ਡਰਬੀ ਅਤੇ ਕਾਵੈੰਟਰੀ ਵਿੱਚ ਭਾਈ ਡੱਲੇਵਾਲ ਦੀ ਕਿਤਾਬ "ਸੰਘਰਸ਼ ਦਾ ਦੌਰ " ਰਿਲੀਜ਼ ਕੀਤੀ ਗਈ 

ਡਰਬੀ ਅਤੇ ਕਾਵੈੰਟਰੀ ਵਿੱਚ ਭਾਈ ਡੱਲੇਵਾਲ ਦੀ ਕਿਤਾਬ

"ਕਿਤਾਬ ਜੁਝਾਰੂ ਐਕਸ਼ਨਾਂ ,ਸ਼ਹੀਦਾਂ ,ਕਾਤਲ ਪੁਲਸੀਆਂ ਅਤੇ ਕੈਟਾਂ ਬਾਰੇ ਅਹਿਮ ਜਾਣਕਾਰੀ ਭਰਪੂਰ ਹੈ "

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ- ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਬਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਤਰਾਂ ਤਰਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ ।  ਭਾਰਤ ਸਰਕਾਰ ਦੇ ਕਰਿੰਦੇ ਸਿੱਖ ਸ਼ਹੀਦਾਂ ,ਸਿੱਖ ਜੁਝਾਰੂਆਂ ਅਤੇ ਸੰਘਰਸ਼ ਦੌਰਾਨ ਕੀਤੇ ਗਏ ਮਾਣਮੱਤੇ ਐਕਸ਼ਨਾਂ ਨੂੰ ਆਪਣੀ ਅਲੋਚਨਾ ਦਾ ਸ਼ਿਕਾਰ ਬਣਾ ਰਹੇ ਹਨ ਤਾਂ ਕਿ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਝੂਠੀਆਂ ਕਹਾਣੀਆਂ ਬਣਾ ਬਣਾ ਕੇ ਆਪਣੇ ਕਮਰਿਆਂ ਵਿੱਚ ਬੈਠ ਕੇ ਸਿੱਖ ਸੰਘਰਸ਼, ਸਿੱਖ ਸ਼ਹੀਦਾਂ ਅਤੇ ਸ਼ਹੀਦਾਂ ਦੀ ਸੋਚ ਦੇ ਵਾਰਸ ਬਣਕੇ ਡੱਟ ਕੇ ਪਹਿਰਾ ਦੇ ਰਹੇ ਸਿੰਘਾਂ ਖਿਲਾਫ ਸੌ ਫੀਸਦੀ ਝੂਠ ਬੋਲ ਬੋਲ ਸਿੱਖ ਦੁਸ਼ਮਣ ਲਾਬੀ ਨੂੰ ਖੁਸ਼ ਕਰ ਰਹੇ ਹਨ ।  ਸਰਕਾਰ ਪੱਖੀ ਇਸ ਵਰਤਾਰੇ ਦਾ ਟਾਕਰਾ ਕਰਦਿਆਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਲਿਖੀ ਗਈ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਪ੍ਰਧਾਨ ਬੀਬੀ ਰਸ਼ਪਿੰਦਰ ਕੌਰ ਗਿੱਲ ਵਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਸਿੱਖ ਕੌਮ ਨੂੰ ਅਰਪਿਤ ਕੀਤੀ ਗਈ ਹੈ । ਯੂ,ਕੇ ਵਿੱਚ ਇਹ ਕਿਤਾਬ ਐਤਵਾਰ ਵਾਲੇ ਦਿਨ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕਾਵੈੰਟਰੀ  ਅਤੇ ਗੁਰਦਵਾਰਾ ਸਿੰਘ ਸਭਾ ਡਰਬੀ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਰਿਲੀਜ਼ ਕੀਤੀ  ਗਈ । 

ਗੁਰੂ ਨਾਨਕ ਪ੍ਕਾਸ਼ ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ, ਪ੍ਰਬੰਧਕ ਕਮੇਟੀ ਦੇ  ਮੀਤ ਪ੍ਰਧਾਨ  ਭਾਈ ਜਗਰੂਪ ਸਿੰਘ, ਸਟੇਜ ਸਕੱਤਰ ਭਾਈ ਗੁਰਜੀਤ ਸਿੰਘ, ਸਾਬਕਾ ਪ੍ਰਧਾਨ ਭਾਈ ਪਵਿੱਤਰ ਸਿੰਘ ਖੈਰਾ, ਕਵੀਸ਼ਰ ਭਾਈ ਹਰਵਿੰਦਰ ਸਿੰਘ  ਵਲੋਂ ਇਸ ਰਿਲੀਜ਼ ਕੀਤਾ ਗਿਆ।  ਜਦਕਿ ਡਰਬੀ ਵਿੱਚ  ਗੁਰਦਵਾਰਾ ਸਿੰਘ ਸਭਾ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਦੌਰਾਨ ਭਾਈ ਜੋਗਾ ਸਿੰਘ ਕੋਆਰਡੀਨੇਟਰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ,ਭਾਈ ਮਨਪ੍ਰੀਤ ਸਿੰਘ ਵਲਰਡ ਸਿੱਖ ਪਾਰਲੀਮੈਂਟ , ਭਾਈ ਹਰਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ , ਸਿੱਖ ਫਾਰ ਜਸਟਿਸ  ਦੇ ਭਾਈ ਜੀਤਾ ਸਿੰਘ ਸਮੇਤ ਸਿੱਖ ਆਗੂਆਂ  ਵਲੋਂ ਰਿਲੀਜ਼ ਕੀਤਾ ਗਿਆ।  ਇਸ ਕਿਤਾਬ ਵਿੱਚ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਸੰਘਰਸ਼ ਦੌਰਾਨ ਵਾਪਰੀਆਂ ਅਨੇਕਾਂ ਹੱਡ ਬੀਤੀਆਂ ਘਟਨਾਵਾਂ ਦਾ ਵਰਨਣ ਕਰਦਿਆਂ ਅਨੇਕਾਂ ਯਾਦਾਂ ਦੀ ਸਾਂਝ ਪਾਈ ਹੈ। ਸੰਘਰਸ਼ ਦੌਰਾਨ ਸਿੱਖ ਪਰਿਵਾਰਾਂ ਵਿੱਚ ਜੁਝਾਰੂਆਂ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਦਾ ਵਰਨਣ ਹੈ ਉੱਥੇ ਮਾਤਾਵਾਂ ਅਤੇ ਬਜੁਰਗਾਂ ਵਲੋਂ ਜੁਝਾਰੂਆਂ ਦੀ ਚੜਦੀ ਕਲਾ ਵਾਸਤੇ ਪਾਏ ਗਏ ਅਦਿੱਖ ਯੋਗਦਾਨ ਦੀ ਸਾਂਝ ਹੈ । ਜਿਕਰਯੋਗ ਹੈ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ  ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਅਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਭਾਰਤ ਸਰਕਾਰ ਨੂੰ ਮੋਸਟ ਵਾਂਟਿਡ ਐਲਾਨਿਆ ਹੋਇਆ ਹੈ ਜਿਸ ਖਿਲਾਫ  ਪੁਲਿਸ ਨੇ ਪੰਜਾਬ ਵਿੱਚ ਕਈ ਮੁਕੱਦਮੇ ਦਰਜ ਕੀਤੇ ਹੋਏ ਹਨ। ਲੇਖਕ ਦੇ  ਹੱਡੀਂ ਹੰਢਾਏ ਅੱਖੀਂ ਵੇਖੇ ਸੰਘਰਸ਼ ਨੂੰ ਦਰਸਾਉਂਦੀ ਇਸ ਕਿਤਾਬ ਨੂੰ ਪਿਛਲੇ ਦਿਨੀਂ ਪੰਜਾਬ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸਾਲਾਨਾ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ,ਸ੍ਰੀ ਅੰਮ੍ਰਿਤਸਰ ਵਿਖੇ ਰਿਲੀਜ਼ ਕੀਤਾ ਗਿਆ ਸੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਦਸਤਾਰਬੰਦੀ ਦਿਵਸ ਨੂੰ ਸਮਰਪਿਤ ਕਰਦਿਆਂ 25 ਅਗਸਤ 2024 ਨੂੰ  ਜਲੰਧਰ ਵਿੱਚ ਪਾਵਨ ਅਸਥਾਨ ਛੇਵੀਂ ਪਾਤਸ਼ਾਹੀ ਗੁਰੂਦੁਆਰਾ ਸਾਹਿਬ ਵਿਖੇ  ਲੋਕ ਅਰਪਿਤ ਕੀਤਾ ਗਿਆ ਸੀ ।