ਲੁਕਾਈ ਨੂੰ ਸਤਿਗੁਰੂ ਨਾਨਕ ਵਲੋਂ ਸਾਂਝੀਵਾਲਤਾ ਦਾ ਸੰਦੇਸ਼

ਲੁਕਾਈ ਨੂੰ ਸਤਿਗੁਰੂ ਨਾਨਕ ਵਲੋਂ ਸਾਂਝੀਵਾਲਤਾ ਦਾ ਸੰਦੇਸ਼

ਗੁਰੂ ਨਾਨਕ ਦੇਵ ਜੀ ਦੇ ਹਰ ਬੋਲ ਵਿਚ 'ਮਨੁੱਖਤਾ' ਦੇ ਸਮੂਹਿਕ ਕਲਿਆਣ ਦੀ ਭਾਵਨਾ ਸਮੋਈ ਹੋਈ ਹੈ।

ਉਨ੍ਹਾਂ ਨੇ ਡੂੰਘੀ ਰੂਹਾਨੀ ਵਚਨਬੱਧਤਾ ਨਾਲ, ਸਮੁੱਚੀ ਮਨੁੱਖ ਜਾਤੀ ਨੂੰ ਏਕਤਾ ਦੇ ਸੂਤਰ ਵਿਚ ਪਰੋ ਕੇ, ਸੱਭਿਆਚਾਰਕ ਸਾਂਝ ਦੀ ਸਿਰਜਣਾ ਦਾ ਵਡਮੁੱਲਾ ਸੰਕਲਪ ਦਿੱਤਾ ਸੀ। ਗੁਰੂ ਸਾਹਿਬ ਨੇ ਤਾਕੀਦ ਕੀਤੀ ਸੀ ਕਿ ਵੱਖ-ਵੱਖ ਅਕੀਦਿਆਂ ਤੇ ਸ਼੍ਰੇਣੀਆਂ ਦੇ ਮਨੁੱਖੀ ਸਮੂਹਾਂ ਨੂੰ, ਬਾਹਰੀ ਵੰਡੀਆਂ ਅਤੇ ਤਫਰਕਿਆਂ ਤੋਂ ਪਾਰ, ਉਨ੍ਹਾਂ ਅੰਦਰ ਮੌਜੂਦ ਸਾਂਝੇ ਮਨੁੱਖੀ-ਤੱਤ ਦੀ ਪਛਾਣ ਕਰਨੀ ਚਾਹੀਦੀ ਹੈ।

ਇਤਿਹਾਸ ਸਾਖੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰ ਵਿਚ ਸਾਰੀ ਦੁਨੀਆ ਦਾ ਭਰਮਣ ਕਰ ਕੇ, ਜਿਸ ਤਰ੍ਹਾਂ ਵੱਖ-ਵੱਖ ਧਰਮਾਂ, ਫ਼ਿਰਕਿਆਂ ਤੇ ਮੁਲਕਾਂ ਦੀਆਂ ਹੱਦਾਂ ਤੋਂ ਪਾਰ, ਮਨੁੱਖ ਨੂੰ ਆਪਣਾ ਕੇਂਦਰੀ ਸਰੋਕਾਰ ਬਣਾਇਆ ਸੀ, ਅੱਜ ਸਾਰੀ ਦੁਨੀਆ ਉਸ ਦਾ ਪਾਲਣ ਕਰ ਰਹੀ ਹੈ। ਇਤਿਹਾਸ ਨੂੰ ਰਤਾ ਸੰਜੀਦਗੀ ਨਾਲ ਵੇਖੀਏ ਤਾਂ ਇਹ ਤੱਥ ਨਿੱਖਰ ਕੇ ਸਾਹਮਣੇ ਆਵੇਗਾ ਕਿ ਗੁਰੂ ਨਾਨਕ ਦੇਵ ਜੀ ਕਿਸੇ ਤਰ੍ਹਾਂ ਦੇ ਵਿਤਕਰੇ ਨੂੰ ਨਹੀਂ ਮੰਨਦੇ, ਕਿਸੇ ਸੀਮਾ ਨੂੰ ਨਹੀਂ ਮੰਨਦੇ, ਕੋਈ ਬੰਧਨ ਉਨ੍ਹਾਂ ਨੂੰ ਰੋਕਣ ਦੇ ਸਮਰੱਥ ਨਹੀਂ। ਸੀਮਾਵਾਂ ਉਸਰਦੀਆਂ ਜ਼ਰੂਰ ਰਹੀਆਂ ਹਨ, ਬੰਧਨ ਵੀ ਪੈਂਦੇ ਰਹੇ ਹਨ। ਪਰ ਗੁਰੂ ਨਾਨਕ ਦੇਵ ਜੀ ਦੀ ਵਿਸ਼ਾਲ ਦ੍ਰਿਸ਼ਟੀ ਅਤੇ ਉਦਾਰਤਾ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ। ਬੰਧਨ ਤੇ ਸੀਮਾਵਾਂ ਨੂੰ ਨਕਾਰਨਾ ਅਤੇ ਭਾਸ਼ਾ, ਪਹਿਰਾਵੇ ਤੇ ਰਸਮੋ-ਰਿਵਾਜ ਨੂੰ ਖੁੱਲ੍ਹ-ਦਿਲੀ ਨਾਲ ਅਪਣਾਉਣਾ - ਇਸ ਪਿੱਛੇ ਇਕ ਖ਼ਾਸ ਸੋਚ ਸੀ ਅਤੇ ਇਹ ਸੋਚ ਸੀ ਸਮੁੱਚੀ ਮਨੁੱਖਤਾ ਵਿਚ ਆਪਸੀ ਸਾਂਝ ਸਥਾਪਿਤ ਕਰਨ ਦੀ।

ਸਮਕਾਲੀ ਸਮਾਜਿਕ ਵਿਵਸਥਾ ਬਾਰੇ ਗੁਰੂ ਸਾਹਿਬ ਦਾ ਪ੍ਰਤੀਕਰਮ ਵੀ ਬਾਣੀ ਵਿਚ ਦਰਜ ਹੈ। ਗੁਰੂ ਸਾਹਿਬ ਹਰ ਕਿਸਮ ਦੇ ਵਿਤਕਰੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਜਾਤ ਦੇ ਆਧਾਰ 'ਤੇ ਹੋ ਰਹੇ ਭੇਦ-ਭਾਵ ਵਿਰੁੱਧ ਉਨ੍ਹਾਂ ਦਾ ਇਹ ਫ਼ਰਮਾਨ ਵੇਖਣ ਵਾਲਾ ਹੈ :

ਜਾਤਿ ਜਨਮੁ ਨਹ ਪੂਛੀਐ

ਸਚ ਘਰੁ ਲੇਹੁ ਬਤਾਇ॥

ਸਾ ਜਾਤਿ ਸਾ ਪਤਿ ਹੈ

ਜੇਹੇ ਕਰਮ ਕਮਾਇ॥

(ਅੰਗ-1330)

ਸਿਰੀ ਰਾਗ ਵਿਚ ਅੰਕਿਤ ਗੁਰੂ ਸਾਹਿਬ ਦਾ ਇਹ ਵਾਕ, ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਦੀ ਤਰਜਮਾਨੀ ਕਰਦਾ ਹੈ :

ਨੀਚਾ ਅੰਦਰਿ ਨੀਚ ਜਾਤਿ

ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ

ਸਾਥਿ ਵਡਿਆ ਸਿਉ ਕਿਆ ਰੀਸ॥

ਜਿਥੈ ਨੀਚ ਸਮਾਲੀਅਨਿ

ਤਿਥੈ ਨਦਰਿ ਤੇਰੀ ਬਖਸੀਸ॥ (ਅੰਗ-15)

ਇਸਤਰੀ ਜਾਤੀ ਨਾਲ ਹੋ ਰਹੇ ਵਿਤਕਰੇ ਵਿਰੁੱਧ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਪੁਰਜ਼ੋਰ ਵਿਰੋਧ ਦਰਜ ਕੀਤਾ ਸੀ। 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਵਾਲੀ ਰਚਨਾ ਇਸ ਵਿਤਕਰੇ ਦੇ ਸੂਤਰਧਾਰਾਂ ਨੂੰ ਖੁੱਲ੍ਹੀ ਵੰਗਾਰ ਹੈ :

ਭੰਡਿ ਜੰਮੀਐ ਭੰਡਿ ਨਿੰਮੀਐ

ਭੰਡਿ ਮੰਗਣੁ ਵੀਆਹੁ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥

ਭੰਡੁ ਮੁਆ ਭੰਡੁ ਭਾਲੀਐ

ਭੰਡਿ ਹੋਵੈ ਬੰਧਾਨੁ॥

ਸੋ ਕਿਉ ਮੰਦਾ ਆਖੀਐ

ਜਿਤੁ ਜੰਮਹਿ ਰਾਜਾਨ॥

ਭੰਡਹੁ ਹੀ ਭੰਡੁ ਊਪਜੈ

ਭੰਡੈ ਬਾਝੁ ਨ ਕੋਇ॥

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥

(ਅੰਗ-473)

ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਧਿਐਨ ਕਰੀਏ ਤਾਂ ਇਹ ਹਕੀਕਤ ਵੀ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ 'ਰੱਬ ਦੀ ਇੱਕਤਾ' ਦੇ ਸਿਧਾਂਤ ਦੀ ਵਿਆਖਿਆ ਬੜੀ ਤਫ਼ਸੀਲ ਨਾਲ ਕੀਤੀ ਹੈ। ਇਸੇ ਲਈ ਸਰ ਮੁਹੰਮਦ ਇਕਬਾਲ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ 'ਤੋਹੀਦ' ਦੀ ਆਵਾਜ਼ ਬਣ ਕੇ ਆਏ ਸਨ। ਪੰਜਾਬ ਤੋਂ ਉੱਠੀ ਉਸ 'ਮਰਦ-ਏ-ਕਾਮਿਲ' ਦੀ ਆਵਾਜ਼ ਨੇ ਗਫ਼ਲਤ ਦੀ ਨੀਂਦ ਵਿਚ ਸੁੱਤੇ ਹਿੰਦੋਸਤਾਨ ਨੂੰ ਜਗਾ ਦਿੱਤਾ ਸੀ :

ਫਿਰ ਉਠੀ ਆਖ਼ਿਰ ਸਦਾ

ਤੋਹੀਦ ਕੀ ਪੰਜਾਬ ਸੇ।

ਹਿੰਦ ਕੋ ਇਕ ਮਰਦ-ਏ-ਕਾਮਿਲ ਨੇ

ਜਗਾਯਾ ਖ਼ਵਾਬ ਸੇ।

ਪਰ ਇੱਥੇ ਗੁਰੂ ਸਾਹਿਬ ਦੇ 'ਰੱਬ ਦੀ ਇੱਕਤਾ' ਦੇ ਸਿਧਾਂਤ ਦੇ ਪ੍ਰਸੰਗ 'ਚ ਇਕ ਹੋਰ ਗੱਲ ਧਿਆਨ ਵਿਚ ਰੱਖਣ ਵਾਲੀ ਹੈ। ਗੁਰੂ ਸਾਹਿਬ ਦਾ ਬਹੁਤ ਸਪੱਸ਼ਟ ਸੰਦੇਸ਼ ਹੈ ਕਿ ਜੇ ਰੱਬ ਇਕ ਹੈ ਤਾਂ ਉਸ ਦੀ ਰਚਨਾ ਵਿਚ ਵੰਡੀਆਂ ਕਿਸ ਤਰ੍ਹਾਂ ਪਾਈਆਂ ਜਾ ਸਕਦੀਆਂ ਹਨ। ਜੇ ਰਚਨਾਕਾਰ ਇਕ ਹੈ, ਤਾਂ ਉਸ ਦੀ ਰਚਨਾ ਵਿਚ ਭੇਦ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।

ਫਿਰ ਇਥੇ ਇਕ ਹੋਰ ਨੁਕਤਾ ਵੀ ਬਹੁਤ ਮਹੱਤਵਪੂਰਨ ਹੈ ਅਤੇ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ। ਗੁਰੂ ਪਾਤਸ਼ਾਹ ਦੇ ਵਿਸ਼ਾਲ ਘੇਰੇ ਵਾਲੀ ਦਿਬ-ਦ੍ਰਿਸ਼ਟੀ ਵਿਚ ਦੁਨੀਆ ਦੀ ਵੰਨ-ਸੁਵੰਨਤਾ ਸਹਿਜੇ ਹੀ ਸਮੋਈ ਹੋਈ ਹੈ। ਆਪਣੀ ਬਾਣੀ ਵਿਚ ਗੁਰੂ ਸਾਹਿਬ ਥਾਂ-ਥਾਂ 'ਤੇ ਇਸ ਵਿਭਿੰਨਤਾ ਦੀ, ਵੰਨ-ਸੁਵੰਨਤਾ ਦੀ ਵਜ਼ਾਹਤ ਕਰਦੇ ਹਨ, ਉਸ ਦੀ ਭਰਪੂਰ ਚਰਚਾ ਕਰਦੇ ਹਨ ਅਤੇ ਉਸ ਨੂੰ ਤਰ੍ਹਾਂ-ਤਰ੍ਹਾਂ ਨਾਲ ਵਡਿਆਉਂਦੇ ਹਨ। ਜਪੁਜੀ ਸਾਹਿਬ ਦੀਆਂ ਇਹ ਸਤਰਾਂ ਵੇਖਣ ਵਾਲੀਆਂ ਹਨ :

ਰੰਗੀ ਰੰਗੀ ਭਾਤੀ ਕਰਿ ਕਰਿ

ਜਿਨਸੀ ਮਾਇਆ ਜਿਨਿ ਉਪਾਈ॥

ਕਰਿ ਕਰਿ ਵੇਖੈ ਕੀਤਾ ਆਪਣਾ

ਜਿਵ ਤਿਸ ਦੀ ਵਡਿਆਈ॥ (ਅੰਗ-6)

ਇਕ ਹੋਰ ਥਾਂ 'ਤੇ ਗੁਰੂ ਸਾਹਿਬ ਦਾ ਫ਼ਰਮਾਨ ਹੈ :

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥

ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥ (ਅੰਗ-17)

ਆਪਣੀ ਇਕ ਹੋਰ ਰਚਨਾ ਵਿਚ ਗੁਰੂ ਸਾਹਿਬ ਵੰਨ-ਸੁਵੰਨਤਾ ਦੀ ਵਜ਼ਾਹਤ ਬੜੇ ਨਿਵੇਕਲੇ ਢੰਗ ਨਾਲ ਕਰਦੇ ਹਨ। ਇਸ ਰਚਨਾ ਵਿਚ ਧਰਮ ਦੇ ਆਧਾਰ 'ਤੇ ਭੇਦ-ਭਾਵ ਤੇ ਵੰਡੀਆਂ ਨੂੰ ਅਸਵੀਕਾਰ ਕਰਦਿਆਂ, ਗੁਰੂ ਸਾਹਿਬ ਇਕ ਸਿਧਾਂਤ ਦਿੰਦੇ ਹਨ ਕਿ ਰੱਬ ਦੇ ਕਈ ਨਾਮ ਰੱਖੇ ਜਾ ਸਕਦੇ ਹਨ, ਉਸ ਨੂੰ ਯਾਦ ਕਰਨ ਦੇ ਤਰੀਕੇ ਵੱਖਰੇ ਹੋ ਸਕਦੇ ਹਨ। ਪਰ ਇਸ ਆਧਾਰ 'ਤੇ ਰਚਨਾ ਵਿਚ ਪਾੜੇ ਨਹੀਂ ਪਾਏ ਜਾ ਸਕਦੇ। ਇਸ ਤੋਂ ਖ਼ੂਬਸੂਰਤ ਉਦਾਹਰਨ ਕੀ ਹੋ ਸਕਦੀ ਹੈ- ਸਮੁੱਚੀ ਲੋਕਾਈ ਨੂੰ ਸੰਬੋਧਨ ਦਾ ਅਤੇ ਉਨ੍ਹਾਂ ਦੀ ਸਾਂਝੀ ਅਤੇ ਵਿਆਪਕ ਦ੍ਰਿਸ਼ਟੀ ਦਾ, ਜਦੋਂ ਗੁਰੂ ਨਾਨਕ ਦੇਵ ਜੀ ਨਿਵੇਕਲੇ ਢੰਗ ਨਾਲ ਵੰਨ-ਸੁਵੰਨਤਾ ਦੀ ਪ੍ਰਸੰਸਾ ਕਰਦਿਆਂ, ਅਤਿ ਨਿਮਰ ਭਾਵ ਨਾਲ ਕਹਿੰਦੇ ਹਨ- ਨਾਨਕ ਵਿਚਾਰਾ ਕੀ ਆਖ ਸਕਦਾ ਹੈ?

ਸਾਰਾ ਸੰਸਾਰ ਹੀ ਤੈਨੂੰ 'ਇਕੋ' ਨੂੰ ਸਲਾਹ ਰਿਹਾ ਹੈ। ਨਾਨਕ ਦਾ ਸਿਰ, ਤੇਰੀ ਸਿਫ਼ਤੋ-ਸਲਾਹ ਕਰਨ ਵਾਲੇ ਬੰਦਿਆਂ ਦੇ ਕਦਮਾਂ 'ਤੇ ਹੈ ਭਾਵੇਂ ਤੈਨੂੰ ਕੋਈ ਕਿਸੇ ਵੀ ਨਾਮ ਨਾਲ ਯਾਦ ਕਰ ਰਿਹਾ ਹੈ। ਜਿਤਨੇ ਵੀ ਤੇਰੇ ਨਾਮ ਹਨ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ :

ਨਾਨਕੁ ਵੇਚਾਰਾ ਕਿਆ ਕਹੈ॥

ਸਭੁ ਲੋਕੁ ਸਲਾਹੇ ਏਕਸੈ॥

ਸਿਰੁ ਨਾਨਕ ਲੋਕਾ ਪਾਵ ਹੈ॥

ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥

(ਅੰਗ-1168)

ਪਰ ਇੱਥੇ ਇਕ ਹੋਰ ਸਿਧਾਂਤਕ ਤੇ ਅਹਿਮ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ। ਵਿਭਿੰਨਤਾ ਹਮੇਸ਼ਾ ਕਾਇਮ ਰਹੇ, ਉਸ ਦੀ ਖ਼ੂਬਸੂਰਤੀ ਬਰਕਰਾਰ ਰਹੇ, ਵੱਖ-ਵੱਖ ਧਿਰਾਂ ਵਿਚ ਟਕਰਾਅ ਨਾ ਪੈਦਾ ਹੋਵੇ ਅਤੇ ਕਿਤੇ ਇਹ ਟਕਰਾਅ ਇਕ-ਦੂਜੇ ਦੀ ਹੋਂਦ ਲਈ ਖ਼ਤਰਾ ਨਾ ਬਣ ਜਾਵੇ- ਇਸ ਲਈ ਜ਼ਰੂਰੀ ਹੁੰਦਾ ਹੈ - ਸੰਵਾਦ। ਗੁਰੂ ਨਾਨਕ ਪਾਤਸ਼ਾਹ ਨੇ ਵਿਭਿੰਨਤਾ ਦੀ ਖ਼ੂਬਸੂਰਤੀ ਕਾਇਮ ਰੱਖਦਿਆਂ, ਆਪਸੀ ਸੰਵਾਦ ਰਾਹੀਂ, ਵੱਖ-ਵੱਖ ਧਰਮਾਂ ਤੇ ਸਮਾਜਿਕ ਇਕਾਈਆਂ ਵਿਚਕਾਰ ਇਕ ਵਿਆਪਕ ਸਾਂਝ ਸਥਾਪਿਤ ਕਰਨ ਲਈ ਸਾਰੀ ਦੁਨੀਆ ਦਾ ਭਰਮਣ ਕਰ ਕੇ, ਲਾਮਿਸਾਲ ਭੂਮਿਕਾ ਨਿਭਾਈ ਸੀ।

ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਸ ਸੋਚ ਤੇ ਸੰਕਲਪ ਨਾਲ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਤੇ ਮੁਲਕਾਂ ਦੀਆਂ ਹੱਦਾਂ ਟੱਪ ਕੇ ਆਪਸੀ ਸਾਂਝ ਅਤੇ ਸਦਭਾਵ ਸਥਾਪਿਤ ਕਰਨ ਲਈ, ਸੰਵਾਦ ਦੀ ਪਿਰਤ ਪਾਈ ਸੀ, ਅੱਜ ਸਾਰੀ ਦੁਨੀਆ ਉਸ ਦਾ ਪਾਲਣ (ਅਨੁਸਰਣ) ਕਰ ਰਹੀ ਹੈ। ਹਕੀਕਤਨ, ਗੁਰੂ ਨਾਨਕ ਦੇਵ ਜੀ ਨੇ ਧਰਮਾਂ ਦੇ ਇਤਿਹਾਸ ਵਿਚ ਇਕ ਨਵਾਂ ਤਜਰਬਾ ਪੇਸ਼ ਕੀਤਾ ਸੀ। ਭੂਗੋਲਿਕ ਹੱਦਾਂ ਪਾਰ ਕਰ ਕੇ ਯੋਗੀ, ਸਿੱਧ, ਵੇਦਾਂਤੀ, ਵੈਸ਼ਨਵ, ਬੋਧੀ, ਜੈਨੀ, ਸੂਫ਼ੀ, ਮੁੱਲਾਂ, ਪੰਡਤਾਂ ਆਦਿ ਸਾਰਿਆਂ ਨਾਲ ਸੰਵਾਦ ਰਚਾਇਆ ਸੀ। ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਰੱਬੀ ਪੈਗ਼ਾਮ ਲੋਕਾਂ ਤੱਕ ਪਹੁੰਚਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਜਿੰਨੀ ਕੁ ਉਨ੍ਹਾਂ ਸਮਿਆਂ ਵਿਚ ਯਾਤਰਾ ਕੀਤੀ, ਉਸ ਦੀ ਇਤਿਹਾਸ ਵਿਚ ਕੋਈ ਹੋਰ ਮਿਸਾਲ ਨਹੀਂ ਮਿਲਦੀ। ਮੁਲਤਾਨ, ਪਾਕਪਟਨ, ਹਰਿਦੁਆਰ, ਕੁਰੂਕਸ਼ੇਤਰ, ਬਨਾਰਸ, ਗਯਾ, ਪੁਰੀ, ਨਿਪਾਲ, ਸ੍ਰੀਲੰਕਾ, ਤਿੱਬਤ, ਮੱਕਾ, ਮਦੀਨਾ, ਬਗ਼ਦਾਦ, ਕਾਬਲ ਅਤੇ ਹੋਰ ਬਹੁਤ ਸਾਰੇ ਇਲਾਕੇ, ਜਿੱਥੇ ਪਹੁੰਚਣਾ ਕਦਾਚਿਤ ਸੰਭਵ ਨਹੀਂ ਸੀ, ਗੁਰੂ ਜੀ ਨੇ ਪਹੁੰਚ ਕੇ ਰੱਬੀ ਸੁਨੇਹਾ ਦਿੱਤਾ ਸੀ। ਆਪਣੀਆਂ ਲੰਮੀਆਂ ਯਾਤਰਾਵਾਂ ਦੌਰਾਨ ਵੱਖ-ਵੱਖ ਧਰਮਾਂ ਤੇ ਸੱਭਿਆਚਾਰਾਂ ਵਾਲੇ, ਓਪਰੀ ਤੋਂ ਓਪਰੀ ਭਾਸ਼ਾ ਤੇ ਰਸਮੋ-ਰਿਵਾਜ ਵਾਲੇ ਲੋਕਾਂ ਨਾਲ ਸੰਵਾਦ ਕਰ ਕੇ ਗੁਰੂ ਜੀ ਨੇ ਆਪਸੀ ਸਦਭਾਵ ਅਤੇ ਸੱਭਿਆਚਾਰਕ ਸਾਂਝ ਉੱਪਰ ਆਧਾਰਿਤ ਇਕ ਨਵੇਂ ਵਿਸ਼ਵ ਨਿਜਾਮ ਦੀ ਸਿਰਜਣਾ ਦਾ ਮੁੱਢ ਬੰਨ੍ਹਿਆ ਸੀ।

ਸਾਰੇ ਸੰਦਰਭ ਵਿਚ ਭਾਈ ਗੁਰਦਾਸ ਜੀ ਦੀ ਇਕ ਰਚਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਇਸ ਰਚਨਾ ਵਿਚ ਬੜੇ ਖ਼ੂਬਸੂਰਤ ਢੰਗ ਨਾਲ ਭਾਈ ਸਾਹਿਬ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਸੱਭਿਆਚਾਰਾਂ ਤੇ ਧਰਮਾਂ ਵਿਚਕਾਰ ਸਾਂਝ ਤੇ ਸਦਭਾਵ ਪੈਦਾ ਕਰਨ ਦੀ ਵਿਸ਼ਵ ਪੱਧਰੀ ਮੁਹਿੰਮ ਚਲਾਈ ਸੀ।

ਭਾਈ ਗੁਰਦਾਸ ਜੀ ਦਾ ਕਹਿਣਾ ਹੈ ਕਿ ਗੁਰੂ ਨਾਨਕ ਸਾਹਿਬ ਸਮੁੱਚੀ ਮਨੁੱਖਤਾ ਦੇ ਸਾਮੂਹਿਕ ਕਲਿਆਣ ਲਈ ਧਰਤੀ 'ਤੇ ਆਏ ਸਨ। 'ਕਲਿ ਤਾਰਨ ਗੁਰੂ ਨਾਨਕ ਆਇਆ' ਦਾ ਸੰਦੇਸ਼ ਦਿੰਦੀ ਇਹ ਰਚਨਾ ਇਸ ਤਰ੍ਹਾਂ ਹੈ :

ਗੜ ਬਗਦਾਦੁ ਨਿਵਾਇਕੈ

ਮਕਾ ਮਦੀਨਾ ਸਭੇ ਨਿਵਾਇਆ॥

ਸਿਧ ਚਉਰਾਸੀਹ ਮੰਡਲੀ ਖਟਿ

ਦਰਸਨਿ ਪਾਖੰਡਿ ਜਿਣਾਇਆ॥

ਪਾਤਾਲਾ ਆਕਾਸ ਲਖ ਜੀਤੀ

ਧਰਤੀ ਜਗਤੁ ਸਬਾਇਆ॥

ਜੀਤੀ ਨਉਖੰਡ ਮੇਦਨੀ

ਸਤਿਨਾਮ ਦਾ ਚਕ੍ਰ ਫਿਰਾਇਆ॥

ਦੇਵਦਾਨੋ ਰਾਕਸਿ ਦੈਤ

ਸਭ ਚਿਤਿਗੁਪਤਿ ਸਭ ਚਰਨੀ ਲਾਇਆ॥

ਇੰਦ੍ਰਾਸਣਿ ਅਪਛਰਾ

ਰਾਗ ਰਾਗਨੀ ਮੰਗਲੁ ਗਾਇਆ॥

ਭਇਆ ਅਨੰਦ ਜਗਤੁ ਵਿਚਿ

ਕਲਿ ਤਾਰਨ ਗੁਰ ਨਾਨਕ ਆਇਆ॥

ਹਿੰਦੂ ਮੁਸਲਮਾਣਿ ਨਿਵਾਇਆ॥

(ਭਾਈ ਗੁਰਦਾਸ ਜੀ ਵਾਰ-ਪਹਿਲੀ, ਪਾਊੜੀ-37)

ਆਖ਼ਿਰ ਵਿਚ, ਹਿੰਦੀ ਸਾਹਿਤ ਦੇ ਨਾਮਵਰ ਵਿਦਵਾਨ 'ਮੈਥਿਲੀ ਸ਼ਰਣ ਗੁਪਤ' ਦੀ ਇਕ ਕਾਵਿਕ ਰਚਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਦੇਸ਼-ਵਿਦੇਸ਼ ਦਾ ਭਰਮਣ ਕਰ ਕੇ, ਵੱਖ-ਵੱਖ ਧਰਮਾਂ ਦੀ ਅਗਵਾਈ ਕਰਨ ਵਾਲੇ ਮਹਾਪੁਰਖਾਂ ਨਾਲ ਮੁਲਾਕਾਤ ਕੀਤੀ ਸੀ। ਗੁਰੂ ਸਾਹਿਬ ਦੇ ਪਿਆਰ ਭਰੇ ਉਪਦੇਸ਼ ਸਾਰਿਆਂ ਨੇ ਬੜੇ ਚਾਅ ਨਾਲ ਸੁਣੇ ਸਨ। ਇਸ ਤਰ੍ਹਾਂ ਆਪਣੀ ਨਿਵੇਕਲੀ ਸੰਵਾਦ ਦੀ ਵਿਧੀ ਨਾਲ ਉਨ੍ਹਾਂ ਨੇ ਲੋਕਾਂ ਵਿਚ ਆਪਸੀ ਸਾਂਝ ਅਤੇ ਸਦਭਾਵ ਦੀ ਭਾਵਨਾ ਨੂੰ ਪਰਿਪੱਕ ਕੀਤਾ ਸੀ :

ਮਿਲੇ ਅਨੇਕ ਮਹਾਂਪੁਰਸ਼ੋਂ ਸੇ,

ਘੂਮੇ ਨਾਨਕ ਦੇਸ਼-ਵਿਦੇਸ਼,

ਸੁਨੇ ਗਏ ਸਰਵਤ੍ਰ ਚਾਵ ਸੇ,

ਭਾਵ ਭਰੇ ਉਨਕੇ ਉਪਦੇਸ਼।

ਨਿਰਭਯ ਹੋ ਕਰ ਕੀਆ ਉਨਹੋ ਨੇ,

ਸਾਮਯ ਧਰਮ ਕਾ ਯਹਾਂ ਪ੍ਰਚਾਰ,

ਪ੍ਰੀਤ ਨੀਤ ਕੇ ਸਾਥ ਭੀ ਸਭੀ ਕੋ,

ਸ਼ੁਭ ਕਰਮੋਂ ਕਾ ਹੈ ਅਧਿਕਾਰ।

ਸਾਰੇ ਕਰਮ-ਕਾਂਡ ਨਿਸ਼ਫਲ ਹੈਂ,

ਨਾ ਹੋ ਸ਼ੁਧ ਮਨ ਕੀ ਯਦੀ ਭਗਤੀ,

ਭਵਯ ਭਾਵਨਾ ਤਬੀ ਫਲੇਗੀ,

ਜਬ ਹੋਗੀ ਕਰਨੇ ਕੀ ਸ਼ਕਤੀ।

 

ਡਾਕਟਰ ਜਸਪਾਲ ਸਿੰਘ ਦਿੱਲੀ

-ਸਾਬਕਾ ਉੱਪ-ਕੁਲਪਤੀ,

ਪੰਜਾਬੀ ਯੂਨੀਵਰਸਿਟੀ, ਪਟਿਆਲਾ