ਅਫ਼ਗ਼ਾਨੀਆਂ ਦੇ ਇਤਿਹਾਸ ਨੂੰ ਫਰੋਲਦਿਆ

ਅਫ਼ਗ਼ਾਨੀਆਂ ਦੇ ਇਤਿਹਾਸ ਨੂੰ ਫਰੋਲਦਿਆ

ਸਿਰਫ ਤੇ ਸਿਰਫ ਸਿੱਖਿਆ ਹੀ ਇਸ ਜਹਾਲਤ ‘ਚੋਂ ਬਾਹਰ ਨਿਕਲਣ ਦਾ ਆਖਰੀ ਵਿਕਲਪ ਹੈ

ਭਾਰਤ ਦੇ ਪੱਛਮੀ ਭਾਗ ਵਿਚ ਅੰਗਰੇਜ਼ੀ ਬਸਤੀਵਾਦੀ ਭਾਰਤ ਵੱਲੋਂ ਸਿੱਖਾਂ ਨਾਲ ਦੋ ਅਤੇ ਅਫ਼ਗ਼ਾਨੀਆਂ ਨਾਲ ਤਿੰਨ ਯੁੱਧ ਲੜੇ ਗਏ ਸਨ। ਸਿੱਖਾਂ ਨਾਲ ਹੋਏ ਯੁੱਧ ਗੋਰਿਆਂ ਵੱਲੋਂ ਸਿਰਫ ਡੋਗਰਿਆਂ ਦੀ ਗ਼ਦਾਰੀ ਕਾਰਨ ਹੀ ਨਹੀਂ ਜਿੱਤੇ ਗਏ, ਇਸਦਾ ਕਾਰਨ ਅੰਦਰੂਨੀ ਬੁਰਛਾ-ਗਰਦੀ, ਰਣਜੀਤ ਸਿੰਘ ਦੀ (ਜੱਟ ਪਰੇ ਕਰੂ ਨੀਤੀ) ਅਤੇ ਕੌਮੀਅਤ ਦੀ ਬਜਾਏ ਕਬਜ਼ਾਵਾਦੀ ਪ੍ਰਵਿਰਤੀ ਵੀ ਸੀ। ਪਹਿਲੇ ਦੀ ਬਜਾਏ ਦੂਸਰਾ ਐਂਗਲੋ ਸਿੱਖ-ਯੁੱਧ ਸਿੱਖ ਸਵੈ-ਮਾਣ ਨੂੰ ਵੱਜੀ ਸੱਟ ਦੇ ਬਦਲੇ ਵਜੋਂ ਲੜਿਆ ਗਿਆ ਸੀ। ਇਸ ਵਿੱਚ ਹੋਈ ਹਾਰ ਤੋਂ ਬਾਅਦ ਗ਼ਦਰ ਦੀ ਗੂੰਜ ਤੱਕ ਸਿੱਖਾਂ ਨੇ ਗੋਰਿਆਂ ਦੀ ਗੁਲਾਮੀ ਨੂੰ ਸ਼ਾਨ ਨਾਲ ਅਪਣਾ ਲਿਆ। ਜਦੋਂ ਤਮਗਿਆਂ,ਮੁਰੱਬਿਆਂ ਦੀ ਲਾਲਸਾ ਤਹਿਤ ਪੰਜਾਬੀ ਬ੍ਰਿਟਿਸ਼ ਹਕੂਮਤ ਦੇ ਝੰਡੇ ਹੇਠ ਲੜਣ ਲਈ ਉਤਾਵਲੇ ਹੋਏ ਫਿਰਦੇ ਸਨ, ਪਸ਼ਤੂਨ ਉਦੋਂ ਵੀ ਆਪਣੀ ਆਜ਼ਾਦ ਹਸਤੀ ਲਈ ਗੋਰਿਆਂ ਸਾਹਵੇਂ ਅਜੇਤੂ ਵਾਂਗ ਡਟੇ ਰਹੇ। ਦੁਨੀਆ ਦੀ ਉਸ ਵੇਲੇ ਦੀ ਮਹਾਂਸ਼ਕਤੀ ਇੰਗਲੈਂਡ ਜਿਸ ਨੇ ਮਰਾਠੇ, ਪੰਜਾਬੀ, ਰਾਜਪੂਤ, ਬੰਗਾਲੀ, ਰੋਹੀਲੇ, ਜਾਟ, ਮੁਗਲ ਆਦਿ ਸਭ ਤਾਕਤਵਰ ਭਾਰਤੀ ਸ਼ਾਸਕ ਰੋਲ ਦਿੱਤੇ ਸਨ:- ਪਸ਼ਤੂਨਾਂ ਦੇ ਸਾਹਵੇਂ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਏ।

ਪਹਿਲਾ ਐਂਗਲੋ-ਅਫ਼ਗ਼ਾਨ ਯੁੱਧ 1839-1842 ਵਿਚ ਲੜਿਆ ਗਿਆ। ਗਵਰਨਰ ਜਨਰਲ ਜੌਰਜ ਐਡਮ ਦੇ ਕਾਰਜ-ਕਾਲ ਦੌਰਾਨ 21000 ਸੈਨਿਕਾਂ ਦੀ ਕਾਨਵਾਈ ਵੱਲੋਂ ਅਫ਼ਗ਼ਾਨਿਸਤਾਨ ਫ਼ਤਿਹ ਲਈ ਕੂਚ ਕੀਤਾ ਸੀ। ਮੁੱਢਲੀਆਂ ਜਿੱਤਾਂ ਤੋਂ ਬਾਅਦ ਗੋਰਿਆਂ ਨੂੰ ਪਠਾਣਾਂ ਨੇ ਅਜਿਹਾ ਸਬਕ ਦਿੱਤਾ ਕਿ ਕਈ ਸਾਲ ਉਹ ਪਸ਼ਤੋ ਇਲਾਕੇ ਵੱਲ ਮੂੰਹ ਨਾ ਕਰ ਸਕੇ। ਇਕ ਜਨਵਰੀ 1842 ਨੂੰ ਵਾਪਸੀ ਤੇ ਮੁੜਦੇ ਬ੍ਰਿਟਿਸ਼ ਸੈਨਾ ਦੇ 16500 ਫੌਜੀਆਂ ਅਤੇ ਕੈਂਪਰਸ ਦੇ ਕਾਫ਼ਲੇ ਦੀ ਪਠਾਣਾਂ ਵੱਲੋਂ ਅਜਿਹੀ ਦੁਰਦਸ਼ਾ ਕੀਤੀ ਗਈ ਕਿ ਸਿਰਫ਼ ਇਕ ਗੋਰਾ Dr. William Brydon ਜਾਨ ਬਚਾ ਕੇ ਜਲਾਲਾਬਾਦ ਪਹੁੰਚਿਆ ਸੀ। ਇਸ ਹਾਰ ਨਾਲ ਇੰਗਲੈਂਡ ਵਿਚ ਹਾਹਾਕਾਰ ਮੱਚ ਗਈ ਸੀ। ਪਸ਼ਤੂਨਾਂ ਦੀ ਬਹਾਦਰੀ ਬਾਰੇ ਸਾਨੂੰ ਕੋਈ ਭਰਮ ਨਹੀਂ ਰੱਖਣਾ ਚਾਹੀਦਾ, ਬੇਸ਼ੱਕ ਇਸ ਵੇਲੇ ਤਾਲਿਬਾਨ ਵਰਗੇ ਕੱਟੜਪੰਥੀਆਂ ਨੇ ਉਸ ਖ਼ਿੱਤੇ ਦੀ ਮਾਨਸਿਕਤਾ ਨੂੰ ਅਗਵਾ ਕਰ ਲਿਆ ਹੈ। ਤਾਲਿਬਾਨ ਵੱਲੋਂ ਅਮਰੀਕਾ ਨੂੰ ਬਾਹਰ ਨਿਕਲਣ ਲਈ ਮਜਬੂਰ ਕਰ ਦੇਣਾ ਉਹਨਾਂ ਦੀ ਪਹਿਲੀ ਜਿੱਤ ਹੈ, ਪਰ ਦੂਸਰੀ ਲੜਾਈ ਕੌਮੀਅਤ ਨੂੰ ਮਾਨਵੀ, ਇਖ਼ਲਾਕੀ ਅਤੇ ਸਭਿਅਕ ਨੁਹਾਰ ਦੇਣ ਦੀ ਹੈ। ਇਸ ਵਿਚ ਜਿੱਤਣਾ ਅਜੇ ਅਸੰਭਵ ਲੱਗਦਾ ਹੈ। ਇਹ ਇਨਕਲਾਬ ਬਾਹਰੀ ਸ਼ਕਤੀਆਂ ਦੀ ਦਖ਼ਲਅੰਦਾਜ਼ੀ ਨਾਲ ਨਹੀਂ ਹੋਏਗਾ, ਇਹ ਲੜਾਈ ਸਵੈ-ਸ਼ੁੱਧਤਾ ਦੀ ਹੈ। ਸਿਰਫ ਤੇ ਸਿਰਫ ਸਿੱਖਿਆ ਹੀ ਇਸ ਜਹਾਲਤ ‘ਚੋਂ ਬਾਹਰ ਨਿਕਲਣ ਦਾ ਆਖਰੀ ਵਿਕਲਪ ਹੈ !! 

 

ਸਰਬਜੀਤ ਸਿੰਘ ਸੋਹੀ