ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਦਾਰਸ਼ਨਿਕ ਆਧਾਰ

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਦਾਰਸ਼ਨਿਕ ਆਧਾਰ

 ਗੁਰੂ ਤੇਗ਼ ਬਹਾਦਰ ਜੀ  ਨੇ 11 ਨਵੰਬਰ 1675 ਵਿਚ ਧਰਮ ਦੀ ਰੱਖਿਆ ਹੇਠ ਸ਼ਹਾਦਤ ਦਿੱਤੀ।

ਇਹ ਕੋਈ ਸਾਧਾਰਨ ਘਟਨਾ ਨਹੀਂ ਸੀ। ਸੰਸਾਰ ਦੇ ਇਤਿਹਾਸ ਵਿਚ ਅਜਿਹੀ ਅਦੁੱਤੀ ਸ਼ਹਾਦਤ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਇਸੇ ਲਈ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ। ਦਸਮ ਗ੍ਰੰਥ ’ਚ ‘ਬਚਿੱਤਰ ਨਾਟਕ’ ’ਚ ਆਤਮ ਕਥਾ ਭਾਗ ਦੇ ‘ਪਾਤਸਾਹੀ ਬਰਨਨੰ’ ਨਾਮੀ ਪੰਚਮ ਅਧਿਆਇ ਦੀਆਂ ਅੰਤਿਮ 13 ਪੰਕਤੀਆਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਵਰਣਨ ਕੀਤਾ ਗਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ।

ਕੀਨੋ ਬਡੋ ਕਲੂ ਮਹਿ ਸਾਕਾ।

ਸਾਧਨ ਹੇਤਿ ਇਤੀ ਜਿਨਿ ਕਰੀ।

ਸੀਸ ਦੀਯਾ ਪਰ ਸੀ ਨ ਉਚਰੀ॥੧੩॥

ਧਰਮ ਹੇਠ ਸਾਕਾ ਜਿਨਿ ਕੀਆ।

ਸੀਸੁ ਦੀਆ ਪਰ ਸਿਰੁਰ ਨਾ ਦੀਯਾ।

ਨਾਟਕ ਚੇਟਕ ਕੀਏ ਕੁਜਾਜਾ।

ਪ੍ਰਭ ਲੋਗਨ ਕਹ ਆਵਤ ਲਾਜਾ॥੧੪॥

ਇਸ ਸ਼ਹਾਦਤ ਦਾ  ਕਾਰਨ ਗੁਰੂ ਤੇਗ਼ ਬਹਾਦਰ ਵੱਲੋਂ ਕਸ਼ਮੀਰੀ ਪੰਡਿਤਾਂ ਦੀ ਧਾਰਮਿਕ ਸੁਤੰਤਰਤਾ ਦੀ ਰੱਖਿਆ ਵਾਸਤੇ ਪ੍ਰਾਣ ਦੇਣ ਹਿੱਤ ਦਿੱਤਾ ਵਿਸ਼ਵਾਸ ਸੀ। ਇਸੇ ਲਈ ਸ਼ਹਾਦਤ ਨਾਲ ਤਿਲਕ ਜਨੇਊ ਪਹਿਨਣ ਦੀ ਆਜ਼ਾਦੀ ਦਾ ਵਰਣਨ ਹੈ। ਇਹ ਗਾਥਾ ਸੀਮਤ ਸਮੇਂ ਵਿਚ ਨਹੀਂ ਸਗੋਂ ਕਲਿ ਰੂਪ ’ਚ ਇਕ ਪੂਰੇ ਜੁਗ ਵਿਚ ਸ਼ਹਾਦਤ ਦੀ ਉੱਤਮ ਗਾਥਾ ਹੈ। ਹਰ ਵਿਅਕਤੀ ਦੇ ਧਾਰਮਿਕ ਵਿਸ਼ਵਾਸਾਂ ਅਤੇ ਅਕੀਦਿਆਂ ਦੀ ਆਜ਼ਾਦੀ ਦਾ ਵਿਧਾਨ ਸਿਰਜਿਆ ਗਿਆ ਹੈ। ਮਾਨਵੀ ਇਤਿਹਾਸ ਵਿਚ ਉਸ ਵਿਧਾਨ ਦੀ ਰੱਖਿਆ ਨੌਵੇਂ ਗੁਰੂ ਨੇ ਕੀਤੀ ਹੈ। ਇਸ ਸ਼ਹਾਦਤ ਵਿਚ ਕਿਸੇ ਵਿਸ਼ੇਸ਼ ਫ਼ਿਰਕੇ ਦੇ ਧਾਰਮਿਕ ਚਿੰਨ੍ਹਾਂ ਦੀ ਰੱਖਿਆ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਸੁਤੰਤਰ ਧਾਰਮਿਕ ਵਿਸ਼ਵਾਸਾਂ ਦੀ ਪ੍ਰਤੀਪਾਲਣਾ ਅਤੇ ਰੱਖਿਆ ਹੈ। ਇਸ ਲਾਸਾਨੀ ਸ਼ਹਾਦਤ ਦੇ ਘਟਨਾਕ੍ਰਮ ਦਾ ਵਰਣਨ ‘ਬਚਿੱਤਰ ਨਾਟਕ’ ’ਚ ਅੱਗੇ ਇੰਝ ਹੈ:

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ।

ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥੧੫॥

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ।

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ।।੧੬॥

‘ਬਚਿੱਤਰ ਨਾਟਕ’ ਅਨੁਸਾਰ ਗੁਰੂ ਤੇਗ਼ ਬਹਾਦਰ ਜੀ ਨੇ ਧਾਰਮਿਕ ਸੁਤੰਤਰਤਾ ਲਈ ਸਿਰ ਤਾਂ ਦਿੱਤਾ ਪਰ ਸਿਦਕ ਨਹੀਂ ਛੱਡਿਆ। ਉਨ੍ਹਾਂ ਦਾ ਸਿਰਰੁ ਪੱਕਾ ਸੀ। ‘ਸਿਰਰੁ’ ਅਤੇ ‘ਸਿਰੜ’ ’ਚ ਵੀ ਚਿਹਨਕੀ ਅੰਤਰ ਹੈ। ਸਿਰਰੁ (ਕਲਬ, ਰੂਹ, ਸਿਰਰੁ ਅਤੇ ਖ਼ਫ਼ੀ) ਸੂਫ਼ੀਆਂ ਦੀ ਉਹ ਅਧਿਆਤਮਕ ਅਵਸਥਾ ਹੈ ਜਿੱਥੇ ਪਾਰਗਾਮੀ ਰੂਪ ’ਚ ਸਭ ਨਿਹੋਂਦ ਹੈ। ਸਿਰੜ ਇਕ ਤਰ੍ਹਾਂ ਦੀ ਭੌਤਿਕ ਅਵਸਥਾ ਹੈ।

ਗੁਰੂ ਤੇਗ਼ ਬਹਾਦਰ ਜੀ ਨੇ ਮਾਨਵਤਾ ਦੇ ਜਨਮ ਸਿੱਧ ਧਾਰਮਿਕ ਅਧਿਕਾਰ ਦੀ ਸੁਰੱਖਿਆ ਹਿੱਤ ਸਰੀਰ ਦਾ ਭਾਂਡਾ (ਠੀਕਰ) ਦਿਲੀਸ (ਦਿੱਲੀ ਦੇ ਸਾਸ਼ਕ) ਭਾਵ ਔਰੰਗਜ਼ੇਬ ਦੇ ਸਿਰ ਭੰਨਿਆ। ਕਾਰਨ ਇਹ ਸੀ ਕਿ ਗੁਰੂ ਤੇਗ਼ ਬਹਾਦਰ ਜੀ ਵਿਭਿੰਨ ਧਾਰਮਿਕ ਮਾਨਤਾਵਾਂ ਅਤੇ ਭਾਵਨਾਵਾਂ ਨੂੰ ਇਕਸਮਾਨ ਮੰਨਦੇ ਸਨ ਜਦੋਂਕਿ ਤਤਕਾਲੀ ਸੱਤਾ ਸਾਰੇ ਧਾਰਮਿਕ ਵਿਚਾਰਾਂ ਨੂੰ ਇਕਸਾਰ ਕਰਨਾ ਚਾਹੁੰਦੀ ਸੀ। ਗੁਰੂ ਜੀ ਨੇ ਦਿੱਲੀ ਦੀ ਸੱਤਾ ਦੀ ਸੌੜੀ ਦ੍ਰਿਸ਼ਟੀ ਵਿਰੁੱਧ ਦੂਜੇ ਧਰਮ ਦੇ ਅਨੁਯਾਈਆਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਬਚਾਉਣ ਹਿੱਤ ਸ਼ਹਾਦਤ ਦੇ ਦਿੱਤੀ। ਅਜਿਹੀ ਸ਼ਹੀਦੀ ਦਾ ਕਾਰਜ ਮਾਨਵੀ ਇਤਿਹਾਸ ’ਚ ਪਹਿਲੀ ਵਾਰ ਹੋਇਆ।

‘ਸ਼ਹਾਦਤ’ ਦਾ ਸਿੱਖੀ ਸੰਕਲਪ ਬਾਕੀ ਧਰਮਾਂ ਤੋਂ ਭਿੰਨ ਅਤੇ ਵਿਲੱਖਣ ਚਿਹਨਕਤਾ ਦਾ ਧਾਰਨੀ ਹੈ। ਸ਼ਹਾਦਤ ਦੇ ਸਿੱਖੀ ਸੰਕਲਪ ’ਚ ‘ਰੱਬ ਦੇ ਸੱਚ ਦੀ ਸ਼ਹਾਦਤ’ ਦੀ ਪ੍ਰਬੁੱਧਤਾ  ਹੈ। ਇਸ ਸ਼ਹਾਦਤ ’ਚ ਕਿਸੇ ਨਾਲ ਇੱਥੋਂ ਤੱਕ ਕਿ ਹਕੂਮਤ ਜਾਂ ਕਾਤਲ ਨਾਲ ਵੀ ਕੋਈ ਗਿਲਾ ਸ਼ਿਕਵਾ, ਕੋਈ ਲੜਾਈ ਨਹੀਂ। ਸਵੈ ਪੂਰੀ ਤਰ੍ਹਾਂ ਮਿਟ ਜਾਂਦਾ ਹੈ।

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਬਾਰੇ ਸਿੱਖ ਇਤਿਹਾਸਕਾਰ ਦੌਲਤ ਰਾਏ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ’ ’ਚ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ‘ਉਲਟੀ ਗੰਗਾ ਵਹਾਅ ਦਿੱਤੀ’। ਇਸ ਦਾ ਭਾਵ ਹੈ ਕਿ ਅੱਜ ਤੱਕ ਇਤਿਹਾਸ ’ਚ ਕਾਤਲ ਮਕਤੂਲ ਕੋਲ ਜਾ ਕੇ ਉਸ ਨੂੰ ਕਤਲ ਕਰਦਾ ਰਿਹਾ ਹੈ, ਪਰ ਗੁਰੂ ਸਾਹਿਬ ਆਪ ਦਿੱਲੀ ਨੂੰ ਚੱਲ ਕੇ ਸ਼ਹਾਦਤ ਦੇਣ ਗਏ (ਠੀਕਰ ਫੋਰਿ ਦਿਲੀਸ ਸਿਰਿ)। ਕਸ਼ਮੀਰ ਦਾ ਹਾਕਮ ਇਫ਼ਤਿਖ਼ਾਰ ਖ਼ਾਂ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮੋ ਸਿਤਮ ਦਾ ਕਹਿਰ ਢਾਅ ਰਿਹਾ ਸੀ ਤਾਂ ਕਿ ਕਸ਼ਮੀਰੀ ਪੰਡਿਤ ਧਰਮ ਬਦਲ ਲੈਣ। ਪੰਡਿਤ ਕਿਰਪਾ ਰਾਮ ਜੋ ਗੁਰੂ ਤੇਗ਼ ਬਹਾਦਰ ਦੀ ਕੋਲ ਬੇਨਤੀ ਲੈ ਕੇ ਆਇਆ, ਦਰਅਸਲ ਉਹ ਪੰਡਿਤ ਬ੍ਰਹਮ ਦਾਸ ਦਾ ਪੜਪੋਤਾ ਸੀ। ਇਹ ਪੰਡਿਤ ਬ੍ਰਹਮ ਦਾਸ ਹੀ ਕਸ਼ਮੀਰ ਵਿਖੇ ਮਟਨ ਦੇ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਵੀ ਦਾ ਸ਼ਿਸ਼ ਬਣਿਆ ਜਦੋਂ ਗੁਰੂ ਸਾਹਿਬ ਨੇ ਉੱਤਰ ਦਿਸ਼ਾ ਵੱਲ ਤੀਜੀ ਉਦਾਸੀ ਕੀਤੀ। ਇਸੇ ਪੰਡਿਤ ਕਿਰਪਾ ਰਾਮ ਨੇ ਬਾਅਦ ’ਚ ਗੁਰੂ ਗੋਬਿੰਦ ਸਿੰਘ ਸਮੇਂ ਚਮਕੌਰ ਦੀ ਗੜ੍ਹੀ ’ਚ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਸ਼ਹੀਦੀਆਂ ਦਾ ਇਤਿਹਾਸ ਸਿੱਖੀ ’ਚ ਪੀੜ੍ਹੀ ਦਰ ਪੀੜ੍ਹੀ ਵਿਕਸਤ ਹੁੰਦਾ ਗਿਆ। ਪੰਡਿਤ ਕਿਰਪਾ ਰਾਮ ਦੀ ਗੁਰੂ ਤੇਗ਼ ਬਹਾਦਰ ਕੋਲ ਫ਼ਰਿਆਦ ਦਰਅਸਲ ਸੰਪੂਰਨ ਮਾਨਵਤਾ ਦੀ ਬੇਤਨੀ ਸੀ। ਇਸ ਦਾ ਕਾਰਨ ਵੇਲੇ ਦੀ ਸੱਤਾ ਵੱਲੋਂ ਮਿਲ ਰਿਹਾ ਸਮਾਜਿਕ ਬਹੁਲਤਾਵਾਦ ਅਤੇ ਬਹੁਰੰਗਤਾ ਨੂੰ ਖ਼ਤਰਾ ਤਾਂ ਸੀ ਹੀ ਸਗੋਂ ਇਸ ਨਾਲ ਸਮਾਜਿਕ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀ ਵੀ ਭੰਗ ਹੋ ਰਹੀ ਸੀ। ਇਸ ਬਹੁਲਤਾਵਾਦ ਬਾਰੇ ਕਿਸੇ ਸ਼ਾਇਰ ਨੇ ਬਹੁਤ ਖ਼ੂਬ ਕਿਹਾ ਹੈ:

ਚਮਨ ਮੇਂ ਇਖ਼ਤਿਲਾਤ-ਏ-ਰੰਗ-ਓ-ਬੂ ਸੇ ਬਾਤ ਬਨਤੀ ਹੈ

ਹਮੀਂ ਹਮ ਹੈਂ ਤੋ ਕਿਆ ਹਮ ਹੈਂ ਤੁਮਹੀ ਤੁਮ ਹੋ ਤੋ ਕਯਾ ਤੁਮ ਹੋ।

ਭਾਰਤੀ ਸਮਾਜ ਦੇ ਚਮਨ ਭਾਵ ਬਾਗ਼ ਦੀ ਬਹੁਰੰਗਤਾ ਨੂੰ ਬਚਾਉਣ ਹਿੱਤ ਪੰਡਿਤ ਕਿਰਪਾ ਰਾਮ ਦਾ ਕਸ਼ਮੀਰੀ ਪੰਡਿਤਾਂ ਨੂੰ ਗੁਰੂ ਸਾਹਿਬ ਕੋਲ ਲੈ ਕੇ ਆਉਣ ਦਾ ਚਿਹਨਕੀ ਅਰਥ ਮਾਨਵ ਧਰਮ ਦੀ ਰੱਖਿਆ ਹਿੱਤ ਬੇਨਤੀ ਹੀ ਸੀ। ਸਿੱਖ ਇਤਿਹਾਸ ’ਚ ਇਹ ਸੰਯੋਗ ਹੀ ਹੈ ਕਿ ਜਨੇਊ ਵਿਰੁੱਧ ਕਿਸੇ ਵੇਲੇ ਗੁਰੂ ਨਾਨਕ ਨੇ ਰੋਸ ਪ੍ਰਗਟ ਕੀਤਾ, ਓਥੇ ਜਨੇਊ ਦੀ ਰੱਖਿਆ ਹਿੱਤ ਗੁਰੂ ਤੇਗ਼ ਬਹਾਦਰ ਜੀ ਸੀਸ ਭੇਟ ਕਰ ਸ਼ਹਾਦਤ ਪ੍ਰਾਪਤ ਕਰਦੇ ਹਨ।

ਸਿੱਖ ਧਰਮ ’ਚ ਸ਼ਹਾਦਤ ਦੇ ਸੰਕਲਪ ਦਾ ਵੀ ਇਕ ਅਭਿਆਸ ਅਤੇ ਵਿਗਾਸ ਦਿਖਾਈ ਦਿੰਦਾ ਹੈ। ਵਿਚਾਰ ਜਾਂ ਆਦਰਸ਼ ਰੂਪ ’ਚ ਇਹ ਸ਼ਬਦ ਬਾਣੀ ’ਚ ਗੁਰੂਆਂ ਦੇ ਪੀੜ੍ਹੀ ਵਿਕਾਸ ਨਾਲ ਵਿਗਸਦਾ ਹੈ। ਗੁਰੂ ਨਾਨਕ ਦੇਵ ਜੀ ਇਸ ਨੂੰ ਆਪਣੇ ਢੰਗ ਨਾਲ ਕਹਿੰਦੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥੨੦॥

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਗਤ ਕਬੀਰ ਇਸ ਨੂੰ ਆਪਣੇ ਅੰਦਾਜ਼ ’ਚ ਬਿਆਨ ਕਰਦੇ ਹਨ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥੨॥੨॥

ਗੁਰੂ ਅਰਜਨ ਦੇਵ ਜੀ ਇਸ ਸੰਕਲਪ ਨੂੰ ਆਪਣੇ ਸ਼ਬਦਾਂ ’ਚ ਇਉਂ ਪ੍ਰਗਟਾਉਂਦੇ ਹਨ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥੧॥

ਗੁਰੂ ਅਰਜਨ ਦੇਵ ਜੀ ਭਾਰਤ ਦੀ ਸਮਾਜਿਕ ਅਨੇਕਤਾ ਅਤੇ ਵਿਭਿੰਨਤਾ ਵੱਲ ਆਪਣੇ ਸ਼ਬਦ ’ਚ ਸੰਕੇਤ ਕਰਦੇ ਹਨ। ਭਾਵੇਂ ਇਹ ਸਮਾਜਿਕ ਪ੍ਰਾਣੀਆਂ ਦੇ ਬਾਹਰੀ ਭੇਦਾਂ ਅਤੇ ਸਰੂਪਾਂ ਬਾਰੇ ਹੈ ਅਤੇ ਅਸਲ ਭੇਦ ਹੁਕਮੁ ਨੂੰ ਪਛਾਣਨ ’ਚ ਹੈ, ਪਰ ਜੇਕਰ ਇਸ ਨੂੰ ਚਿਹਨਾਤਮਕਤਾ ਦੇ ਪੱਧਰ ’ਤੇ ਹੀ ਪ੍ਰਤੱਖਿਆ ਜਾਵੇ ਤਾਂ ਇਹ ਸਮਾਜ ਦੀ ਪ੍ਰਤੱਖ ਵਿਭਿੰਨਤਾ ਅਤੇ ਅਨੇਕਤਾ ਵੱਲ ਵੀ ਇਸ਼ਾਰਾ ਹੈ ਜਿਸ ਨੂੰ ਗੁਰੂ ਤੇਗ਼ ਬਹਾਦਰ ਦੇ ਸਮਕਾਲ ’ਚ ਸੱਤਾ ਆਪਣੇ ਢੰਗ ਨਾਲ ਇਕੋ ਰੰਗ ਰੂਪ ’ਚ ਬੰਨ੍ਹ ਕੇ ਇਕਸਾਰਤਾ ਤੇ ਇਕਰੂਪਤਾ ਦੇਣੀ ਚਾਹੁੰਦੀ ਸੀ। ਇਸ ਦਾ ਮਕਸਦ ਹਿੰਦੋਸਤਾਨ ਦੀ ਸਮਾਜਿਕ ਅਨੇਕਤਾ ਮਿਟਾਉਣਾ ਸੀ ਜਿਸ ਨੂੰ ਅਜੋਕੀ ਰਾਜਨੀਤੀ ਦੀ ਭਾਸ਼ਾ ’ਚ ਨਸਲਮੁਖੀ ਸਫ਼ਾਈ ਕਹਿੰਦੇ ਹਨ:

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥

ਕੋਈ ਸੇਵੈ ਗੁਸਈਆ ਕੋਈ ਅਲਾਹਿ॥

   …   …

ਕੋਈ ਨਾਵੈ ਤੀਰਥਿ ਕੋਈ ਹਜ ਜਾਇ॥

ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥

ਕੋਈ ਪੜੈ ਬੇਦ ਕੋਈ ਕਤੇਬ॥

ਕੋਈ ਓਢੈ ਨੀਲ ਕੋਈ ਸੁਪੇਦ॥

ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥

ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥੪॥

ਇਸ ਸਮਾਜਿਕ, ਰਾਜਨੀਤਕ ਅਤੇ ਇਤਿਹਾਸਕ ਪ੍ਰਸੰਗ ’ਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਹਿੰਦੋਸਤਾਨੀ ਸਭਿਆਚਾਰਕ ਸਮਾਜਿਕ ਪਰੰਪਰਾ ਦੀ ਬਹੁਰੂਪਤਾ, ਅਨੇਕਤਾ ਅਤੇ ਬਹੁਲਤਾਵਾਦ ਨੂੰ ਸਮਕਾਲੀ ਰਾਜ ਸੱਤਾ ਵੱਲੋਂ ਇਕਸਾਰਤਾ ’ਚ ਪਰਿਵਰਤਤ ਕਰਨ ਖਿਲਾਫ਼ ਇਕ ਵੱਡਾ ਵਿਚਾਰਧਾਰਕ ਵਿਕਲਪ ਸਿਰਜਣ ਦਾ ਯਤਨ ਸੀ। ਇਸ ਪ੍ਰਸੰਗ ’ਚ ਫਰਾਂਸਿਸੀ ਦਾਰਸ਼ਨਿਕ ਵਾਲਤੇਅਰ ਆਪਣੇ ਵਿਚਾਰਾਂ ’ਤੇ ਪਹਿਰਾ ਦੇਣ ਦੇ ਸਬੰਧ ’ਚ ਕਹਿੰਦਾ ਹੈ: ‘ਤੁਸੀਂ ਜੋ ਕਹਿ ਰਹੇ ਹੋ ਉਸ ਨਾਲ ਮੈਂ ਸਹਿਮਤ ਨਹੀਂ। ਜੋ ਮੈਂ ਕਹਿ ਰਿਹਾ ਹਾਂ ਉਸ ’ਤੇ ਮੈਂ ਮਰਦੇ ਦਮ ਤੱਕ ਖੜ੍ਹਾ ਰਹਾਂਗਾ।’

ਜੇ ਗੁਰੂ ਤੇਗ਼ ਬਹਾਦਰ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਸਾਰਾ ਹਿੰਦੋਸਤਾਨ ਹੀ ਇਕ ਰੰਗ ਦਾ ਹੋ ਜਾਣਾ ਸੀ। ਗੁਰੂ ਸਾਹਿਬ ਦੀ ਸ਼ਹਾਦਤ ਨੇ ਦੂਜੇ/ਹੋਰ ਦੀ ਪਹਿਚਾਣ ਨੂੰ ਸੁਰੱਖਿਅਤ ਅਤੇ ਇਸ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਸੰਸਕ੍ਰਿਤ ’ਚ ਇਸ ਨੂੰ ‘ਨ ਤਤੋ ਵਿਜੁਗਪਤਸੇ’ ਕਿਹਾ ਗਿਆ ਹੈ ਭਾਵ ‘ਜੋ ਦੂਜਿਆਂ ਨੂੰ ਆਪਣੀ ਤਰ੍ਹਾਂ ਜਾਣਦਾ ਹੈ ਉਸ ਦਾ ਪ੍ਰਕਾਸ਼ ਹੁੰਦਾ ਹੈ।

ਮਨੁੱਖੀ ਜੀਵਨ ’ਚ ਸ਼ਹਾਦਤ ਦਾ ਰਾਹ ਅਪਨਾਉਣ ਲਈ ਪ੍ਰਕਾਸ਼ਿਤ ਮਨ ਬੜੀ ਵੱਡੀ ਭੂਮਿਕਾ ਨਿਭਾਉਂਦਾ ਹੈ। ਮਨ ਦੀ ਥਾਹ ਪਾਉਣ ਲਈ ਬ੍ਰਹਮ ਤੇ ਧਰਮ ਦੇ ਸੰਕਲਪ ਦਾ ਭਾਰਤੀ ਗਿਆਨ ਪਰੰਪਰਾ ’ਚ ਭਰਵਾਂ ਮਨਨ ਅਤੇ ਮੰਥਨ ਹੈ। ਇਸ ਦਾ ਕਾਰਨ ਭਾਰਤੀ ਸਭਿਅਤਾ ਦੀ ਵਿਸਤ੍ਰਿਤ ਗਿਆਨ ਪਰੰਪਰਾ ਹੈ, ਕਹਿਣ ਦਾ ਭਾਵ ਹੈ ਕਿ ਗਿਆਨ ਹੀ ਮੁਕਤੀ ਮਾਰਗ ਹੈ।

ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਜੀਵਨ ਦਰਸ਼ਨ, ਵਿਚਾਰਧਾਰਕ ਫ਼ਲਸਫ਼ੇ ਅਤੇ ਵਿਵਹਾਰਕ ਜੀਵਨ ’ਚ ਉਨ੍ਹਾਂ ਵਿਚਾਰਾਂ ਦੀ ਰੱਖਿਆ ’ਚ ਆਪਣੀ ਸ਼ਹਾਦਤ ਨਾਲ ਇਹ ਸਥਾਪਿਤ ਕੀਤਾ ਹੈ ਕਿ ‘ਧਰਮ ਹੇਤੁ’ ਸਾਧਿਆ ਮਨ ਹੀ ਸੰਤੁਲਿਤ ਜੀਵਨ ਦਾ ਆਧਾਰ ਬਣਦਾ ਹੈ ਜੋ ਮੌਤ ਜਿਹੀ ਚੁਣੌਤੀ ਸਨਮੁੱਖ ਸ਼ਹਾਦਤ ਨੂੰ ਸਵੀਕਾਰ ਕਰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਮਾਨਵਤਾ ਇਕ ਅਧੂਰਾ ਪ੍ਰੋਜੈਕਟ ਹੈ ਪਰ ਇਸ ਵਿਚ ਇਸ ਨੂੰ ਪੂਰੇ ਕੀਤੇ ਜਾ ਸਕਣ ਦੀਆਂ ਸੰਭਾਵਨਾਵਾਂ ਸਦਾ ਮੌਜੂਦ ਹੁੰਦੀਆਂ ਹਨ। ਦਰਕਾਰ ਸਿਰਫ਼ ਸ਼ਨਾਖ਼ਤ ਦੀ ਹੈ।

ਅੰਤ ’ਚ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਦੱਸੇ ਗਿਆਨਤਮਕ ਮੀਮਾਸਾਂ ਦੀ ਦ੍ਰਿਸ਼ਟੀ ਤੋਂ ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਵਰ੍ਹੇ ’ਚ ਉਨ੍ਹਾਂ ਦੇ ਦਿਖਾਏ ਮਾਰਗ ਅਤੇ ਸਿੱਖਿਆਵਾਂ ਨੂੰ ਅਪਣਾ ਕੇ ਜੀਵਨ ’ਚ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਕੇ ਅਨਮੋਲ ਮਾਨਵੀ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ।

 

ਮਨਮੋਹਨ