ਬਹਿਬਲ ਕਲਾਂ ਸਾਕੇ ਵਿੱਚ ਜਾਂਚ ਪੂਰੀ ਹੋਣ ਬਾਅਦ ਵੀ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਚਲਾਨ ਪੇਸ਼ ਨਹੀਂ ਕੀਤਾ
ਫ਼ਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾਉਣ ਦੇ ਦੋਸ਼ੀ ਪੰਜਾਬ ਪੁਲਿਸ ਦੇ ਮੁਅੱਤਲ ਅਫਸਰ ਆਈਜੀ ਪਰਮਰਾਜ ਉਮਰਾਨੰਗਲ ਸਮੇਤ ਚਾਰ ਨਾਮਜ਼ਦ ਪੁਲਸ ਅਫਸਰਾਂ ਖਿਲਾਫ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਵੀ ਇਹਨਾਂ ਅਫਸਰਾਂ ਖਿਲਾਫ ਅਦਾਲਤ ਵਿੱਚ ਦੋਸ਼ ਪੱਤਰ ਦਰਜ ਨਹੀਂ ਕਰਵਾਏ ਗਏ ਹਨ।
ਬਹਿਬਲ ਕਲਾਂ ਸਾਕੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸਿਰਫ਼ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਖਿਲਾਫ਼ ਹੀ ਦੋਸ਼ ਪੱਤਰ ਦਾਇਰ ਕੀਤਾ ਹੈ। ਅੱਜ ਚਰਨਜੀਤ ਸ਼ਰਮਾ ਖਿਲਾਫ਼ ਅਦਾਲਤ ਵਿੱਚ ਜਦ ਸੁਣਵਾਈ ਹੋਈ ਤਾਂ ਬਚਾਅ ਧਿਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਬਹਿਬਲ ਗੋਲੀ ਕਾਂਡ ਵਿੱਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੂੰ ਵੀ ਗੋਲੀ ਕਾਂਡ ਦੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਪਰ ਇਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਨਹੀਂ ਹੋਏ।
ਐੱਸਆਈਟੀ ਵੱਲੋਂ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਨੇ ਵੀ ਅਦਾਲਤ ਵਿੱਚ ਮੰਨਿਆ ਕਿ ਬਾਕੀ ਪੁਲੀਸ ਅਫਸਰਾਂ ਖਿਲਾਫ਼ ਚਲਾਨ ਅਜੇ ਤੱਕ ਅਦਾਲਤ ’ਚ ਨਹੀਂ ਆਇਆ। ਅੱਜ ਅਦਾਲਤ ਵਿੱਚ ਪੰਜਾਬ ਸਰਕਾਰ ਇਹ ਗੱਲ ਵੀ ਸਪੱਸ਼ਟ ਨਹੀਂ ਕਰ ਸਕੀ ਕਿ ਬਾਕੀ ਦੇ ਚਾਰ ਪੁਲੀਸ ਅਫਸਰਾਂ ਖ਼ਿਲਾਫ਼ ਚਲਾਨ ਪੇਸ਼ ਕਿਉਂ ਨਹੀਂ ਕੀਤਾ ਗਿਆ।
ਚਰਨਜੀਤ ਸ਼ਰਮਾ ਨੇ ਅਦਾਲਤ ਤੋਂ ਮੰਗ ਕੀਤੀ ਕਿ ਉਸ ਖ਼ਿਲਾਫ਼ ਬਹਿਬਲ ਗੋਲੀ ਕਾਂਡ ਵਿੱਚ ਅਜੇ ਦੋਸ਼ ਆਇਦ ਨਾ ਕੀਤੇ ਜਾਣ ਕਿਉਂਕਿ ਬਾਕੀ ਮੁਲਜ਼ਮਾਂ ਖਿਲਾਫ਼ ਅਜੇ ਚਲਾਨ ਦਾਇਰ ਹੋਣਾ ਬਾਕੀ ਹੈ। ਸੈਸ਼ਨ ਜੱਜ ਹਰਪਾਲ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ 7 ਦਸੰਬਰ ਤੱਕ ਟਾਲ ਦਿੱਤੀ ਹੈ। ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ ਵੀ ਅਦਾਲਤ ਵਿੱਚ ਮੌਜੂਦ ਸੀ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।











Comments (0)