ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ’ਤੇ ਜਲਾਵਤਨੀ ਸਿੰਘਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 15 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): - ਵਿਸਾਖੀ 1978 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਕਲੀ ਨਿਰੰਕਾਰੀਆਂ ਦੇ ਗੁਰੂ ਡੰਮ੍ਹ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਅਖੰਡ ਕੀਰਤਨੀ ਜੱਥੇ ਦੇ ਮੋਢੀ ਸਿੰਘ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਜੀ ਪਿਛਲੇ ਦਿਨੀਂ ਗੁਰੂ ਹੁਕਮਾਂ ਅਨੁਸਾਰ ਅਕਾਲ ਚਲਾਣਾ ਕਰ ਗਏ ਹਨ । ਬੀਬੀ ਜੀ ਦੇ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ’ਤੇ ਖਾਲਿਸਤਾਨ ਜਲਾਵਤਨ ਸਰਕਾਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਬੀਬੀ ਅਮਰਜੀਤ ਕੌਰ ਜੀ ਨੇ ਭਾਈ ਫੌਜਾ ਸਿੰਘ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥਕ ਸੇਵਾਵਾਂ ਵਿੱਚ ਸਾਥ ਦਿੱਤਾ । ਇਸੇ ਤਰ੍ਹਾਂ ਬਾਪੂ ਸੂਰਤ ਸਿੰਘ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਠ ਸਾਲ ਤਕ ਭੁੱਖ ਹੜਤਾਲ ਰੱਖ ਕੇ ਸਰਕਾਰ ਨੂੰ ਹਲੂਣਾ ਦਿੱਤਾ ਸੀ ਪਰ ਸਰਕਾਰ ਆਪਣਾ ਅਡਿਅਲ ਰਵੀਈਏ ਤੋਂ ਟਸ ਮਸ ਨਹੀਂ ਹੋਈ ਤੇ ਬਾਪੂ ਜੀ ਦੀ ਤਬੀਯਤ ਨਾਸਾਜ਼ ਹੁੰਦੀ ਗਈ । ਪੰਥ ਵੱਲੋਂ ਇੰਨ੍ਹਾ ਦੀਆਂ ਮਹਾਨ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਜਥੇਦਾਰ ਗੁਰਮੇਜ ਸਿੰਘ ਗਿੱਲ ਯੂਕੇ, ਜਥੇਦਾਰ ਬਲਬੀਰ ਸਿੰਘ ਯੂਕੇ, ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਬੱਬਰ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਬੀਬੀ ਅਮਰਜੀਤ ਕੌਰ ਜੀ ਨੇ ਆਪਣਾ ਸਾਰਾ ਜੀਵਨ ਸਿੱਖੀ ਸਿਦਕ ਵਿੱਚ ਰਹਿੰਦਿਆਂ ਦ੍ਰਿੜਤਾ ਨਾਲ ਪੰਥ ਦੀ ਸੇਵਾ ਕਰਦਿਆਂ ਬਿਤਾਇਆ ।
ਯਾਦ ਰਹੇ ਵਿਸਾਖੀ 1978 ਨੂੰ ਗੁਰੂ ਦੋਖੀ ਨਕਲੀ ਨਿਰੰਕਾਰੀਆਂ ਵੱਲੋਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਪ੍ਰਤੀ ਪ੍ਰਚਾਰੇ ਜੇ ਰਹੇ ਕੂੜ ਨੂੰ ਰੋਕਣ ਲਈ ਗਏ ਸਿੰਘਾਂ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ ਤੇ ਉਹਨਾਂ ਸਮੇਤ 13 ਸਿੰਘ ਸ਼ਹੀਦ ਹੋ ਗਏ ਸਨ ਅਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਇਸੇ ਸ਼ਹੀਦੀ ਸਾਕੇ ਦੇ ਰੋਹ ਵਿੱਚੋਂ ਹੀ ਮੌਜੂਦਾ ਸਿੱਖ ਸੰਘਰਸ਼ ਆਰੰਭ ਹੋਇਆ ਸੀ। ਭਾਈ ਫੌਜਾ ਸਿੰਘ ਜੀ ਇਸ ਸਾਕੇ ਤੋਂ ਪਹਿਲਾਂ ਜਦੋਂ ਪੰਥ ਸੇਵਾ ਕਰਦੇ ਸਨ, ਤਾਂ ਬੀਬੀ ਜੀ ਉਹਨਾਂ ਦੇ ਨਾਲ ਹਮੇਸ਼ਾਂ ਡਟ ਕੇ ਖੜ੍ਹੇ ਹੁੰਦੇ ਤੇ ਪੰਥ ਸੇਵਾਵਾਂ ਵਿੱਚ ਖੁਦ ਵੀ ਭਾਗ ਲੈਂਦੇ ਤੇ ਸਿੰਘਾਂ ਦੀ ਸੇਵਾ ਕਰਿਆ ਕਰਦੇ ਸਨ। ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੀ ਬੀਬੀ ਜੀ ਪੰਥਕ ਕਾਰਜਾਂ ਵਿੱਚ ਭਾਗ ਲੈਂਦੇ ਰਹੇ । ਇਸ ਦੀ ਮਿਸਾਲ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੇ ਬੱਚਿਆਂ ਦੀ ਦੇਖਭਾਲ ਲਈ ਸਭ ਤੋਂ ਪਹਿਲਾਂ ਬੀਬੀ ਅਮਰਜੀਤ ਕੌਰ ਜੀ ਨੇ ਭਾਈ ਫੌਜਾ ਸਿੰਘ ਟਰੱਸਟ ਬਣਾਇਆ ਤੇ ਦੇਖਭਾਲ ਕਰਦੇ ਰਹੇ। ਬੀਬੀ ਜੀ ਸਾਰੀ ਉਮਰ ਚੜ੍ਹਦੀ ਕਲਾ ਵਿੱਚ ਪੰਥ ਦੀ ਸੇਵਾ ਕੀਤੀ ਅਤੇ ਹੋਰ ਸਿੱਖ ਸੰਗਤਾਂ ਅਤੇ ਬੀਬੀਆਂ ਲਈ ਪ੍ਰੇਰਨਾ ਸ੍ਰੋਤ ਸਨ। ਉਕਤ ਆਗੂਆਂ ਨੇ ਕਿਹਾ ਕਿ ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਆਪ ਜੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੰਥ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਸੂਝ ਬੂਝ ਬਖਸ਼ਿਸ਼ ਕਰਨ।











Comments (0)