ਭਾਜਪਾ ਨੂੰ ਰਾਹੁਲ  ਗਾਂਧੀ ਹੁਣ ਪਪੂ ਨਹੀਂ ,ਗੁੰਡਾ ਜਾਪਦਾ ਏ

 ਭਾਜਪਾ ਨੂੰ ਰਾਹੁਲ  ਗਾਂਧੀ ਹੁਣ ਪਪੂ ਨਹੀਂ ,ਗੁੰਡਾ ਜਾਪਦਾ ਏ

ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਨੂੰ ਹੁਣ ਪੱਪੂ ਕਹਿਣਾ ਬੰਦ ਕਰ ਦਿੱਤਾ ਹੈ।

ਭਾਜਪਾ ਨੂੰ ਲਗਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ 'ਚ ਜੇਕਰ ਰਾਹੁਲ ਨੂੰ ਸਥਾਪਿਤ ਹੋਣ ਦਿੱਤਾ ਗਿਆ ਤਾਂ ਉਹ ਮੁਸ਼ਕਿਲ ਚੁਣੌਤੀ ਬਣ ਜਾਣਗੇ। ਇਸ ਲਈ ਹੁਣ ਉਨ੍ਹਾਂ ਨੂੰ ਅਰਾਜਕ, ਗੁੰਡਾ, ਲੰਪਟ ਆਦਿ ਠਹਿਰਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਕਹਿ ਸਕਦੇ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਰਾਹੁਲ ਨਾਲ ਨਜਿੱਠਣ ਦਾ ਭਾਜਪਾ ਦਾ ਤਰੀਕਾ ਬਦਲ ਗਿਆ ਹੈ। ਭਾਜਪਾ ਦਾ 'ਈਕੋਸਿਸਟਮ' ਇਹ ਵੀ ਪ੍ਰਚਾਰਿਤ ਕਰ ਰਿਹਾ ਹੈ ਕਿ ਹੁਣ ਪ੍ਰਿਅੰਕਾ ਗਾਂਧੀ ਵਾਡਰਾ ਸੰਸਦ ਵਿਚ ਆ ਗਈ ਹੈ, ਜੋ ਰਾਹੁਲ ਤੋਂ ਬਿਹਤਰ ਵਕਤਾ ਅਤੇ ਨੇਤਾ ਹੈ। 

ਇਸ ਦੌਰਾਨ ਸੰਸਦ ਇਜਲਾਸ 'ਚ ਡਾ. ਅੰਬੇਡਕਰ ਦੇ ਮਸਲੇ 'ਤੇ ਹੋਏ ਵਿਵਾਦ ਨੇ ਭਾਜਪਾ ਨੂੰ ਮੌਕਾ ਦੇ ਦਿੱਤਾ। ਇਹ ਸੰਯੋਗ ਸੀ ਜਾਂ ਪ੍ਰਯੋਗ, ਨਹੀਂ ਕਿਹਾ ਜਾ ਸਕਦਾ ਪਰ ਇਸ ਘਟਨਾਕ੍ਰਮ ਨਾਲ ਰਾਹੁਲ ਦਾ ਅਕਸ ਵਿਗਾੜਨ ਦਾ ਮੌਕਾ ਭਾਜਪਾ ਨੂੰ ਜ਼ਰੂਰ ਮਿਲ ਗਿਆ। ਹੁਣ ਭਾਜਪਾ ਨੇ ਉਨ੍ਹਾਂ ਨੂੰ ਗੁੰਡਾ ਅਤੇ ਲੰਪਟ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਆਪਣੇ ਆਪ ਨਹੀਂ ਹੋਇਆ ਕਿ ਨਾਗਾਲੈਂਡ ਤੋਂ ਭਾਜਪਾ ਸੰਸਦ ਮੈਂਬਰ ਫਾਂਗਨੇਨ ਕੋਨਿਯਾਕ ਨੇ ਰਾਹੁਲ ਗਾਂਧੀ 'ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਸੰਸਦ ਦੇ ਮਕਰ ਦੁਆਰ 'ਤੇ ਪ੍ਰਦਰਸ਼ਨ ਦੌਰਾਨ ਸੰਸਦ ਮੈਂਬਰਾਂ ਦਾ ਇਕ-ਦੂਜੇ ਦੇ ਨੇੜੇ ਆਉਣਾ ਜਾਂ ਇਕ-ਦੂਜੇ ਨਾਲ ਟਕਰਾਉਣਾ ਬਹੁਤ ਆਮ ਗੱਲ ਹੈ ਪਰ ਕੋਨਿਯਾਕ ਨੇ ਕਿਹਾ ਕਿ ਰਾਹੁਲ ਉਨ੍ਹਾਂ ਦੇ ਬਹੁਤ ਨੇੜੇ ਆ ਗਏ ਸਨ, ਜਿਸ ਨਾਲ ਉਹ ਅਸਹਿਜ ਮਹਿਸੂਸ ਕਰ ਰਹੀ ਸੀ। ਸੰਸਦ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਮਹਿਲਾ ਸੰਸਦ ਮੈਂਬਰ ਨੇ ਅਜਿਹਾ ਦੋਸ਼ ਲਗਾਇਆ ਅਤੇ ਮਹਿਲਾ ਕਮਿਸ਼ਨ ਨੇ ਤਤਕਾਲ ਨੋਟਿਸ ਲੈਂਦਿਆਂ ਸਪੀਕਰ ਅਤੇ ਸਭਾਪਤੀ ਤੋਂ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ।