ਸਿੱਖ ਕੌਮ ਦੇ ਮੌਜੂਦਾ ਧਰਮ-ਯੁੱਧ ਦੇ ਪਾਂਧੀ ਅਤੇ ਟਕਸਾਲੀ ਅਕਾਲੀ ਬਾਬਾ ਸੂਰਤ ਸਿੰਘ ਖ਼ਾਲਸਾ

ਸਿੱਖ ਕੌਮ ਦੇ ਮੌਜੂਦਾ ਧਰਮ-ਯੁੱਧ ਦੇ ਪਾਂਧੀ ਅਤੇ ਟਕਸਾਲੀ ਅਕਾਲੀ ਬਾਬਾ ਸੂਰਤ ਸਿੰਘ ਖ਼ਾਲਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫ਼ਰੀਮਾਂਟ : ਕੈਲੀਫੋਰਨੀਆ : ਬੀਤੇ ਦਿਨੀਂ 14 ਜਨਵਰੀ 2025 ਨੂੰ ਸਿੱਖ ਕੌਮ ਦੇ ਮੌਜੂਦਾ ਧਰਮ-ਯੁੱਧ ਦੇ ਪਾਂਧੀ ਬਾਪੂ ਸੂਰਤ ਸਿੰਘ ਖ਼ਾਲਸਾ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਸੀ।

ਉਹਨਾਂ ਦਾ  ਅੰਤਿਮ ਸੰਸਕਾਰ 26 ਜਨਵਰੀ ਨੂੰ ਚੈਪਲ ਆਫ਼ ਦ ਚਾਈਮਜ਼, ਹੇਵਰਡ, ਸੀਏ  ਤੇ ਅੰਤਿਮ ਅਰਦਾਸ ਫਰੀਮਾਂਟ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ।ਬਾਬਾ ਸੂਰਤ ਸਿੰਘ ਜੀ ਖਾਲਸਾ ਦੇ ਅੰਤਿਮ ਸੰਸਕਾਰ ਸਮੇਂ  ਸਮੂਹ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਵਲੋਂ ਭਾਵਪੂਰਤ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ |

ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਟਕਸਾਲੀ ਅਕਾਲੀ ਬਾਬਾ ਸੂਰਤ ਸਿੰਘ ਖ਼ਾਲਸਾ ਸਾਡੇ ਸਾਰਿਆਂ ਲਈ ਸਤਿਕਾਰ ਯੋਗ ਆਗੂ ਹੀ ਨਹੀ ਬਲਕਿ ਸੰਘਰਸ਼ ਦੇ ਨਵੇਂ ਪੂਰਨੇ ਪਾਉਣ ਵਾਲੇ ਜੁਝਾਰੂ ਵੀ ਸਨ। ਉਹਨਾਂ ਨੇ ਇੱਕਲਿਆਂ ਹੀ ਦਿੱਲੀ ਤਖ਼ਤ ਨਾਲ ਮੱਥਾ ਡਾਹ ਕੇ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਾਉਣ ਦੀ ਕੋਸ਼ਿਸ਼ ਕੀਤੀ। 

ਬਾਬਾ ਸੂਰਤ ਸਿੰਘ ਖ਼ਾਲਸਾ ਦਾ ਨਿੱਤਨੇਮੀ ਜੀਵਨ ਅਤੇ ਉਹਨਾਂ ਦਾ ਸਿਦਕੀ ਸੁਭਾਅ ਸਾਨੂੰ ਆਧੁਨਿਕ ਜੀਵਨ ਦੀ ਤੇਜ਼ ਰਫ਼ਤਾਰੀ ਵਿੱਚ ਵੀ ਸਿੱਖ ਇਤਿਹਾਸ ਅਤੇ ਵਿਰਸੇ ਦੇ ਨੇੜੇ ਰੱਖਦਾ ਹੈ। 

ਉਹਨਾਂ ਦਾ ਸਰੀਰਕ ਰੂਪ 'ਚ ਵਿਛੋੜਾ ਨਿਰਸੰਦੇਹ ਸਾਡੇ ਲਈ ਉਦਾਸ ਕਰ ਦੇਣ ਵਾਲਾ ਹੈ ਪਰ ਉਹਨਾਂ ਦੇ ਚੜ੍ਹਦੀਕਲਾ ਵਿੱਚ ਰਹਿਣ ਦੇ ਸਿਦਕੀ ਰੌਂਅ ਨੇ ਸਾਡੇ ਅਗਲੇ ਜੀਵਨ ਵਿੱਚ ਮਾਰਗ ਦਰਸ਼ਕ ਵੀ ਬਣਨਾ ਹੈ। ਅਕਾਲ ਪੁਰਖ਼ ਬਾਪੂ ਜੀ ਵੱਲੋਂ ਕੀਤੀਆਂ ਆਜ਼ਾਦੀ ਦੀਆਂ ਅਰਦਾਸਾਂ ਨੂੰ ਪੂਰਿਆਂ ਕਰੇ ਤੇ ਕੌਮ ਨੂੰ ਸਦਾ ਚੜ੍ਹਦੀ ਕਲਾ ਰਹਿਣ ਦਾ ਬਲ ਬਖਸ਼ੇ।

ਅਦਾਰਾ ਅੰਮ੍ਰਿਤਸਰ ਟਾਈਮਜ਼ ਦਾ ਸਮੂਹ ਪਰਿਵਾਰ ਬਾਪੂ ਸੂਰਤ ਸਿੰਘ ਖ਼ਾਲਸਾ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹੋਇਆ ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।