ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ 'ਤੇ
* ਪਿਛਲੇ ਸਾਲ 7000 ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਿਸੀ
* ਸਦਨ ਦੀ ਕਮੇਟੀ ਨੂੰ ਸਖਤ ਨਿਯਮ ਲਾਗੂ ਕਰਨ ਦਾ ਦਿੱਤਾ ਸੁਝਾਅ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਪਿਛਲੇ ਸਾਲ ਭਾਰਤ ਦੇ ਸਭ ਤੋਂ ਵਧ ਵਿਦਿਆਰਥੀਆਂ ਨੇ ਵੀਜ਼ਾ ਨਿਯਮਾਂ ਨੂੰ ਤੋੜਿਆ ਤੇ 7000 ਭਾਰਤੀ ਵਿਦਿਆਰਥੀ ਵੀਜ਼ਾ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿਚ ਟਿਕੇ ਰਹੇ। ਯੂ ਐਸ ਇਮੀਗ੍ਰੇਸ਼ਨ ਮਾਹਿਰ ਜੈਸਿਕਾ ਐਮ ਵਾਘਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਤੋਂ ਬਾਅਦ ਬਰਾਜ਼ੀਲ ਤੇ ਚੀਨ ਦਾ ਸਥਾਨ ਆਉਂਦਾ ਹੈ। ਇਸ ਤੋਂ ਬਾਅਦ ਹਰੇਕ ਦੇਸ਼ ਦੇ 2000 ਦੇ ਆਸ ਪਾਸ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੀ ਪਰਵਾਹ ਨਹੀਂ ਕੀਤੀ ਤੇ ਉਹ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਵੀ ਅਮਰੀਕਾ ਵਿਚ ਰਹਿ ਰਹਿ ਹਨ। ਨਿਆਂਪਾਲਿਕਾ ਸਬੰਧੀ ਯੂ ਐਸ ਹਾਊਸ ਕਮੇਟੀ ਦੇ ਸਾਹਮਣੇ ਬੋਲਦਿਆਂ ਵਾਘਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਆਰਜੀ ਵੀਜ਼ਾ ਸ਼੍ਰੇਣੀਆਂ ਵਿਚੋਂ ਨਿਰਧਾਰਤ ਸਮਾਂ ਸੀਮਾ ਦੀ ਉਲੰਘਣਾ ਕਰਨ ਵਲਿਆਂ ਦੀ ਸਭ ਤੋਂ ਵਧ ਗਿਣਤੀ ਐਫ-1 (ਅਕਾਦਮਿਕ ਵਿਦਿਆਰਥੀ) ਤੇ ਐਮ-1 (ਵੋਕੇਸ਼ਨਲ ਵਿਦਿਆਰਥੀ) ਵੀਜ਼ਾ ਸ਼੍ਰੇਣੀ ਵਾਲਿਆਂ ਦੀ ਹੈ। ਇਮੀਗ੍ਰੇਸ਼ਨ ਅਧਿਐਨ ਬਾਰੇ ਕੇਂਦਰ ਵਿਖੇ ਨੀਤੀ ਵਿਸ਼ਲੇਸ਼ਕ ਵਾਘਨ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਬਹੁਤ ਨਰਮ ਹੈ ਜੋ ਵਿਦਿਆਰਥੀਆਂ ਨੂੰ ਵੀਜ਼ਾ ਸਥਿੱਤੀ ਦੀ ਦੁਰਵਰਤੋਂ ਕਰਨ ਦੀ ਇਜ਼ਾਜਤ ਦਿੰਦੀ ਹੈ। ਉਨਾਂ ਨੇ ਸਖਤ ਨਿਯਮ ਲਾਗੂ ਕਰਨ ਦਾ ਸੁਝਾਅ ਦਿੱਤਾ ਜਿਸ ਤਹਿਤ ਵਿਦਿਆਰਥੀਆਂ ਦੀ ਪੜਾਈ ਉਪਰੰਤ ਘਰ ਵਾਪਿਸੀ ਯਕੀਨੀ ਬਣਾਈ ਜਾ ਸਕੇ। ਉਨਾਂ ਨੇ ਦੋ ਮੂਹੀ ਨੀਤੀ ਦੀ ਅਲੋਚਨਾ ਕੀਤੀ ਜੋ ਵਿਦਿਆਰਥੀਆਂ ਵਿਚ ਗਰੈਜੂਏਸ਼ਨ ਉਪਰੰਤ ਅਮਰੀਕਾ ਵਿਚ ਟਿਕੇ ਰਹਿਣ ਦੀ ਰੁਚੀ ਪੈਦਾ ਕਰਦੀ ਹੈ।
ਵਾਘਨ ਨੇ ਸਕੂਲਾਂ ਉਪਰ ਸਖਤ ਨਿਯੰਤਰਣ ਤੇ ਸਖਤ ਮਾਪ ਦੰਡ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ। ਉਨਾਂ ਕਿਹਾ ਕਿ ਵੀਜ਼ਾ ਸਮਾਂ ਸੀਮਾ ਉਲੰਘਣਾ ਕਰਨ ਦੇ ਮਾਮਲੇ ਵਿਚ ਜਿਨਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਹੈ, ਉਨਾਂ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਸੱਦਣ ਦਾ ਅਧਿਕਾਰ ਖਤਮ ਹੋਣਾ ਚਾਹੀਦਾ ਹੈ। ਉਨਾਂ ਨੇ ਵਿਦਿਆਰਥੀ ਵੀਜ਼ਾ ਤੋਂ ਇਲਾਵਾ ਐਚ-1 ਬੀ ਵੀਜ਼ਾ ਸਮੇਤ ਵਰਕ ਵੀਜ਼ਾ ਪ੍ਰੋਗਰਾਮ ਵਿਚ ਵੀ ਵੱਡੇ ਪੱਧਰ 'ਤੇ ਸੁਧਾਰਾਂ ਦੀ ਲੋੜ ਉਪਰ ਜੋਰ ਦਿੱਤਾ। ਉਨਾਂ ਤਜਵੀਜ ਰਖੀ ਕਿ ਐਚ-ਬੀ ਵੀਜ਼ਾ ਸ਼੍ਰੇਣੀ ਵਿਚ ਸਲਾਨਾ 75000 ਕਟੌਤੀ ਕੀਤੀ ਜਾਵੇ ਤੇ ਉੱਚ ਮਜ਼ਦੂਰੀ ਦੇਣ ਵਾਲੇ ਮਾਲਕਾਂ ਨੂੰ ਤਰਜੀਹ ਦਿੱਤੀ ਜਾਵੇ। ਵਾਘਨ ਨੇ ਕਿਰਤੀਆਂ ਦੀ ਘਾਟ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਵਿਦੇਸ਼ੀ ਵਰਕ ਪ੍ਰੋਗਰਾਮ ਲਾਗੂ ਕਰਨ ਤੋਂ ਪਹਿਲਾਂ ਅਮਰੀਕੀ ਵਰਕਰਾਂ ਨੂੰ ਭਰਤੀ ਕਰਨ ਵੱਲ ਤਵਜੋਂ ਦੇਣੀ ਚਾਹੀਦੀ ਹੈ।











Comments (0)