ਦਰਬਾਰ ਸਾਹਿਬ ਵਿੱਚ  ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਦੀ ਖਬਰ  ਨੂੰ ਸੈਨਾ ਨੇ ਕੀਤਾ ਰਦ

ਦਰਬਾਰ ਸਾਹਿਬ ਵਿੱਚ  ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਦੀ ਖਬਰ  ਨੂੰ ਸੈਨਾ ਨੇ ਕੀਤਾ ਰਦ

 ਕੀ ਫੌਜ ਆਪਣੇ ਪਹਿਲੇ ਬਿਆਨਾਂ ਤੋਂ ਮੁਕਰੀ?

*ਸ੍ਰੋਮਣੀ ਕਮੇਟੀ ਤੇ ਸਿੱਖ ਚਿੰਤਕਾਂ   ਨੇ ਭਾਰਤੀ ਫੌਜ ਦੇ ਦਾਅਵਿਆਂ ਨੂੰ  ਦਸਿਆ ਸੀ ਝੂਠਾ ,ਜਾਂਚ ਦੀ ਕੀਤੀ ਸੀ ਮੰਗ 

 ਭਾਰਤੀ ਸੈਨਾ ਨੇ ਹੁਣੇ ਜਿਹੇ ਸਪੱਸ਼ਟ ਕੀਤਾ ਕਿ ਓਪਰੇਸ਼ਨ ਸਿੰਧੂਰ ਦੌਰਾਨ ਸ੍ਰੀ ਦਰਬਾਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦੇ ਅਹਾਤੇ ਵਿੱਚ ਕੋਈ ਵੀ ਏਅਰ ਡਿਫੈਂਸ ਗੰਨਾਂ ਜਾਂ ਹੋਰ ਏਅਰ ਡਿਫੈਂਸ ਸਾਧਨ ਤਾਇਨਾਤ ਨਹੀਂ ਕੀਤੇ ਗਏ। ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਜਵਾਬ ਵਿੱਚ ਆਇਆ, ਜਿਨ੍ਹਾਂ ਵਿੱਚ ਫੌਜ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸੈਨਾ ਨੂੰ ਪਾਕਿਸਤਾਨ ਤੋਂ ਸੰਭਾਵੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਏਅਰ ਡਿਫੈਂਸ ਗੰਨਾਂ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਸੀ।

ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਸਬੰਧ ਵਿੱਚ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਪਾਕਿਸਤਾਨ ਵੱਲੋਂ ਦਾਗੇ ਗਏ ਡਰੋਨ ਅਤੇ ਮਿਸਾਈਲਾਂ ਨੂੰ ਮਾਰ ਡੇਗਣ ਦੀ ਗੱਲ ਦਿਖਾਈ ਗਈ ਸੀ। ਮੇਜਰ ਜਨਰਲ ਕਾਰਤਿਕ ਸੀ ਸੇਸ਼ਾਦਰੀ ਨੇ ਕਿਹਾ ਸੀ  ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹ ਧਾਰਮਿਕ ਸਥਾਨਾਂ, ਭਾਰਤ ਦੇ ਫੌਜੀ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ, ਦਰਬਾਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ।" ਫੌਜ ਨੇ ਕਿਹਾ ਸੀ ਕਿ ਸਾਡੇ ਸੁਚੇਤ ਆਰਮੀ ਏਅਰ ਡਿਫੈਂਸ ਗੰਨਰਾਂ ਨੇ ਦਰਬਾਰ ਸਾਹਿਬ 'ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਮਾਰ ਸੁੱਟਿਆ। ਇਸ ਤਰ੍ਹਾਂ, ਸਾਡੇ ਪਵਿੱਤਰ ਦਰਬਾਰ ਸਾਹਿਬ 'ਤੇ ਇੱਕ ਵੀ ਝਰੀਟ ਨਹੀਂ ਆਉਣ ਦਿੱਤੀ ਗਈ।" ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ  ਦੀ ਪ੍ਰਵਾਨਗੀ ਨਾਲ ਉਸ ਦੁਆਲੇ ਤੋਪਾਂ ਤਾਇਨਾਤ ਕੀਤੀਆਂ ਸਨ। 

ਭਾਰਤੀ ਫੌਜ ਦੇ ਇਸ ਦਾਅਵੇ ਕਾਰਣ ਸਿੱਖ ਸੰਗਤਾਂ ਵਿੱਚ ਭਾਰੀ ਵਿਵਾਦ ਨੂੰ ਜਨਮ ਦਿੱਤਾ ਸੀ।  ਇਸ ਦੀ ਵਡੇ ਪੱਧਰ ਉਪਰ ਅਲੋਚਨਾ ਹੋਈ ਸੀ।

ਸੈਨਾ ਨੇ ਹੁਣ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਕੁਝ ਮੀਡੀਆ ਰਿਪੋਰਟਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਸਬੰਧੀ ਸਾਹਮਣੇ ਆਈਆਂ ਹਨ। ਅਸੀਂ ਸਪੱਸ਼ਟ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਕੋਈ ਵੀ ਏਅਰ ਡਿਫੈਂਸ ਗੰਨਾਂ ਜਾਂ ਸਾਧਨ ਤਾਇਨਾਤ ਨਹੀਂ ਕੀਤੇ ਗਏ।

ਇਸ ਤੋਂ ਪਹਿਲਾਂ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਅਤੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਨੇ ਵੀ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਸੈਨਾ ਨੂੰ ਕੋਈ ਵੀ ਏਅਰ ਡਿਫੈਂਸ ਗੰਨਾਂ ਤਾਇਨਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਪ੍ਰਸ਼ਾਸਨ ਨੇ ਸਿਰਫ਼ ਬਲੈਕਆਊਟ ਦੌਰਾਨ ਬਿਜਲੀ ਬੰਦ ਕਰਨ ਸਬੰਧੀ ਸੰਪਰਕ ਕੀਤਾ ਸੀ, ਜਿਸ ਵਿੱਚ ਸ੍ਰੋਮਣੀ ਕਮੇਟੀ ਨੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਿਭਾਉਂਦਿਆਂ ਅਤੇ ਮਰਯਾਦਾ ਦੀ ਪਵਿਤਰਤਾ ਬਣਾਈ ਰੱਖਦਿਆਂ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੈਨਾ ਦੇ ਕਿਸੇ ਵੀ ਅਧਿਕਾਰੀ ਨੇ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਸਬੰਧੀ ਕੋਈ ਸੰਪਰਕ ਨਹੀਂ ਕੀਤਾ।ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ, ਗਿਆਨੀ ਰਘਬੀਰ ਸਿੰਘ, ਜੋ ਓਪਰੇਸ਼ਨ ਸਿੰਧੂਰ ਦੌਰਾਨ ਵਿਦੇਸ਼ੀ ਦੌਰੇ 'ਤੇ ਸਨ, ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨਾਲ ਗੰਨਾਂ ਦੀ ਤਾਇਨਾਤੀ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹਾ ਕੋਈ ਵਾਕਿਆ ਵਾਪਰਿਆ।

 ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਵੀ ਸੈਨਾ ਦੇ ਦਾਅਵੇ ਨੂੰ "ਹੈਰਾਨੀਜਨਕ ਤੌਰ 'ਤੇ ਝੂਠਾ" ਕਰਾਰ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ।ਗਿਆਨੀ ਅਮਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਸ਼ਹਿਰ-ਵਿਆਪੀ ਬਲੈਕਆਊਟ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਰਫ਼ ਬਾਹਰੀ ਅਤੇ ਉਪਰਲੀਆਂ ਲਾਈਟਾਂ ਬੰਦ ਕੀਤੀਆਂ। ਜਿੱਥੇ ਮਰਯਾਦਾ ਦੀ ਪਾਲਣਾ ਹੋ ਰਹੀ ਸੀ, ਉੱਥੇ ਲਾਈਟਾਂ ਚਾਲੂ ਰੱਖੀਆਂ ਗਈਆਂ ਅਤੇ ਧਾਰਮਿਕ ਸਥਾਨ ਦੀ ਪਵਿਤਰਤਾ ਨੂੰ ਪੂਰੀ ਜ਼ਿੰਮੇਵਾਰੀ ਨਾਲ ਬਣਾਈ ਰੱਖਿਆ ਗਿਆ।

ਫੌਜ ਨੇ ਪਹਿਲਾਂ ਝੂਠ ਕਿਉਂ ਬੋਲਿਆ?

ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿੱਚ ਓਪਰੇਸ਼ਨ ਸਿੰਧੂਰ ਦੌਰਾਨ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਸਬੰਧੀ ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀ, ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ'ਕੁਨਹਾ, ਦੇ ਦਾਅਵੇ ਨੂੰ ਬਾਅਦ ਵਿੱਚ ਸੈਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਝੂਠਾ ਕਰਾਰ ਦਿੱਤਾ ਸੀ। ਇਸ ਸਬੰਧੀ ਕਈ ਸੰਭਾਵੀ ਕਾਰਨ ਹੋ ਸਕਦੇ ਹਨ ਜਿਨ੍ਹਾਂ ਕਰਕੇ ਅਜਿਹਾ ਗਲਤ ਬਿਆਨ ਸਾਹਮਣੇ ਆਇਆ।

ਮਾਹਿਰਾਂ ਦਾ ਕਹਿਣਾ ਹੈ ਕਿ ਸੈਨਾ ਦੇ ਅਧਿਕਾਰੀ ਨੂੰ ਗਲਤ ਜਾਣਕਾਰੀ ਮਿਲੀ ਹੋਵੇ ਜਾਂ ਉਸ ਨੇ ਗਲਤਫਹਿਮੀ ਕਾਰਨ ਅਜਿਹਾ ਬਿਆਨ ਦਿੱਤਾ ਹੋਵੇ। ਮੀਡੀਆ ਨਾਲ ਗੱਲਬਾਤ ਦੌਰਾਨ, ਸੰਭਵ ਤੌਰ 'ਤੇ, ਤੱਥਾਂ ਦੀ ਪੁਸ਼ਟੀ ਤੋਂ ਬਿਨਾਂ ਜਾਂ ਅਧੂਰੀ ਜਾਣਕਾਰੀ ਦੇ ਅਧਾਰ 'ਤੇ ਬਿਆਨ ਦਿੱਤਾ ਗਿਆ। ਕੁਝ ਸਿੱਖ ਸੰਗਠਨਾਂ ਅਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਅਨੁਸਾਰ ਸੈਨਾ ਦਾ ਬਿਆਨ ਸਰਕਾਰ ਜਾਂ ਸੱਜੇ-ਪੱਖੀ ਸਮੂਹਾਂ ਦੇ ਪ੍ਰੋਪੇਗੰਡੇ ਦਾ ਹਿੱਸਾ ਹੋ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਿਆਸੀ ਮਕਸਦਾਂ ਲਈ ਜਾਣਬੁੱਝ ਕੇ ਕੀਤਾ ਗਿਆ।

ਕੁਝ ਲੋਕਾਂ ਦਾ ਸ਼ੋਸ਼ਲ ਮੀਡੀਆ ਉਪਰ ਮੰਨਣਾ ਸੀ ਕਿ ਓਪਰੇਸ਼ਨ ਸਿੰਧੂਰ ਦੌਰਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ, ਸੈਨਾ ਨੇ ਸ਼ਾਇਦ ਆਪਣੀ ਤਿਆਰੀ ਅਤੇ ਸੁਰੱਖਿਆ ਉਪਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਵਰਗੇ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਦਾ ਜ਼ਿਕਰ ਸ਼ਾਮਲ ਸੀ। ਪਰ, ਇਸ ਪ੍ਰਕਾਰ ਦਾ ਬਿਆਨ ਦੇਣ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਜਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਨਾ ਕਰਨਾ ਇੱਕ ਵੱਡੀ ਗਲਤੀ ਸੀ।ਸੰਭਵ ਇਹ ਵੀ ਹੈ ਕਿ ਸੈਨਾ ਦੇ ਅਧਿਕਾਰੀ ਦੇ ਬਿਆਨ ਨੂੰ ਮੀਡੀਆ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੋਵੇ। ਉਦਾਹਰਣ ਵਜੋਂ, ਲੈਫਟੀਨੈਂਟ ਜਨਰਲ ਡੀ'ਕੁਨਹਾ ਨੇ ਸ਼ਾਇਦ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਦੀ ਸੁਰੱਖਿਆ ਦੀ ਗੱਲ ਕੀਤੀ ਹੋਵੇ।

 ਹਾਲਾਂਕਿ, ਇਹ ਦਾਅਵੇ ਸਿਰਫ਼ ਅਨੁਮਾਨ ਹਨ ਅਤੇ ਇਸ ਦੀ ਪੁਸ਼ਟੀ ਲਈ ਕੋਈ ਠੋਸ ਸਬੂਤ ਨਹੀਂ ਹਨ।ਪਰ ਇਸਦੀ ਜਾਂਚ ਹੋਣੀ ਚਾਹੀਦੀ ਹੈ।  ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਸਰਵਉੱਚ ਧਾਰਮਿਕ ਸਥਾਨ ਹੈ, ਅਤੇ ਇਸ ਸਬੰਧੀ ਗਲਤ ਬਿਆਨ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ।  ਸੈਨਾ ਦੇ ਸੀਨੀਅਰ ਅਧਿਕਾਰੀ ਵੱਲੋਂ ਗਲਤ ਬਿਆਨ ਦੇਣ ਨਾਲ ਸੰਸਥਾ ਦੀ ਵਿਸ਼ਵਾਸ ਯੋਗਤਾ 'ਤੇ ਸਵਾਲ ਉੱਠਦੇ ਹਨ। ਜੇਕਰ ਇਹ ਜਾਣਬੁੱਝ ਕੇ ਕੀਤਾ ਗਿਆ, ਤਾਂ ਇਸ ਦੇ ਪਿੱਛੇ ਦੇ ਮਕਸਦ ਅਤੇ ਜ਼ਿੰਮੇਵਾਰੀ ਨੂੰ ਸਾਹਮਣੇ ਲਿਆਉਣ ਲਈ ਜਾਂਚ ਜ਼ਰੂਰੀ ਹੈ। ਓਪਰੇਸ਼ਨ ਸਿੰਧੂਰ ਵਰਗੀਆਂ ਸੰਵੇਦਨਸ਼ੀਲ ਘਟਨਾਵਾਂ ਦੌਰਾਨ ਸਹੀ ਜਾਣਕਾਰੀ ਦਾ ਪ੍ਰਸਾਰਣ ਮਹੱਤਵਪੂਰਨ ਹੈ। ਗਲਤ ਬਿਆਨਾਂ ਨਾਲ ਨਾ ਸਿਰਫ਼ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਸਗੋਂ ਸਰਕਾਰ ਅਤੇ ਸੈਨਾ ਦੀ ਸਾਖ ਨੂੰ ਵੀ ਨੁਕਸਾਨ ਹੁੰਦਾ ਹੈ। ਦਰਬਾਰ ਸਾਹਿਬ 'ਤੇ ਕਥਿਤ ਹਮਲੇ ਦੇ ਦਾਅਵੇ ਨੇ ਸਿੱਖ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ ਹੈ। ਸ੍ਰੋਮਣੀ ਕਮੇਟੀ ਅਤੇ ਸਿੱਖ ਆਗੂਆਂ ਦੀ ਸੁਤੰਤਰ ਜਾਂਚ ਦੀ ਮੰਗ, ਪਾਕਿਸਤਾਨ ਦੇ ਇਨਕਾਰ ਅਤੇ ਭਾਰਤ ਸਰਕਾਰ ਦੇ ਬਿਆਨ ਨੇ ਮਾਮਲੇ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦਿਆਂ, ਸੱਚਾਈ ਸਾਹਮਣੇ ਲਿਆਉਣ ਲਈ ਸਪੱਸ਼ਟ ਅਤੇ ਨਿਰਪੱਖ ਜਾਂਚ ਦੀ ਜ਼ਰੂਰਤ ਹੈ।

ਪਾਕਿਸਤਾਨ ਨੇ ਭਾਰਤੀ ਫੌਜ ਦੇ ਦਾਅਵੇ ਨਕਾਰੇ  , ਸਿੱਖਾਂ ਨੂੰ ‘ਭਰਾ’ ਦੱਸਿਆ

ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ। ਪਾਕਿਸਤਾਨੀ ਅਧਿਕਾਰੀ ਫਵਾਦ ਚੌਧਰੀ ਨੇ X 'ਤੇ ਪੋਸਟ ਕੀਤਾ ਕਿ ਦਰਬਾਰ ਸਾਹਿਬ ਸਾਡੇ ਸਾਰਿਆਂ ਲਈ ਪਵਿੱਤਰ ਹੈ। ਪਾਕਿਸਤਾਨ ਕਦੇ ਸਿੱਖ ਅਸਥਾਨਾਂ 'ਤੇ ਹਮਲਾ ਨਹੀਂ ਕਰ ਸਕਦਾ।” ਮੁਹੰਮਦ ਅਕਰਮ ਨੇ ਦਾਅਵਾ ਕੀਤਾ ਕਿ ਭਾਰਤ ਨੇ ਅੰਮ੍ਰਿਤਸਰ ਵਿੱਚ ਬਲੈਕਆਊਟ ਕਰਕੇ ਸਿੱਖਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਭਾਰਤ ਦੀ ਸਾਜਿਸ਼ ਕਰਾਰ ਦਿੱਤਾ।