ਭਾਜਪਾ ਵਲੋਂ ਨਵੇਂ ਬਣ ਰਹੇ ਅਕਾਲੀ ਦਲ ਨਾਲ ਕਰ ਸਕਦੀ ਹੈ ਸਮਝੌਤਾ
* ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 2025 ਦੇ ਵਿਚ-ਵਿਚ ਹੀ ਕਰਵਾ ਸਕਦੀ ਹੈ ਭਾਜਪਾ
*ਕੀ ਭਾਜਪਾ ਬੰਦੀ ਸਿੱਖ ਛਡੇਗੀ ਤੇ ਕਿਸਾਨੀ ਮੰਗਾਂ ਮੰਨੇਗੀ?
ਬੀਜੇ.ਪੀ. ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਪੰਜਾਬ ਜਿੱਤਣ' ਵੱਲ ਪੂਰਾ ਧਿਆਨ ਦੇ ਰਹੀ ਹੈ। ਇਸ ਲਈ ਉਹ ਅਕਾਲੀ ਦਲ ਦੇ ਇਕ ਧੜੇ ਨਾਲ ਸਮਝੌਤਾ ਜ਼ਰੂਰ ਕਰੇਗੀ। ਜਿਸ ਤਰ੍ਹਾਂ ਦੀ ਸਥਿਤੀ ਹੈ ਉ.ਸ ਤੋਂ ਜਾਪਦਾ ਹੈ ਕਿ ਭਾਜਪਾ ਵਲੋਂ ਇਹ ਸਮਝੌਤਾ 5 ਮੈਂਬਰੀ ਕਮੇਟੀ ਵਲੋਂ ਕੀਤੀ ਭਰਤੀ ਉਪਰੰਤ ਬਣਨ ਵਾਲੇ ਸੰਭਾਵਿਤ ਅਕਾਲੀ ਦਲ ਨਾਲ ਹੀ ਕੀਤਾ ਜਾਵੇਗਾ।ਭਰਤੀ ਕਮੇਟੀ ਦੇ ਬਹੁਗਿਣਤੀ ਮੈਂਬਰ ਇਹੀ ਚਾਹੁੰਦੇ ਹਨ ਕਿ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਹੋਵੇ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ। ਸਚਾਈ ਇਹ ਵੀ ਹੈ ਕਿ ਭਰਤੀ ਕਮੇਟੀ ਨੂੰ ਲੋਕਾਂ ਵਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ।ਪਰ ਭਾਜਪਾ ਨਾਲ ਸਮਝੋਤਾ ਕਰਨਾ ਨਵੇਂ ਅਕਾਲੀ ਦਲ ਲਈ ਸੌਖਾ ਨਹੀਂ ਹੋਵੇਗਾ।ਇਸ ਤੋਂ ਪਹਿਲਾਂ ਮੋਦੀ ਸਰਕਾਰ ਨੂੰ ਬੰਦੀ ਸਿੱਖ ਛਡਣੇ ਪੈਣਗੇ, ਕਿਸਾਨੀ ਤੇ ਪੰਜਾਬ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ।ਹਾਲੇ ਤਕ ਭਾਜਪਾ ਜਨਤਕ ਤੌਰ ਉਪਰ ਇਹੀ ਬਿਆਨ ਦੇ ਰਹੀ ਹੈ ਕਿ ਭਾਜਪਾ ਪੰਜਾਬ ਵਿਚ ਕਿਸੇ ਨਾਲ ਸਮਝੌਤਾ ਨਹੀਂ ਕਰੇਗੀ।
ਪਰ ਅੰਦਰੂਨੀ ਜਾਣਕਾਰੀ ਅਨੁਸਾਰ ਭਾਜਪਾ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 2025 ਦੇ ਵਿਚ-ਵਿਚ ਹੀ ਕਰਵਾ ਲਈਆਂ ਜਾਣ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਸਿੱਖਾਂ ਵਿਚ ਮੁੱਖ ਤੌਰ 'ਤੇ ਉਹ ਅਕਾਲੀ ਦਲ ਹੀ ਪ੍ਰਭਾਵਿਤ ਹੁੰਦਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਜਿੱਤ ਹਾਸਲ ਕਰ ਲਵੇ। ਅਜਿਹਾ ਪਹਿਲਾਂ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਤੇ ਜਥੇ. ਗੁਰਚਰਨ ਸਿੰਘ ਟੌਹੜਾ ਧੜਿਆਂ ਦੀ ਲੜਾਈ ਵੇਲੇ ਵੀ ਹੋਇਆ ਹੈ। ਸੋ, ਭਾਜਪਾ ਚਾਹੇਗੀ ਕਿ ਉਸ ਧਿਰ ਨਾਲ ਹੀ ਸਮਝੌਤਾ ਕਰੇ ਜਿਹੜੀ ਧਿਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖ ਵਿਸ਼ਵਾਸ ਜਿੱਤ ਸਕੇ।
ਸਾਡੀ ਜਾਣਕਾਰੀ ਅਨੁਸਾਰ 5 ਮੈਂਬਰੀ ਕਮੇਟੀ ਇਸ ਵੇਲੇ ਸਾਰੀਆਂ ਬਾਦਲ ਵਿਰੋਧੀ ਧਿਰਾਂ ਨੂੰ ਇੱਕਠਾ ਕਰਕੇ ਬਾਦਲ ਦਲ ਦੇ ਇਕ ਉਮੀਦਵਾਰ ਦੇ ਮੁਕਾਬਲੇ ਇਕ ਉਮੀਦਵਾਰ ਉਤਾਰਨ ਅਤੇ ਲੜਾਈ ਨੂੰ 'ਬਾਦਲ ਪਰਿਵਾਰ ਬਨਾਮ ਸਮੁੱਚਾ ਪੰਥ' ਬਣਾਉਣ ਦੀ ਕੋਸ਼ਿਸ਼ ਵਿਚ ਹੈ। ਪਰ ਇਸ ਮਾਮਲੇ ਵਿਚ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਅੰਮ੍ਰਿਤਸਰ ਦੀ ਹਮਾਇਤ ਮਿਲਣੀ ਕਾਫ਼ੀ ਔਖੀ ਜਾਪਦੀ ਹੈ।
ਜਦੋਂ ਕਿ ਅਕਾਲੀ ਦਲ ਬਾਦਲ ਵੀ ਸੁਚੇਤ ਹੈ ਤੇ ਇਸ ਵਾਰ ਉਹ ਵੀ ਇਕੱਲਾ ਚੋਣ ਮੈਦਾਨ ਵਿਚ ਉਤਰਨ ਦੀ ਬਜਾਏ 2 ਜਾਂ 3 ਪੰਥਕ ਕਹੇ ਜਾਂਦੇ ਧੜਿਆਂ ਨਾਲ ਮਿਲ ਕੇ ਚੋਣ ਮੈਦਾਨ ਵਿਚ ਉਤਰਨ ਬਾਰੇ ਸੋਚ ਰਿਹਾ ਹੈ ਤਾਂ ਕਿ ਬਾਦਲ ਪਰਿਵਾਰ ਬਨਾਮ ਪੰਥ ਨਹੀਂ ਸਗੋਂ 'ਪੰਥ ਬਨਾਮ ਬਾਗ਼ੀ' ਦਾ ਬਿਰਤਾਂਤ ਸਿਰਜਿਆ ਜਾ ਸਕੇ। ਉਂਜ ਭਾਵੇਂ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਤਿਆਰੀ ਕਰ ਰਹੀ ਜਾਪਦੀ ਹੈ ਪਰ ਇਹ ਦੇਸ਼ ਦੇ ਹਾਲਾਤ 'ਤੇ ਵੀ ਨਿਰਭਰ ਕਰੇਗਾ ਅਤੇ ਇਸ ਬਾਰੇ ਪੰਜਾਬ ਦੀ 'ਆਪ' ਸਰਕਾਰ ਕੀ ਰਵੱਈਆ ਅਪਣਾਉਂਦੀ ਹੈ ਇਹ ਵੀ ਦੇਖਣਯੋਗ ਹੋਵੇਗਾ।



Comments (0)