ਟੀ.ਵੀ. ਪੱਤਰਕਾਰੀ ਦਾ ਨਿਘਾਰ ਬਨਾਮ ਸ਼ੋਸ਼ਲ ਮੀਡੀਆ
ਵਿਸ਼ੇਸ਼ ਟਿਪਣੀ
ਨਵੇਂ-ਨਵੇਂ ਚੈਨਲ ਆਰੰਭ ਹੋਣ ਨਾਲ ਟੀ.ਵੀ. ਪੱਤਰਕਾਰੀ ਨਿੱਤ ਨਵੇਂ ਨਿਘਾਰ ਵੱਲ ਜਾ ਰਹੀ ਹੈ। ਭਾਸ਼ਾ ਦਾ, ਸ਼ਬਦ-ਚੋਣ ਦਾ ਮਸਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ। ਆਮ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ, ਯੂ-ਟਿਊਬ 'ਤੇ ਦਰਸ਼ਕਾਂ ਦੀ ਗਿਣਤੀ ਵਧਾਉਣ ਲਈ ਕਈ ਚੈਨਲ, ਕਈ ਐਂਕਰ, ਕਈ ਅਧਿਕਾਰੀ ਅਜਿਹੇ ਸਿਰਲੇਖ ਘੜਦੇ ਹਨ, ਅਜਿਹੇ ਸ਼ਬਦ ਜੜਦੇ ਹਨ ਜਿਹੜੇ ਪੱਤਰਕਾਰੀ ਦੀ ਮਰਯਾਦਾ ਦੇ ਦਾਇਰੇ ਵਿਚ ਨਹੀਂ ਆਉਂਦੇ। ਹੈਰਾਨੀ ਹੁੰਦੀ ਹੈ ਕਿ, ਕੀ ਇਹ ਪੱਤਰਕਾਰੀ ਭਾਸ਼ਾ ਹੈ? ਜਿਹੜੇ ਪੱਤਰਕਾਰ ਨੇ ਵਿਧੀਬਧ ਢੰਗ ਨਾਲ ਕਾਲਜ, ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਸਿੱਖਿਆ ਹਾਸਲ ਕੀਤੀ ਹੁੰਦੀ ਹੈ ਉਹ ਅਜਿਹੀ ਕੁਤਾਹੀ ਕਰਨ ਤੋਂ ਗੁਰੇਜ਼ ਕਰਦਾ ਹੈ ਕਿਉਂਕਿ ਉਸ ਨੂੰ ਉਸ ਦੇ ਅਧਿਆਪਕਾਂ ਨੇ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਅਤੇ ਮਰਯਾਦਾ ਦਾ ਪਾਠ ਪੜ੍ਹਾਇਆ ਹੁੰਦਾ ਹੈ। ਸਮਾਜ ਪ੍ਰਤੀ, ਲੋਕਾਂ ਪ੍ਰਤੀ ਪੱਤਰਕਾਰੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਹੁੰਦਾ ਹੈ। ਪੱਤਰਕਾਰੀ ਦੀ ਭਾਸ਼ਾ ਦੇ ਮਿਆਰੀਕਰਨ ਤੇ ਲਛਮਣ ਰੇਖਾ ਬਾਰੇ ਸਮਝਾਇਆ ਹੁੰਦਾ ਹੈ। ਅਸੀਂ ਸਿਆਸੀ ਨੇਤਾਵਾਂ, ਗਾਇਕ ਕਲਾਕਾਰਾਂ ਦੁਆਰਾ ਭਾਸ਼ਾ ਦੀ ਮਰਯਾਦਾ ਭੰਗ ਕਰਨ ਦੀਆਂ ਗੱਲਾਂ ਅਕਸਰ ਕਰਦੇ ਹਾਂ। ਜੇ ਉਹੀ ਗ਼ੈਰ ਮਿਆਰੀ ਸ਼ਬਦਾਵਲੀ ਟੀ.ਵੀ. ਪੱਤਰਕਾਰ ਵਰਤਣਗੇ ਤਾਂ ਸਵਾਲੀਆ ਚਿੰਨ੍ਹ ਲੱਗਣਾ ਸੁਭਾਵਿਕ ਹੀ ਹੈ। ਜੇਕਰ ਖ਼ਬਰਾਂ ਦੀਆਂ ਸੁਰਖੀਆਂ ਅਤੇ ਸਿਰਲੇਖਾਂ ਵਿਚ ਸਹੀ, ਢੁੱਕਵੀਂ ਤੇ ਮਿਆਰੀ ਭਾਸ਼ਾ ਦਾ ਪ੍ਰਯੋਗ ਹੋਵੇਗਾ ਤਾਂ ਹੀ ਕਿਸੇ ਚੈਨਲ, ਕਿਸੇ ਐਂਕਰ, ਕਿਸੇ ਖ਼ਬਰ ਬੁਲਿਟਨ ਦਾ ਚੰਗਾ ਪ੍ਰਭਾਵ ਪਵੇਗਾ। ਪ੍ਰੰਤੂ ਇਥੇ ਮਸਲਾ ਸਭਿਅਕ ਸ਼ਬਦਾਵਲੀ ਦਾ ਹੈ। ਸਭਿਅਕ ਸ਼ਬਦ-ਚੋਣ ਤੋਂ ਲਾਂਭੇ ਜਾ ਕੇ ਅਜਿਹੇ ਯੂ-ਟਿਊਬ ਚੈਨਲ ਵਕਤੀ ਤੌਰ 'ਤੇ ਤਾਂ ਦਰਸ਼ਕਾਂ ਦੇ ਇਕ ਵਰਗ-ਵਿਸ਼ੇਸ਼ ਨੂੰ ਆਕਰਸ਼ਿਤ ਕਰ ਸਕਦੇ ਹਨ ਪ੍ਰੰਤੂ ਪੱਤਰਕਾਰੀ ਦੇ ਖੇਤਰ ਵਿਚ ਨਿਵੇਕਲੀ ਪਛਾਣ ਸਥਾਪਿਤ ਨਹੀਂ ਕਰ ਸਕਦੇ। ਜਦ ਪੰਜਾਬੀ ਟੀ.ਵੀ. ਪੱਤਰਕਾਰੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਅਜਿਹੀ ਪੱਤਰਕਾਰੀ ਨੂੰ ਇਸੇ ਪ੍ਰਸੰਗ ਵਿਚ ਯਾਦ ਕੀਤਾ ਜਾਏਗਾ।
ਪਰਵਾਸੀ ਪੰਜਾਬੀ ਅਤੇ ਭਾਰਤੀ ਚੈਨਲ
ਪਰਵਾਸੀ ਪੰਜਾਬੀਆਂ ਨੂੰ ਪੰਜਾਬ ਬਾਰੇ ਸਹੀ ਖ਼ਬਰ ਲੱਭਣ ਲਈ ਵੱਖ-ਵੱਖ ਅਖ਼ਬਾਰਾਂ, ਵੱਖ-ਵੱਖ ਚੈਨਲਾਂ 'ਤੇ ਜਾਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬੀ ਚੈਨਲਾਂ 'ਤੇ ਵਿਸ਼ਵਾਸ ਨਹੀਂ ਰਿਹਾ। ਵਿਸ਼ਵਾਸ ਪਹਿਲਾਂ ਵੀ ਡਗਮਗਾਉਂਦਾ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਬਾਰੇ ਖ਼ਬਰ ਨੂੰ ਪੰਜਾਬੀ ਚੈਨਲਾਂ ਨੇ ਜਿਵੇਂ ਪ੍ਰਸਾਰਿਤ ਕੀਤਾ ਅਤੇ ਨਾਂਅ ਦੀ ਘੋਸ਼ਣਾ ਵਾਲੇ ਦਿਨ ਇਸ ਖ਼ਬਰ ਦਾ ਜੋ ਤਮਾਸ਼ਾ ਬਣਾਇਆ, ਭਾਰਤ ਤੋਂ ਦੂਰ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦਾ ਮਨ ਉਚਾਟ ਹੋ ਗਿਆ। ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਪੰਜਾਬੀ ਉਥੋਂ ਦੀਆਂ ਅਖ਼ਬਾਰਾਂ, ਉਥੋਂ ਦੇ ਚੈਨਲਾਂ ਦੀਆਂ ਉਦਾਹਰਨਾਂ ਦਿੰਦੇ ਦੱਸਦੇ ਹਨ ਕਿ ਉਨ੍ਹਾਂ ਦੇ ਭਰੋਸੇਯੋਗ ਸੂਤਰ, ਸੱਚਮੁੱਚ ਭਰੋਸੇਯੋਗ ਹੁੰਦੇ ਹਨ। ਮੀਡੀਆ ਦੀ ਜ਼ਿੰਮੇਵਾਰੀ ਖ਼ਬਰਾਂ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰਨ ਦੀ ਹੁੰਦੀ ਹੈ, ਜੱਜਮੈਂਟ ਦੇਣ ਦੀ ਨਹੀਂ। ਭਾਰਤੀ ਮੀਡੀਆ ਆਪਣੀਆਂ ਸੀਮਾਵਾਂ ਵਿਚ ਰਹਿਣਾ ਪਸੰਦ ਨਹੀਂ ਕਰਦਾ। ਮੀਡੀਆ ਦੀ ਜ਼ਿੰਮੇਵਾਰੀ ਖ਼ਬਰ ਦੀ ਰਿਪੋਰਟਿੰਗ ਕਰਨਾ ਹੈ, ਖ਼ਬਰ ਘੜਨਾ ਨਹੀਂ। ਖ਼ਬਰ ਨੂੰ ਖ਼ਬਰ ਵਾਂਗ ਪੇਸ਼ ਕਰਨਾ ਹੈ, ਨਾਟਕੀ ਰੰਗ ਭਰ ਕੇ ਮਨੋਰੰਜਨ ਕਰਨਾ ਨਹੀਂ।
ਸੋਸ਼ਲ ਮੀਡੀਆ ਦੀ ਲੋਕਪ੍ਰਿਯਤਾ
ਕੀ ਸੋਸ਼ਲ ਮੀਡੀਆ ਦੀ ਲੋਕਪ੍ਰਿਅਤਾ ਘਟ ਰਹੀ ਹੈ? ਇਸ ਦੇ ਜਵਾਬ ਜੁਦਾ ਜੁਦਾ ਹੋ ਸਕਦੇ ਹਨ। ਹਰੇਕ ਦਾ ਆਪਣਾ ਆਪਣਾ ਤਜਰਬਾ ਹੈ। ਪ੍ਰੰਤੂ ਜ਼ਮੀਨੀ ਹਕੀਕਤ ਸਰਵੇ ਅਤੇ ਤੱਥ ਅੰਕੜਿਆਂ ਨਾਲ ਸਾਹਮਣੇ ਆਉਂਦੀ ਹੈ। ਮੈਂ ਅੱਜ ਵੀ ਅਖ਼ਬਾਰ ਦੀ ਹਾਰਡ ਕਾਪੀ ਹੀ ਪੜ੍ਹਦਾ ਹਾਂ। ਫੋਨ 'ਤੇ, ਆਈ ਪੈਡ 'ਤੇ, ਲੈਪ ਟਾਪ 'ਤੇ, ਕੰਪਿਊਟਰ ਸਕਰੀਨ 'ਤੇ ਅਖ਼ਬਾਰ ਪੜ੍ਹ ਕੇ ਅਨੰਦ ਨਹੀਂ ਆਉਂਦਾ। ਐਤਵਾਰ ਮੇਰੇ ਕੋਲ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਕਈ ਅਖ਼ਬਾਰਾਂ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਬਹੁਤ ਕੁਝ ਪੜ੍ਹਨ ਸਾਂਭਣ ਲਈ ਮਿਲ ਜਾਂਦਾ ਹੈ।

ਭਾਵੇਂ ਕੁਝ ਸਰਵੇ ਅਤੇ ਖ਼ਬਰਾਂ ਇਸ ਕਿਸਮ ਦੇ ਸੰਕੇਤ ਕਰਦੀਆਂ ਹਨ ਕਿ ਸੋਸ਼ਲ ਮੀਡੀਆ ਦਾ ਆਕਰਸ਼ਨ ਘੱਟ ਰਿਹਾ ਹੈ ਪ੍ਰੰਤੂ ਸਾਲ 2022 ਦੇ ਤਾਜ਼ਾ ਅੰਕੜੇ ਅਲੱਗ ਕਹਾਣੀ ਕਹਿ ਰਹੇ ਹਨ। ਗਲੋਬਲ ਵੈੱਬ ਇੰਡੈਕਸ ਦੇ ਜਨਵਰੀ 2022 ਦੇ ਸਰਵੇ ਅਨੁਸਾਰ ਦੁਨੀਆ ਦੀ ਕੁੱਲ ਆਬਾਦੀ ਦਾ 58.4 ਫ਼ੀਸਦੀ ਹਿੱਸਾ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। ਔਸਤਨ ਰੋਜ਼ਾਨਾ 2 ਘੰਟੇ 27 ਮਿੰਟ ਇਸ ਦੀ ਵਰਤੋਂ ਹੁੰਦੀ ਹੈ। ਪਿਛਲੇ 12-14 ਮਹੀਨਿਆਂ ਦੌਰਾਨ 424 ਮਿਲੀਅਨ ਨਵੇਂ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹਨ।ਦੁਨੀਆ ਦੀ 61.8 ਫ਼ੀਸਦੀ ਵਸੋਂ ਇੰਟਰਨੈੱਟ ਦੀ ਵਰਤੋਂ ਕਰਦੀ ਹੈ। ਇਨ੍ਹਾਂ ਵਿਚੋਂ 4.2 ਫ਼ੀਸਦੀ ਸੋਸ਼ਲ ਮੀਡੀਆ 'ਤੇ ਸਰਗਰਮ ਨਹੀਂ ਹਨ। ਉਪਰੋਕਤ ਵਿਚੋਂ ਵੱਖ-ਵੱਖ ਖਿੱਤਿਆਂ ਦੀ ਫ਼ੀਸਦੀ ਵੱਖ-ਵੱਖ ਹੈ। ਪੂਰਬੀ ਏਸ਼ੀਆ 69, ਉੱਤਰੀ ਅਮਰੀਕਾ 82, ਦੱਖਣੀ ਅਮਰੀਕਾ 79, ਉੱਤਰੀ ਯੂਰਪ 85 ਅਤੇ ਪੱਛਮੀ ਯੂਰਪ 84 ਫ਼ੀਸਦੀ। ਇਹ ਗਿਣਤੀ ਦੱਖਣੀ ਏਸ਼ੀਆ ਵਿਚ 45, ਪੱਛਮੀ ਅਫ਼ਰੀਕਾ ਵਿਚ 16 ਅਤੇ ਮੱਧ ਅਫ਼ਰੀਕਾ ਵਿਚ 8 ਫ਼ੀਸਦੀ ਰਹਿ ਜਾਂਦੀ ਹੈ। ਕੋਵਿਡ-19 ਤਾਲਾਬੰਦੀ ਦੌਰਾਨ ਇਹ ਗਿਣਤੀ ਤੇਜ਼ੀ ਨਾਲ ਵਧੀ ਸੀ। ਸੋਸ਼ਲ ਮੀਡੀਆ ਵਿਚੋਂ ਫੇਸਬੁੱਕ, ਯੂ-ਟਿਊਬ ਤੇ ਵੱਟਸਐਪ ਸਭ ਤੋਂ ਵੱਧ ਲੋਕ ਜੁੜੇ ਹੋਏ ਹਨ। ਇਸ ਤੋਂ ਬਾਅਦ ਟਵਿੱਟਰ, ਇੰਸਟਾਗ੍ਰਾਮ, ਟਿਕ-ਟਾਕ, ਵੂਈ ਚੈਟ ਦੀ ਵਾਰੀ ਆਉਂਦੀ ਹੈ।ਫੇਸਬੁੱਕ ਦੀ ਵਰਤੋਂ ਵਿਚ 25 ਤੋਂ 34 ਸਾਲ ਦੀ ਉਮਰ ਦੇ ਪੁਰਖ ਦੁਨੀਆ ਵਿਚ ਸਭ ਤੋਂ ਅੱਗੇ ਹਨ। ਦੂਸਰਾ ਨੰਬਰ ਇਸੇ ਉਮਰ ਵਰਗ ਦੀਆਂ ਔਰਤਾਂ ਦਾ ਹੈ।
ਕੁੱਲ ਗਿਣਤੀ ਵਿਚੋਂ ਅੱਧੇ ਲੋਕ ਸੋਸ਼ਲ ਮੀਡੀਆ 'ਤੇ ਕੇਵਲ ਖ਼ਬਰਾਂ ਵੇਖਣ, ਪੜ੍ਹਨ, ਸੁਣਨ ਲਈ ਹੀ ਜਾਂਦੇ ਹਨ। ਅਮੀਰ ਦੇਸ਼ਾਂ ਵਿਚ ਲਗਭਗ ਸਾਰੇ ਨੌਜਵਾਨ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।ਸੋਸ਼ਲ ਮੀਡੀਆ ਦੀ ਵਰਤੋਂ ਦਾ ਗ੍ਰਾਫ਼ ਦੁਨੀਆ ਦੇ ਵਧੇਰੇ ਦੇਸ਼ਾਂ ਵਿਚ ਲਗਾਤਾਰ ਵਧ ਰਿਹਾ ਹੈ ਪ੍ਰੰਤੂ ਕੁਝ ਵਿਚ ਘੱਟ ਰਿਹਾ ਹੈ। ਦੁਨੀਆ ਦੇ ਲੋਕ ਇਕ ਦੂਸਰੇ ਨਾਲ ਜੁੜਨਾ ਚਾਹੁੰਦੇ ਹਨ, ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਨ, ਇਸ ਲਈ ਸੋਸ਼ਲ ਮੀਡੀਆ ਦਿਨੋ-ਦਿਨ ਹੋਰ ਹੋਰ ਮਕਬੂਲ ਹੋ ਰਿਹਾ ਹੈ। ਪ੍ਰੰਤੂ ਇਸ ਦੇ ਬੁਰੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਤਣਾਅ, ਚਿੰਤਾ, ਇਕੱਲਤਾ, ਮਾਨਸਿਕ ਵਿਕਾਰ ਵਰਗੇ ਲੱਛਣ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਨਾਲ ਜੁੜੇ ਹੋਏ ਹਨ।
ਪ੍ਰੋਫੈਸਰ ਕੁਲਬੀਰ ਸਿੰਘ












Comments (0)