ਅਮਰੀਕਨ ਸਿੱਖਾਂ ਵੱਲੋਂ ਦਾਅਵਾ ਗੁਰਦੁਆਰਿਆਂ ਵਿੱਚ ਛਾਪੇ ਨਹੀਂ ਮਾਰੇ,ਭਾਰਤੀ ਮੀਡੀਆ ਝੂਠਾ 

ਅਮਰੀਕਨ ਸਿੱਖਾਂ ਵੱਲੋਂ ਦਾਅਵਾ ਗੁਰਦੁਆਰਿਆਂ ਵਿੱਚ ਛਾਪੇ ਨਹੀਂ ਮਾਰੇ,ਭਾਰਤੀ ਮੀਡੀਆ ਝੂਠਾ 

* ਕਿਹਾ ਕਿ ਅਮਰੀਕੀ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਨਾਲ ਸਿੱਖ ਕੌਮ ਦੇ ਨਿੱਘੇ ਰਿਸ਼ਤੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊ ਯਾਰਕ-ਸਿੱਖ ਆਗੂਆਂ ਨੇ ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਿਆਂ ਵਿੱਚ ਛਾਪਿਆਂ ਬਾਰੇ ਭਾਰਤੀ ਮੀਡੀਆ ’ਵਿਚ ਛਪੀਆਂ ਖ਼ਬਰਾਂ ਨੂੰ ਝੂਠਾ ਦਸਿਆ ਹੈ। ਅਮਰੀਕਨ ਸਿੱਖ ਆਗੂਆਂ ਨੇ ਕਿਹਾ ਕਿ ਅਜਿਹੀ ਕਿਸੇ ਮੁਹਿੰਮ ਤਹਿਤ ਗੁਰਦੁਆਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਨਿਊ ਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਦੇ ਸੁਖਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਐਤਵਾਰ ਨੂੰ ਆਮ ਵਾਂਗ ਗੁਰਦੁਆਰੇ ਵਿਚ ਪਾਠ ਤੇ ਕੀਰਤਨ ਕੀਤਾ ਗਿਆ ਤੇ ਇਸ ਦੌਰਾਨ ਕਿਸੇ ਨੇ ਕੋਈ ਦਖ਼ਲ ਨਹੀਂ ਦਿੱਤਾ। ਸਿੱਖ ਕਲਚਰਲ ਸੁਸਾਇਟੀ ਨਾਲ ਜੁੜੇ ਤੇ ਸਾਹਿਲੀ ਉੱਤਰ-ਪੂਰਬ ਦੀ ਨੁਮਾਇੰਦਗੀ ਕਰਦੇ ਭਾਈ ਨਿੱਝਰ ਨੇ ਕਿਹਾ ਕਿ ਪੁਲੀਸ ਜਾਂ ਕਿਸੇ ਹੋਰ ਏਜੰਸੀ ਨੇ ਨਿਊ ਯਾਰਕ ਤੇ ਨਿਊ ਜਰਸੀ ਦੇ ਕਿਸੇ ਗੁਰਦੁਆਰੇ ਵਿੱਚ ਛਾਪੇ ਨਹੀਂ ਮਾਰੇ। ਨਿਝਰ ਜੋ ਗੁਰਦੁਆਰੇ ਦੀ ਪਬਲਿਕ ਤੇ ਮੀਡੀਆ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਭਾਰਤੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਗ਼ਲਤ ਰਿਪੋਰਟਿੰਗ ਜਾਂ ਝੂਠੇ ਨੈਰੇਟਿਵ ਦਾ ਨਤੀਜਾ ਹਨ।

ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਿਆਂ ’ਤੇ ਛਾਪੇ ਮਾਰਨ ਜਾਂ ਗਸ਼ਤ ਕਰਨ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਨਿਊ ਯਾਰਕ ਤੇ ਨਿਊ ਜਰਸੀ ਵਿੱਚ ਸਿੱਖਾਂ ਦੇ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਸਣੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਨਿੱਘੇ ਸਬੰਧ ਹਨ। ਗੁਰਦੁਆਰਿਆਂ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਰਿਸ਼ਤੇ ਹਨ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਉਹ ਗੁਰਦੁਆਰੇ ਦੇ ਸੱਦੇ ’ਤੇ ਨਿਯਮਤ ਬੈਠਕਾਂ ਵੀ ਕਰਦੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਉਹ ਨੀਤੀ ਰੱਦ ਕਰ ਦਿੱਤੀ ਸੀ, ਜਿਸ ਤਹਿਤ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗਿਰਜਾਘਰਾਂ ਜਾਂ ਸਕੂਲਾਂ ਵਿੱਚ ਦਾਖ਼ਲ ਹੋ ਕੇ ਗ੍ਰਿਫ਼ਤਾਰੀ ਕਰਨ ਦੀ ਮਨਾਹੀ ਸੀ।