ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਫਿਰਕੂ ਵਿਚਾਰਧਾਰਾ ਹਾਰ ਦਾ ਕਾਰਣ ਬਣੀ?
ਅਠ੍ਹਾਰਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਜੇਕਰ ਆਪਣੀ ਸਮਰੱਥਾ ਤੋਂ ਉਲਟ ਪ੍ਰਦਰਸ਼ਨ ਨਹੀਂ ਕੀਤਾ ਅਤੇ ਆਪਣੇ ਦਮ 'ਤੇ ਬਹੁਮਤ ਨਹੀਂ ਪਾ ਸਕੀ ਤਾਂ ਉਸ ਲਈ ਕਈ ਕਾਰਨ ਜ਼ਿੰਮੇਵਾਰ ਹਨ। ਮੁੱਖ ਤੌਰ 'ਤੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਮਿਲ ਕੇ ਭਾਜਪਾ ਨੂੰ ਹਰਾਇਆ ਹੈ।
ਸਭ ਤੋਂ ਪਹਿਲੀ ਅਤੇ ਵਰਣਨਯੋਗ ਗੱਲ ਇਹ ਹੈ ਕਿ ਭਾਜਪਾ ਨੇ ਸਹੀ ਢੰਗ ਨਾਲ ਆਪਣੀ ਚੋਣ ਪ੍ਰਚਾਰ ਮੁਹਿੰਮ ਨਹੀਂ ਚਲਾਈ। ਇਸ ਦੇ ਪਿੱਛੇ ਕਾਂਗਰਸ ਦੇ ਘੋਸ਼ਣਾ ਪੱਤਰ ਦਾ ਪ੍ਰਭਾਵ ਰਿਹਾ। ਨਰਿੰਦਰ ਮੋਦੀ ਨੇ ਜਿਵੇਂ ਹੀ ਕਾਂਗਰਸ ਦਾ ਘੋਸ਼ਣਾ ਪੱਤਰ ਵੇਖਿਆ ਉਨ੍ਹਾਂ ਨੂੰ ਲੱਗਿਆ ਕਿ ਇਹ ਤਾਂ ਇਕ ਖ਼ਤਰਨਾਕ ਦਸਤਾਵੇਜ਼ ਹੈ। ਜੇਕਰ ਬਹਿਸ ਇਸ ਦੇ ਮੁਤਾਬਿਕ ਬੇਰੁਜ਼ਗਾਰੀ, ਰਾਖਵਾਂਕਰਨ ਅਤੇ ਮਹਿੰਗਾਈ ਵਰਗੇ ਪ੍ਰਸ਼ਨਾਂ 'ਤੇ ਹੋਣ ਲੱਗੀ ਤਾਂ ਉਨ੍ਹਾਂ ਦੀ ਸੱਤਾ ਵਿਚ ਵਾਪਸੀ ਖ਼ਤਰੇ ਵਿਚ ਪੈ ਸਕਦੀ ਹੈ। ਇਸ ਲਈ ਉਨ੍ਹਾਂ ਨੇ ਕਾਂਗਰਸ ਦੇ ਘੋਸ਼ਣਾ ਪੱਤਰ ਦੇ ਖ਼ਿਲਾਫ਼ ਇਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ।
ਇਸ ਦਸਤਾਵੇਜ਼ ਨੂੰ ਉਨ੍ਹਾਂ ਮੁਸਲਿਮ ਲੀਗ ਦਾ ਘੋਸ਼ਣਾ ਪੱਤਰ ਐਲਾਨਿਆ ਅਤੇ ਲਗਾਤਾਰ ਮੁਸਲਮਾਨਾਂ ਦੇ ਖ਼ਿਲਾਫ਼ ਗੱਲਾਂ ਕਰਦੇ ਰਹੇ। ਸਾਰੀਆਂ ਵਿਰੋਧੀ ਪਾਰਟੀਆਂ 'ਤੇ ਉਨ੍ਹਾਂ ਨੇ ਮੁਸਲਮਾਨਾਂ ਦੀਆਂ ਏਜੰਟ ਹੋਣ ਦੇ ਦੋਸ਼ ਲਗਾ ਦਿੱਤੇ। ਭਾਜਪਾ ਦੇ ਨੇਤਾ ਲੋਕਾਂ ਨੂੰ ਡਰ ਦਿਖਾਉਂਦੇ ਰਹੇ ਕਿ ਕਾਂਗਰਸ ਜੇਕਰ ਸੱਤਾ ਵਿਚ ਆਈ ਤਾਂ ਉਨ੍ਹਾਂ ਦੀ ਮੱਝ ਵੀ ਖੋਲ੍ਹ ਕੇ ਲੈ ਜਾਵੇਗੀ, ਔਰਤਾਂ ਦਾ ਮੰਗਲਸੂਤਰ ਖੋਹ ਲਵੇਗੀ ਅਤੇ ਇਹ ਸਭ ਕੁਝ ਘੁਸਪੈਠੀਆਂ ਅਤੇ ਵਧੇਰੇ ਬੱਚੇ ਪੈਦਾ ਕਰਨ ਵਾਲਿਆਂ ਨੂੰ ਦੇ ਦਿੱਤਾ ਜਾਵੇਗਾ। ਇਹ ਕਹਿੰਦੇ ਹੋਏ ਸਪੱਸ਼ਟ ਤੌਰ 'ਤੇ ਉਨ੍ਹਾਂ ਦਾ ਸੰਕੇਤ ਮੁਸਲਮਾਨਾਂ ਵੱਲ ਸੀ। ਜ਼ਾਹਿਰ ਹੈ ਕਿ ਲੋਕਾਂ ਨੇ ਉਨ੍ਹਾਂ ਦੀਆਂ ਗੱਲਾਂ ਵਲ ਧਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਨਾਂਹ-ਪੱਖੀ ਮੁਹਿੰਮ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ। ਉਝ ਵੀ ਨਾਂਹ-ਪੱਖੀ ਦੇ ਪ੍ਰਚਾਰ ਹਾਂ-ਪੱਖੀ ਸਿੱਟੇ ਕਦੇ ਨਹੀਂ ਨਿਕਲਦੇ। ਦੂਜੇ, ਨਰਿੰਦਰ ਮੋਦੀ ਨੂੰ ਭਾਜਪਾ ਦੇ ਕਈ ਨੇਤਾਵਾਂ ਨੇ ਭਗਵਾਨ ਦਾ ਅਵਤਾਰ ਦੱਸਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਅਵਿਨਾਸ਼ੀ ਕਿਹਾ ਗਿਆ, ਜਦਕਿ ਸਨਾਤਨ ਧਰਮ ਵਿਚ ਅਵਿਨਾਸ਼ੀ ਸਿਰਫ਼ ਭਗਵਾਨ ਨੂੰ ਕਿਹਾ ਜਾਂਦਾ ਹੈ, ਕਿਉਂਕਿ ਧਰਤੀ 'ਤੇ ਹਰ ਪ੍ਰਾਣੀ ਨਾਸ਼ਵਾਨ ਹੈ। ਮੋਦੀ ਦੀ ਖੁਦ ਨੂੰ ਘੁਮਾ-ਫਿਰਾ ਕੇ 'ਨਾਨ-ਬਾਇਲੋਜੀਕਲ' ਜਾਂ 'ਪੰਜ ਤੱਤਾਂ ਤੋਂ ਪਰ੍ਹੇ ਹੋਣ ਦੀ ਗੱਲ ਵੀ ਇਸੇ ਦਾ ਹਿੱਸਾ ਸੀ। ਆਮ ਜਨਤਾ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਪਿਆ।
ਲੋਕਾਂ ਨੇ ਜਦੋਂ ਭਾਜਪਾ ਦੀਆਂ 2014 ਅਤੇ 2019 ਦੀਆਂ ਚੋਣ ਪ੍ਰਚਾਰ ਮੁਹਿੰਮਾਂ ਦੀ ਇਸ ਸਮੇਂ ਦੀ ਚੋਣ ਮੁਹਿੰਮ ਨਾਲ ਤੁਲਨਾ ਕੀਤੀ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪਿਛਲੀਆਂ ਚੋਣਾਂ ਵਿਕਾਸ ਦੇ ਵਾਅਦੇ 'ਤੇ ਲੜੀਆਂ ਗਈਆਂ ਸਨ, ਜਦੋਂ ਕਿ ਇਸ ਵਾਰ ਫਿਰਕੂ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ, ਭਾਰਤ ਦੀ ਆਮ ਜਨਤਾ ਉਦਾਰਤਾ ਅਤੇ ਇਕ ਸਮਾਨਤਾ ਵਿਚ ਵਿਸ਼ਵਾਸ ਰੱਖਦੀ ਹੈ। ਕੱਟੜਤਾ ਉਸ ਨੂੰ ਪਸੰਦ ਨਹੀਂ ਹੈ। ਇਸ ਲਈ ਧਰੁਵੀਕਰਨ ਦੀ ਕੋਸ਼ਿਸ਼ ਦਾ ਉਲਟਾ ਹੀ ਅਸਰ ਹੋਇਆ ਅਤੇ ਭਾਜਪਾ ਦਾ ਜੋ ਕੱਟੜ ਸਮਰਥਕ ਨਹੀਂ ਸੀ, ਉਹ ਵਰਗ ਉਸ ਤੋਂ ਪਰ੍ਹੇ ਹੋ ਗਿਆ। ਇਹੀ ਕਾਰਨ ਹੈ ਕਿ ਅੱਜ ਭਾਜਪਾ ਸਭ ਤੋਂ ਵੱਡਾ ਦਲ ਹੁੰਦੇ ਹੋਏ ਵੀ ਗੱਠਜੋੜ ਦੀ ਸਰਕਾਰ ਬਣਾਉਣ ਲਈ ਮਜਬੂਰ ਹੈ, ਪਰ ਇਸ ਲਈ ਵੀ ਉਸ ਦੀ ਇਹ ਰਾਹ ਸੌਖੀ ਨਹੀਂ ਹੈ। ਉਸ ਦੇ ਗੱਠਜੋੜ ਸਾਂਝੀਦਾਰ ਵੀ ਸੋਚਣਗੇ ਕਿ ਕੀ ਬੇਇੱਜ਼ਤੀ ਸਹਿ ਕੇ ਉਸ ਦੇ ਨਾਲ ਰਹਿਣਾ ਉਚਿਤ ਹੋਵੇਗਾ? ਜਿਸ ਚੰਦਰ ਬਾਬੂ ਨਾਇਡੂ ਅਤੇ ਨੀਤਿਸ਼ ਕੁਮਾਰ ਦੀਆਂ ਅੱਜ ਮਿਲ ਕੇ 28 ਦੇ ਕਰੀਬ ਸੀਟਾਂ ਆ ਰਹੀਆਂ ਹਨ, ਉਹ ਆਪਣੇ ਨਾਲ ਹੋਏ ਸਲੂਕ ਨੂੰ ਭੁੱਲੇ ਨਹੀਂ ਹੋਣਗੇ। ਨਾਇਡੂ ਨੇ ਕਾਫੀ ਸਮਾਂ ਪਹਿਲਾਂ ਹੀ ਭਾਜਪਾ ਨਾਲ ਗੱਠਜੋੜ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ, ਪਰ ਭਾਜਪਾ ਉਨ੍ਹਾਂ ਨੂੰ ਛੱਡ ਕੇ ਜਗਨ ਮੋਹਨ ਰੈੱਡੀ ਨਾਲ ਸਮਝੌਤੇ ਦੀ ਕੋਸ਼ਿਸ਼ ਕਰਦੀ ਰਹੀ ਅਤੇ ਆਖਰੀ ਸਮੇਂ 'ਚ ਜਾ ਕੇ ਨਾਇਡੂ ਦੇ ਨਾਲ ਸਮਝੌਤਾ ਕੀਤਾ ਗਿਆ। ਨੀਤਿਸ਼ ਕੁਮਾਰ ਦੀ ਤਾਂ ਐਗਜ਼ਿਟ ਪੋਲ ਆਉਣ ਤੋਂ ਬਾਅਦ ਤੱਕ ਅਣਦੇਖੀ ਕੀਤੀ ਗਈ, ਕਿਉਂਕਿ ਉਸ ਵਿਚ ਦਿਖਾਇਆ ਗਿਆ ਸੀ ਕਿ ਭਾਜਪਾ ਆਪਣੇ ਦਮ 'ਤੇ ਬਹੁਮਤ ਹਾਸਿਲ ਕਰਨ ਵਾਲੀ ਹੈ। ਇਸ ਲਈ ਨੀਤਿਸ਼ ਨੇ ਜਦੋਂ ਚੋਣ ਤੋਂ ਬਾਅਦ ਭਾਜਪਾ ਨੇਤਾਵਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕੋਈ ਭਾਅ ਨਹੀਂ ਦਿੱਤਾ ਗਿਆ ਸੀ। ਇਹੋ ਜਿਹੇ ਹਾਲਾਤ ਵਿਚ ਗੱਠਜੋੜ ਦੇ ਸਾਥੀ ਹੁਣ ਭਾਜਪਾ ਦਾ ਕਿੰਨਾ ਕੁ ਸਾਥ ਦੇਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ। ਜਦੋਂ ਆਮ ਚੋਣਾਂ ਸ਼ੁਰੂ ਨਹੀਂ ਹੋਈਆਂ ਸਨ, ਤਾਂ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ 72 ਤੋੋਂ 75 ਸੀਟਾਂ ਜਿੱਤ ਸਕਦੀ ਹੈ, ਪਰ ਬਾਅਦ ਵਿਚ ਉੱਤਰ ਪ੍ਰਦੇਸ਼ ਵਿਚ ਜੋ ਸੰਕੇਤ ਮਿਲ ਰਹੇ ਸਨ, ਉਨ੍ਹਾਂ ਤੋਂ ਸਾਫ਼ ਲੱਗਦਾ ਸੀ ਕਿ ਰਾਜ ਵਿਚ ਕੁਝ ਹੋਰ ਹੀ ਹੋਣ ਵਾਲਾ ਹੈ ਅਤੇ ਚੋਣ ਨਤੀਜਿਆਂ ਨੇ ਇਨ੍ਹਾਂ ਸ਼ੰਕਾਵਾਂ 'ਤੇ ਮੁਹਰ ਲਗਾ ਦਿੱਤੀ। ਉੱਤਰ ਪ੍ਰਦੇਸ਼ ਵਿਚ ਭਾਜਪਾ ਨੇ ਸ਼ੁਰੂ ਤੋਂ ਹੀ ਕਈ ਗ਼ਲਤੀਆਂ ਕੀਤੀਆਂ। ਪਹਿਲਾਂ ਤਾਂ ਉਸ ਨੇ ਰਾਜ ਵਿਚ ਮੌਜੂਦਾ ਸੰਸਦ ਮੈਂਬਰਾਂ ਦੇ ਨਾਂਹ ਦੇ ਬਰਾਬਰ ਟਿਕਟ ਕੱਟੇ, ਜਦੋਂ ਕਿ ਉਥੇ ਦੇ ਸੰਸਦ ਮੈਂਬਰਾਂ ਖ਼ਿਲਾਫ਼ ਜ਼ਮੀਨੀ ਪੱਧਰ 'ਤੇ ਵੱਡਾ ਸੱਤਾ ਵਿਰੋਧੀ ਰੁਝਾਨ ਉੱਭਰ ਚੁੱਕਾ ਸੀ। ਸਾਰੇ ਵੋਟਰ ਕਹਿ ਰਹੇ ਸਨ ਕਿ ਅਸੀਂ ਦੋ ਚੋਣਾਂ ਵਿਚ ਮੋਦੀ ਜੀ ਦੇ ਕਹਿਣ 'ਤੇ ਵੋਟ ਦਿੱਤੀ, ਪਰ ਸੰਸਦ ਮੈਂਬਰਾਂ ਨੇ ਕੋਈ ਵਧੇਰੇ ਕੰਮ ਨਹੀਂ ਕੀਤਾ। ਇਸ ਦੀ ਜ਼ਿੰਮੇਵਾਰੀ ਮੋਦੀ ਜੀ ਦੀ ਨਹੀਂ ਤਾਂ ਕਿਸ ਦੀ ਹੈ?
ਸਮਾਜਵਾਦੀ ਪਾਰਟੀ ਨੇ ਨਾ ਸਿਰਫ਼ ਨਤੀਜਿਆਂ ਵਿਚ ਹੈਰਾਨ ਕੀਤਾ, ਬਲਕਿ ਅਖਿਲੇਸ਼ ਯਾਦਵ ਇਨ੍ਹਾਂ ਚੋਣਾਂ ਵਿਚ ਸਹੀ ਅਰਥਾਂ ਵਿਚ ਸਭ ਤੋਂ ਵੱਧ ਸਫਲ ਨੇਤਾ ਸਾਬਿਤ ਹੋਏ। ਅਖਿਲੇਸ਼ ਯਾਦਵ ਨੇ ਸਿਆਣਪ ਦਿਖਾਉਂਦੇ ਹੋਏ ਕਾਂਗਰਸ ਨਾਲ ਸਮਝੌਤਾ ਕਰ ਲਿਆ। ਇਸ ਨਾਲ ਇਕ ਤਾਂ ਘੱਟ ਗਿਣਤੀਆਂ ਦੇ ਵਿਚ ਜੋ ਵੀ ਸ਼ੰਕਾਵਾਂ ਸਨ, ਉਹ ਦੂਰ ਹੋ ਗਈਆਂ ਅਤੇ ਸਾਰੇ ਦਾ ਸਾਰਾ ਵੋਟ ਇਕ ਜਗ੍ਹਾ ਭੁਗਤ ਗਿਆ। ਉਸ ਦਾ ਧਰੁਵੀਕਰਨ ਹੋ ਗਿਆ। ਦੂਜਾ ਮਾਇਆਵਤੀ ਦਾ ਜੋ ਦਲਿਤ ਵੋਟਰ ਸੀ, ਉਸ ਨੂੰ ਵੀ ਇਕ ਪਾਸੇ ਦੀ ਜ਼ਰੂਰਤ ਸੀ। ਕਾਂਗਰਸ ਦੀ ਵਜ੍ਹਾ ਨਾਲ ਉਨ੍ਹਾਂ ਵੋਟਰਾਂ ਨੇ ਸਾਈਕਲ ਮਤਲਬ ਸਮਾਜਵਾਦੀ ਪਾਰਟੀ ਨੂੰ ਚੁਣਿਆ। ਇਸ ਤਰ੍ਹਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੋਵਾਂ ਨੂੰ ਦਲਿਤਾਂ ਦੇ ਵੋਟ ਮਿਲੇ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਟਿਕਟ ਵੰਡਣ ਵਿਚ ਵੀ ਸਿਆਣਪ ਤੋਂ ਕੰਮ ਲਿਆ। ਜੋ ਪਾਰਟੀ ਯਾਦਵਾਂ-ਮੁਸਲਮਾਨਾਂ ਦੀ ਮੰਨੀ ਜਾਂਦੀ ਸੀ, ਉਸ ਨੇ ਸਿਰਫ਼ ਪੰੰਜ ਯਾਦਵਾਂ ਨੂੰ ਟਿਕਟ ਦਿੱਤੇ। ਇਸ ਨਾਲ ਇਕ ਬਿਰਤਾਂਤ ਸਥਾਪਤ ਹੋ ਗਿਆ। ਸਪਾ ਨੇ ਦਸ ਕੁਰਮੀਆਂ ਨੂੰ, ਛੇ ਸੀਟਾਂ ਕੁਸ਼ਵਾਹਾ, ਮੌਰਿਆ, ਸ਼ਾਖ ਤੇ ਸੈਣੀ ਬਰਾਦਰੀ ਨੂੰ ਦਿੱਤੀਆਂ। ਤਿੰਨ ਨਿਸ਼ਾਦ, ਚਾਰ ਬ੍ਰਾਹਮਣ ਅਤੇ ਇਕ ਪਾਲ ਨੂੰ ਟਿਕਟ ਦਿੱਤਾ ਗਿਆ। ਇਹੀ ਨਹੀਂ, ਉਨ੍ਹਾਂ ਚੋਣਾਂ ਵਿਚ ਵੀ ਆਪਣਾ ਪਾਰਟੀ ਪ੍ਰਧਾਨ ਬਦਲ ਕੇ ਸ਼ਿਆਮ ਲਾਲ ਪਾਲ (ਗਡਰੀਆ) ਨੂੰ ਬਣਾਇਆ। ਸਮਾਜਵਾਦੀ ਪਾਰਟੀ ਨੇ ਦੋ ਦਲਿਤਾਂ ਨੂੰ ਲੋਕ ਸਭਾ ਖੇਤਰਾਂ ਦੇ ਜਨਸੰਖਿਆ ਦੇ ਆਧਾਰ ਨੂੰ ਧਿਆਨ ਵਿਚ ਰੱਖਦੇ ਹੋਏ ਜਨਰਲ ਸੀਟਾਂ 'ਤੇ ਲੜਾਇਆ। ਇਹ ਵੀ ਇਕ ਤਰ੍ਹਾਂ ਦਾ ਮਾਸਟਰ ਸਟ੍ਰੋਕ ਸਾਬਿਤ ਹੋਇਆ। ਇਸ ਤਰ੍ਹਾਂ ਉਨ੍ਹਾਂ ਨੇ ਖ਼ੁਦ ਨੂੰ ਮੁਸਲਿਮ, ਯਾਦਵਾਂ ਦੀ ਪਾਰਟੀ ਦੇ ਟੈਗ ਤੋਂ ਬਾਹਰ ਕੱਢਿਆ। ਸਮਾਜਵਾਦੀ ਪਾਰਟੀ ਦੇ ਦਲਿਤ ਉਮੀਦਵਾਰ ਅਵਧੇਸ਼ ਪ੍ਰਸਾਦ ਪਾਸੀ ਨੇ ਫੈਜ਼ਾਬਾਦ (ਅਯੁੱਧਿਆ) ਦੀ ਸੀਟ 'ਤੇ ਭਾਜਪਾ ਦੇ ਲੱਲੂ ਸਿੰਘ ਨੂੰ ਕਰਾਰੀ ਹਾਰ ਦਿੱਤੀ।
ਭਾਜਪਾ ਦੇ ਖਿਲਾਫ਼ ਸਿਰਫ਼ ਉੱਤਰ ਪ੍ਰਦੇਸ਼ ਵਿਚ ਹੀ ਨਹੀਂ ਸਾਰੇ ਦੇਸ਼ ਵਿਚ ਕੁਝ ਨਾਰਾਜ਼ਗੀ ਸੀ। ਉਹ ਇਕੱਠੀ ਹੁੰਦੀ-ਹੁੰਦੀ ਹੁਣ 2024 ਦੀਆਂ ਆਮ ਚੋਣਾਂ ਵਿਚ ਬਾਹਰ ਨਿਕਲੀ। ਜ਼ਾਹਿਰ ਹੈ ਕਿ ਇਸ ਦਾ ਅਸਰ ਉੱਤਰ ਪ੍ਰਦੇਸ਼ ਦੇ ਵੋਟਰਾਂ 'ਤੇ ਵੀ ਪਿਆ। 2016 ਦੀ ਨੋਟਬੰਦੀ ਨਾਲ ਅਸੰਗਠਿਤ ਖੇਤਰ ਢਹਿ-ਢੇਰੀ ਹੋ ਗਿਆ। ਇਸ ਨਾਲ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ। 2019 ਵਿਚ ਹੋਏ ਈ.ਡਬਲਿਊ.ਐਸ. ਰਾਖਵਾਂਕਰਨ ਦੀ ਘੋਸ਼ਣਾ ਨੂੰ ਦੇਸ਼ ਦੇ ਦਲਿਤ ਅਤੇ ਪਛੜੇ ਵਰਗ ਧਿਆਨ ਨਾਲ ਦੇੇਖ ਰਹੇ ਸਨ। ਉਨ੍ਹਾਂ ਨੂੰ ਇਹ ਗੱਲ ਖਟਕ ਗਈ। ਇਸ ਲਈ ਜਦੋਂ ਵਿਰੋੋਧੀ ਦਲ ਨੇ ਉਨ੍ਹਾਂ ਵਿੱਚ ਪ੍ਰਚਾਰ ਕੀਤਾ ਕਿ ਭਾਜਪਾ 400 ਸੀਟਾਂ ਜਿੱਤਣਾ ਚਾਹੁੰਦੀ ਹੈ, ਤਾਂ ਕਿ ਉਹ ਰਾਖਵਾਂਕਰਨ ਖ਼ਤਮ ਕਰਨ ਲਈ ਸੰਵਿਧਾਨ ਬਦਲ ਸਕੇ, ਤਾਂ ਲੋਕਾਂ ਨੇ ਤੁਰੰਤ ਵਿਰੋਧੀ ਦਲ ਦੀ ਗੱਲ 'ਤੇ ਵਿਸ਼ਵਾਸ ਕਰ ਲਿਆ। ਉਥੇ ਕੋਵਿਡ ਦੌਰਾਨ ਬਣਾਏ ਤਿੰਨ ਖੇਤੀ ਕਾਨੂੰਨਾਂ ਦਾ ਵੀ ਇਨ੍ਹਾਂ ਚੋਣਾਂ 'ਤੇ ਅਸਰ ਦਿਖਾਈ ਦਿੱਤਾ। ਪੱਛਮੀ ਉੱਤਰ ਪ੍ਰਦੇਸ਼ ਦੇ ਜਾਟ ਭਾਜਪਾ ਦੇ ਵਿਰੋਧੀ ਹੋੋ ਗਏ, ਤਾਂ ਰਾਜਸਥਾਨ, ਪੰਜਾਬ, ਹਰਿਆਣਾ ਦੇ ਜਾਟ ਵੀ ਭਾਜਪਾ ਦੇ ਵਿਰੋਧੀ ਹੋ ਗਏ। ਇਸ ਤਰ੍ਹਾਂ ਭਾਜਪਾ ਨੇ ਪੂਰੇ ਜਾਟ ਸਮਾਜ ਨੂੰ ਆਪਣੇ ਖ਼ਿਲਾਫ਼ ਕਰ ਲਿਆ। ਇਨ੍ਹਾਂ ਚੋਣਾਂ ਵਿਚ ਮਹਿੰਗਾਈ, ਬੇਰੁਜ਼ਗਾਰੀ, ਆਮਦਨੀ ਦੇ ਮੁੱਦਿਆਂ 'ਤੇ ਵੋਟਰਾਂ ਨੇ ਅੱਗੇ ਹੋ ਕੇ ਆਪਣੇ ਵਿਚਾਰ ਰੱਖੇ। ਸਪਾ ਦਾ ਰਾਸ਼ਟਰੀ ਵੋਟ ਔਸਤ ਲਗਭਗ ਚਾਰ ਫ਼ੀਸਦੀ ਦੇ ਕੋਲ ਪਹੁੰਚ ਗਿਆ।
ਭਾਜਪਾ ਦੇ ਦਾਇਰੇ ਵਿਚ ਲੰਬੇ ਸਮੇਂ ਤੋਂ ਚਰਚਾ ਹੈ ਕਿ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਕ ਖ਼ਾਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਰਕੇ ਉੱਤਰ ਪ੍ਰਦੇਸ਼ ਵਿਚ ਰਾਜਪੂਤ ਬਰਾਦਰੀ ਖੁੱਲ ਕੇ ਭਾਜਪਾ ਦੇ ਖ਼ਿਲਾਫ਼ ਹੋ ਗਈ। ਇਸ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਰਾਜਪੂਤਾਂ ਦੇ ਅਤੇ ਜਾਟਾਂ ਦੇ ਵੋਟ ਵੀ ਮੋਦੀ-ਯੋਗੀ ਦੇ ਨਾਂਅ 'ਤੇ ਨਹੀਂ ਮਿਲੇ। ਬਤੌਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉੱਪਰੀ ਤੌਰ 'ਤੇ ਆਪਣੇ ਸੰਪਰਦਾਇਕ ਭਾਸ਼ਨ ਦਿੰਦੇ ਰਹੇ। ਇਸ ਤੋਂ ਲੱਗਿਆ ਕਿ ਉਹ ਸਾਰੀਆਂ ਜ਼ਿੰਮੇਦਾਰੀਆਂ ਪੂਰੀਆਂ ਕਰ ਰਹੇ ਹਨ, ਪਰ ਪਾਰਟੀ ਨੂੰ ਜਿਤਾਉਣ ਲਈ ਉਨ੍ਹਾਂ ਨੇ ਕੋਈ ਖ਼ਾਸ ਕੋਸ਼ਿਸ਼ ਨਹੀਂ ਕੀਤੀ। ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਇਹ ਅੰਦਰੂਨੀ ਸੰਕਟ ਵੀ ਸੀਟਾਂ ਘਟਣ ਦਾ ਇਕ ਵੱਡਾ ਕਾਰਨ ਬਣਿਆ।
ਅਭੈ ਕੁਮਾਰ ਦੂਬੇ
ਲੇਖਕ ਅੰਬੇਡਕਰ ਵਿਸ਼ਵ ਯੂਨੀਵਰਸਿਟੀ, ਦਿੱਲੀ 'ਚ ਪ੍ਰੋਫ਼ੈਸਰ












Comments (0)