀ ਹੈ ਜਾਂ ਪੜਨੀ ਪੈਣੀ ਹੈ? ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਰੇ ਧੜਿਆਂ ਦੇ ਜਾਗਦੇ ਵਿਦਿਆਰਥੀਆਂ ਨੂੰ,ਆਜ਼ਾਦੀ ਲਈ ਲੜ ਰਹੀਆਂ ਜਥੇਬੰਦੀਆਂ ਤੇ ਪਾਰਟੀਆਂ ਦੇ ਪੜੇ ਲਿਖੇ ਆਗੂਆਂ ਨੂੰ,ਰਾਜਨੀਤਿਕ ਵਿਦਵਤਾ ਵਿੱਚ ਨਿਪੁੰਨ ਪੰਜਾਬ ਦੀਆਂ ਤਮਾਮ ਰਾਜਨੀਤਕ ਪਾਰਟੀਆਂ ਨੂੰ, ਵਿਸ਼ੇਸ਼ ਕਰਕੇ ਅਕਾਲੀ ਦਲ ਦੇ ਉਹਨਾਂ ਆਗੂਆਂ ਨੂੰ ਜੋ ਬਹੁਤੀ ਵਾਰ ਕੌਮ ਤੇ ਕੌਮਵਾਦ ਬਾਰੇ ਨਿਆਣਿਆਂ ਵਾਲੀਆਂ ਗੱਲਾਂ ਕਰਦੇ ਹਨ, ਸੋਸ਼ਲ ਮੀਡੀਏ ਉੱਤੇ ਗੰਭੀਰ ਟਿੱਪਣੀਆਂ ਕਰਨ ਵਾਲਿਆਂ ਨੂੰ ,ਪੰਜਾਬ ਦੇ ਇਤਿਹਾਸਕਾਰਾਂ ਨੂੰ, ਪੰਜਾਬ ਦੇ ਮਸਲਿਆਂ ਨਾਲ ਜੁੜੇ ਗੰਭੀਰ ਪੱਤਰਕਾਰਾਂ ਅਤੇ ਲੇਖਕਾਂ ਨੂੰ ਵਿਹਲ ਕੱਢ ਕੇ ਪੜਨ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਮਿਲਦੇ ਜੁਲਦੇ ਤੇ ਇੱਕ ਦੂਜੇ ਨਾਲ ਟਕਰਾਉਂਦੇ ਵਿਚਾਰਾਂ ਦਾ ਇੱਕ ਭਰਪੂਰ ਮੇਲਾ ਲੱਗ ਸਕੇ।

 ਕਿਤਾਬ ਉਹਨਾਂ ਰਾਜਨੀਤਿਕ ਅੱਖਾਂ ਵਿੱਚ ਵੀ ਝਾਕਣਾ ਚਾਹੁੰਦੀ ਹੈ ਜੋ ਇਕ ਕਤਰੇ ਵਿੱਚ ਸਮੁੰਦਰ ਦੇਖ ਸਕਣ ਦੀ ਯੋਗਤਾ ਤੇ ਕਾਬਲੀਅਤ ਰੱਖਦੇ ਹਨ।
 

ਕਰਮਜੀਤ ਸਿੰਘ

ਚੰਡੀਗੜ੍ਹ ਸੀਨੀਅਰ ਪੱਤਰਕਾਰ