ਭਾਜਪਾ ਦਾ ਨਵਾਂ ਫਿਰਕੂ ਪਤਾ ਕੰਗਨਾ ਵਾਲਾ ਸਿਖ ਪੰਥ ਤੇ ਕਿਸਾਨਾਂ ਵਿਰੁਧ ਬੁਰੀ ਤਰ੍ਹਾਂ ਫੇਲ ਹੋਇਆ

ਭਾਜਪਾ ਦਾ ਨਵਾਂ ਫਿਰਕੂ ਪਤਾ ਕੰਗਨਾ ਵਾਲਾ ਸਿਖ ਪੰਥ ਤੇ ਕਿਸਾਨਾਂ ਵਿਰੁਧ ਬੁਰੀ ਤਰ੍ਹਾਂ ਫੇਲ ਹੋਇਆ

* ਅਦਾਲਤ ਵਲੋਂ ਹਾਲ ਦੀ ਘੜੀ ਐਮਰਜੈਂਸੀ ਫਿਲਮ ਉਪਰ ਰੋਕ

* ਕਿਸਾਨਾਂ ਤੇ ਸਿਖ ਪੰਥ ਵਿਚ ਭਾਜਪਾ ਪ੍ਰਤੀ ਸਖਤ ਰੋਸ

ਭਾਰਤੀ ਜਨਤਾ ਪਾਰਟੀ ਵਿੱਚ  ਇਹ ਇੱਕ ਰਣਨੀਤੀ  ਹੈ ਕਿ ਇਸਦੇ ਕੱਟੜਪੰਥੀ ਨੇਤਾਵਾਂ ਦੇ ਉਦਾਰਵਾਦੀ ਬਣਨ ਅਤੇ ਫਿਰ ਨਵੇਂ ਕੱਟੜਪੰਥੀ ਨੇਤਾਵਾਂ ਦੇ ਉਭਰਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਜਿਵੇਂ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਆਗੂ ਸਨ। ਇਨ੍ਹਾਂ ਵਿੱਚੋਂ ਵਾਜਪਾਈ ਉਦਾਰਵਾਦੀ ਅਤੇ ਅਡਵਾਨੀ ਕੱਟੜਪੰਥੀ ਬਣ ਗਏ। ਫਿਰ ਜਦੋਂ ਨਰਿੰਦਰ ਮੋਦੀ ਆਇਆ ਤਾਂ ਮੋਦੀ ਕੱਟੜਪੰਥੀ ਬਣ ਗਿਆ ਅਤੇ ਅਡਵਾਨੀ ਉਦਾਰਵਾਦੀ ਹੋ ਗਿਆ। ਮੋਦੀ ਅਤੇ ਅਮਿਤ ਸ਼ਾਹ ਬਾਰੇ ਭਵਿੱਖ ਵਿੱਚ ਇਹ ਸੰਭਵ ਹੈ ਕਿ ਮੋਦੀ ਉਦਾਰਵਾਦੀ ਬਣ ਸਕਦੇ ਹਨ ਅਤੇ ਸ਼ਾਹ ਕੱਟੜਪੰਥੀ ਬਣ ਸਕਦੇ ਹਨ ਅਤੇ ਫਿਰ ਸ਼ਾਹ ਉਦਾਰਵਾਦੀ ਹੋ ਸਕਦੇ ਹਨ ਅਤੇ ਯੋਗੀ ਆਦਿਤਿਆਨਾਥ ਕੱਟੜਪੰਥੀ ਨੇਤਾ ਬਣ ਸਕਦੇ ਹਨ। ਇਹ ਸਿਲਸਿਲਾ ਮਹਿਲਾ ਆਗੂਆਂ ਵਿੱਚ ਵੀ ਜਾਰੀ ਹੈ। ਸੁਸ਼ਮਾ ਸਵਰਾਜ ਇੱਕ ਉਦਾਰਵਾਦੀ ਚਿਹਰਾ ਸੀ ਜਦੋਂ ਕਿ ਉਮਾ ਭਾਰਤੀ ਇੱਕ ਕੱਟੜਪੰਥੀ ਸੀ। ਫਿਰ ਉਮਾ ਭਾਰਤੀ ਉਦਾਰਵਾਦੀ ਹੋ ਗਈ ਜਾਂ ਰਾਜਨੀਤੀ ਤੋਂ ਬਾਹਰ ਹੋ ਗਈ ਅਤੇ ਉਨ੍ਹਾਂ ਦੀ ਥਾਂ ਸਮ੍ਰਿਤੀ ਇਰਾਨੀ ਨੇ ਲੈ ਲਈ। ਹੁਣ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਮ੍ਰਿਤੀ ਇਰਾਨੀ ਉਦਾਰਵਾਦੀ ਹੋ ਗਈ ਹੈ ਅਤੇ ਉਸ ਦੀ ਜਗ੍ਹਾ ਕੰਗਨਾ ਰਣੌਤ ਨੇ ਲੈ ਲਈ ਹੈ।

ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਪਹਿਲੀ ਵਾਰ ਇੱਕ ਲੰਮਾ ਇੰਟਰਵਿਊ ਦਿੱਤਾ, ਜਿਸ ਵਿੱਚ ਉਹ ਰਾਹੁਲ ਗਾਂਧੀ ਦੀ ਰਾਜਨੀਤੀ ਦਾ  ਵਿਸ਼ਲੇਸ਼ਣ ਕਰ ਰਹੀ ਹੈ। ਉਸ ਤੋਂ ਜਾਪਦਾ ਸੀ ਕਿ ਉਸ ਦੇ ਸ਼ਬਦਾਂ ਵਿਚ ਰਾਹੁਲ ਗਾਂਧੀ ਪ੍ਰਤੀ ਕੋਈ ਨਫ਼ਰਤ ਨਹੀਂ ਸੀ। ਪਰ ਉਸ ਦੀ ਜਗ੍ਹਾ ਲੈ ਰਹੀ ਕੰਗਨਾ ਰਣੌਤ ਨੇ ਉਦੋਂ ਹੀ ਨਫ਼ਰਤ ਦਿਖਾਈ ਹੈ ਜਦੋਂ ਉਸਨੇ ਹਾਲ ਹੀ ਵਿੱਚ ਆਪਣੀ ਫਿਲਮ ਐਂਮਰਜੈਂਸੀਦੇ ਪ੍ਰਮੋਸ਼ਨ ਲਈ ਕਈ ਇੰਟਰਵਿਊ ਦਿੱਤੇ ਤੇ ਸਿਖ ਪੰਥ ਵਿਰੁੱਧ ਤਿਖੀਆਂ ਟਿਪਣੀਆਂ ਕੀਤੀਆਂ ਸਨ। ਕੰਗਨਾ ਨੇ ਸਭ ਤੋਂ ਪਹਿਲਾਂ ਕਿਸਾਨਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਹੋ ਰਹੇ ਹਨ, ਲਾਸ਼ਾਂ ਲਟਕ ਰਹੀਆਂ ਸਨ ਅਤੇ ਜੇਕਰ ਸਰਕਾਰ ਮਜ਼ਬੂਤ ​​ਨਾ ਹੁੰਦੀ ਤਾਂ ਬੰਗਲਾਦੇਸ਼ ਬਣ ਜਾਣਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਦਰਾ ਗਾਂਧੀ ਪ੍ਰਤੀ ਨਫਰਤ ਜ਼ਾਹਿਰ ਕਰਦਿਆਂ ਕਿਹਾ  ਸੀ ਕਿ ਜਦੋਂ ਬੰਗਲਾਦੇਸ਼ ਦੀ ਵੰਡ ਹੋਈ ਤਾਂ ਇੰਦਰਾ ਗਾਂਧੀ ਵੀ ਦੇਸ਼ ਨੂੰ ਵੰਡਣਾ ਚਾਹੁੰਦੀ ਸੀ। ਰਾਹੁਲ ਗਾਂਧੀ ਪ੍ਰਤੀ ਨਫ਼ਰਤ ਜ਼ਾਹਰ ਕਰਦੇ ਹੋਏ ਕੰਗਨਾ ਨੇ ਇਕ ਨਿਊਜ਼ ਚੈਨਲ ਦੀ ਐਂਕਰ ਨੂੰ ਪੁੱਛਿਆ ਕਿ ਰਾਹੁਲ ਨੇ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਅਜਿਹਾ ਕੀ ਕੀਤਾ ਹੈ? ਜਦੋਂ ਐਂਕਰ ਨੇ 99 ਸੀਟਾਂ ਦਾ ਜ਼ਿਕਰ ਕੀਤਾ ਤਾਂ ਕੰਗਨਾ ਐਂਕਰ ਤੋਂ ਗੁੱਸੇ ਵਿਚ ਆ ਗਈ। ਉਸਨੇ ਨੇ ਜਾਤੀ ਗਣਨਾ ਬਾਰੇ ਵੀ ਆਪਣੀ ਰਾਏ ਦਿੱਤੀ ਕਿ ਇਹ ਨਹੀਂ ਹੋਣੀ ਚਾਹੀਦੀ। ਅਜਿਹਾ ਕਹਿਕੇ ਉਸਨੇ ਦਲਿਤ ਸਮਾਜ ਨੂੰ ਵੀ ਨਰਾਜ਼ ਕਰ ਲਿਆ।ਪਹਿਲਾਂ ਸਮ੍ਰਿਤੀ ਇਰਾਨੀ ਅਜਿਹੀਆਂ ਗੱਲਾਂ ਕਰਦੀ ਸੀ। ਹੁਣ ਇਹ ਕਹਿਣ ਦੀ ਜ਼ਿੰਮੇਵਾਰੀ ਕੰਗਨਾ ਰਣੌਤ ਦੀ ਹੈ।

ਕੰਗਨਾ ਰਣੌਤ ਨੇ ਕਿਸਾਨਾਂ ਵਿਰੁਧ ਜ਼ਹਿਰੀਲਾ ਹਮਲਾ ਬੋਲਣ ਉਪਰੰਤ  ਸਿਖ ਪੰਥ ਨੂੰ ਆਪਣੀ ਫਿਲਮ ਐਮਰਜੈਂਸੀ ਰਾਹੀਂ ਨਿਸ਼ਾਨਾ ਬਣਾਇਆ ਹੈ।ਇਸ ਫਿਲਮ ਵਿਚ ਸਿਖਾਂ ਨੂੰ ਹਿੰਦੂਆਂ ਦੇ ਕਾਤਲ ਦਰਸਾਉਣ ਦੀ ਕੋਸ਼ਿਸ਼   ਕੀਤੀ ਹੈ।

 ਇਸ ਫਿਲਮ 'ਤੇ ਇਤਰਾਜ਼ ਜਤਾਉਂਦੇ ਹੋਏ ਕੁਝ ਸਿੱਖਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਸ ਦੇ ਸਕ੍ਰੀਨਿੰਗ ਸਰਟੀਫਿਕੇਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਫ਼ਿਲਮ 'ਐਮਰਜੈਂਸੀ' ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਜਾਰੀ ਨਹੀਂ ਕੀਤਾ ।ਕੇਂਦਰ ਦੇ ਇਸ ਜਵਾਬ 'ਤੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪਟੀਸ਼ਨਕਰਤਾ ਨੂੰ ਸੈਂਸਰ ਬੋਰਡ ਦੀ ਕਮੇਟੀ ਦੇ ਸਾਹਮਣੇ ਆਪਣੀ ਮੰਗ ਰੱਖਣ ਤੇ ਦੁਬਾਰਾ ਪਟੀਸ਼ਨ ਦਾਇਰ ਕਰਨ ਦੀ ਛੋਟ ਦੇ ਦਿੱਤੀ ਹੈ ।ਭਾਰਤ ਦੇ ਐਡੀਸ਼ਨਲ ਐਡਵੋਕੇਟ ਜਨਰਲ ਸਤਿਆ ਪਾਲ ਜੈਨ ਨੇ ਸੀਬੀਐਫਸੀ ਵੱਲੋਂ ਅਦਾਲਤ ਵਿਚ ਪੇਸ਼ ਹੋਏ ਕਿਹਾ ਸੀ ਕਿ ਫਿਲਮ 'ਐਮਰਜੈਂਸੀ' ਨੂੰ ਅਜੇ ਤੱਕ ਜਨਤਕ ਸਕ੍ਰੀਨਿੰਗ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਫਿਲਮ ਦੇ ਸਰਟੀਫਿਕੇਸ਼ਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਰ ਇਹ ਸਥਾਪਿਤ ਨਿਯਮਾਂ ਅਨੁਸਾਰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਬੋਰਡ ਨੂੰ ਭੇਜ ਸਕਦੇ ਹਨ।ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫੈਸਲਾ ਲਿਆ ਜਾਵੇਗਾ।

ਜੈਨ ਨੇ ਕਿਹਾ ਸੀ ਕਿ ਬੋਰਡ ਕਿਸੇ ਵੀ ਫਿਲਮ ਨੂੰ ਪ੍ਰਮਾਣਿਤ ਕਰਨ ਤੋਂ ਪਹਿਲਾਂ ਕਈ ਪਹਿਲੂਆਂ ਨੂੰ ਧਿਆਨ ਵਿਚ ਰੱਖਦਾ ਹੈ। ਉਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਕਿਸੇ ਵੀ ਧਾਰਮਿਕ ਜਾਂ ਕਿਸੇ ਹੋਰ ਸਮੂਹ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਬੋਰਡ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਆਪਣੇ  ਮੋਹਾਲੀ ਦੇ ਗੁਰਿੰਦਰ ਸਿੰਘ ਅਤੇ ਜਗਮੋਹਨ ਸਿੰਘ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਸੀਬੀਐਫਸੀ ਵੱਲੋਂ ਫਿਲਮ ਨੂੰ ਦਿੱਤੇ ਕਥਿਤ ਸਰਟੀਫਿਕੇਟ ਨੂੰ ਰੱਦ ਕਰਨ ਅਤੇ ਇਸ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਤੋਂ ਸਮੀਖਿਆ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਸੀ।

ਆਪਣੀ ਪਟੀਸ਼ਨ ਵਿਚ ਦੋਵਾਂ ਵਿਅਕਤੀਆਂ ਨੇ ਇਸ ਫਿਲਮ ਵਿਚ ਕਥਿਤ ਤੌਰ 'ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਦ੍ਰਿਸ਼ਾਂ ਨੂੰ ਹਟਾਉਣ ਦੀ ਮੰਗ ਵੀ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਇਸ ਫਿਲਮ 'ਤੇ ਪਾਬੰਦੀ ਲਾਉਣ ਅਤੇ ਨਿਰਮਾਤਾਵਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਇੰਦਰਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਇਸ ਫਿਲਮ ਵਿਚ ਕੰਗਨਾ ਰਣੌਤ ਨੇ ਮੁੱਖ ਭੂਮਿਕਾ ਨਿਭਾਈ ਹੈ।

 ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਿਲਮ ਨੂੰ ਲੈ ਕੇ  ਕਿਹਾ ਕਿ ਸਿੱਖ ਆਧਾਰਿਤ ਫਿਲਮ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੂੰ ਦਿਖਾਈ ਜਾਵੇ।ਸ਼੍ਰੋਮਣੀ ਕਮੇਟੀ ਦੇ ਸਰਟੀਫਿਕੇਟ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਦੂਜੇ ਪਾਸੇ ਚੋਣਾਂ ਦੀ ਹਾਰ ਦੇ ਡਰ ਤੋਂ ਭਾਜਪਾ ਕੰਗਨਾ ਦੇ ਵਿਰੁੱਧ ਸਟੈਂਡ ਲੈ ਰਹੀ ਹੈ।

 ਕੰਗਨਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ ‘ਤੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਆਗੂ ਨਹੀਂ ਬਣ ਜਾਂਦਾ।  ਉਨ੍ਹਾਂ ਨੇ ਪਹਿਲੇ ਦਿਨ ਕੰਗਨਾ ਰਣੌਤ ਦਾ ਵਿਰੋਧ ਕੀਤਾ ਸੀ। ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ।ਸੋ ਭਾਜਪਾ ਦਾ ਨਵਾਂ ਫਿਰਕੂ ਪਤਾ ਕੰਗਨਾ ਰਣੌਤ ਵਾਲਾ ਸਿਖ ਪੰਥ ਤੇ ਕਿਸਾਨਾਂ ਵਿਰੁਧ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ।