ਅਮਰੀਕਾ ਦੀਆਂ 170 ਤੋਂ ਵਧ ਯੁਨੀਵਰਸਿਟੀਆਂ ਤੇ ਕਾਲਜ ਟਰੰਪ ਦੀਆਂ ਨੀਤੀਆਂ ਦੀ ਵਿਰੋਧ ਕਰਨ ਲਈ ਹੋਏ ਇਕਜੁੱਟ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀਆਂ ਵਿਦਿਅਕ ਸੰਸਥਾਵਾਂ ਵਿਚ ਟਰੰਪ ਪ੍ਰਸ਼ਾਸਨ ਦੀ ਦੱਖਲਅੰਦਾਜੀ ਵਿਰੁੱਧ ਜੋਰਦਾਰ ਆਵਾਜ਼ ਉਠਾਉਂਦਿਆਂ ਯੁਨੀਵਰਸਿਟੀਆਂ, ਕਾਲਜਾਂ ਤੇ ਸਕਾਲਰ ਸੋਸਾਇਟੀਆਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਉੱਚ ਸਿੱਖਿਆ ਪ੍ਰਤੀ ਅਪਣਾਏ ਰਵਈਏ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਇਸ ਬਿਆਨ ਉਪਰ 170 ਤੋਂ ਵਧ ਯੁਨੀਵਰਸਿਟੀਆਂ, ਕਾਲਜਾਂ ਤੇ ਸਕਾਲਰ ਸੋਸਾਇਟੀਆਂ ਦੇ ਪ੍ਰਧਾਨਾਂ ਦੇ ਦਸਤਖਤ ਹਨ। ਹਾਵਰਡ, ਪ੍ਰਿੰਸਟੋਨ,ਬਰਾਊਨ ਤੇ ਯੁਨੀਵਰਸਿਟੀ ਆਫ ਹਵਾਈ ਤੇ ਕੋਨੈਕਟੀਕਟ ਸਟੇਟ ਕਮਿਊਨਿਟੀ ਕਾਲਜ ਦੇ ਪ੍ਰਧਾਨਾਂ ਸਮੇਤ ਹੋਰ ਉੱਚ ਵਿਦਿਅਕ ਸੰਸਥਾਵਾ ਦੇ ਪ੍ਰਧਾਨਾਂ ਦੇ ਦਸਤਖਤਾਂ ਵਾਲੇ ਇਸ ਸਾਂਝੇ ਬਿਆਨ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਸਰਕਾਰ ਦੀ ਰਾਜਸੀ ਦੱਖਲਅੰਦਾਜੀ ਕਾਰਨ ਅਮਰੀਕਾ ਵਿਚ ਉੱਚ ਸਿੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਬਿਆਨ ਵਿਚ ਉੱਚ ਸਿੱਖਿਆ ਦੇ ਮਹੱਤਵ ਉਪਰ ਜੋਰ ਦਿੰਦਿਆਂ ਆਗੂਆਂ ਨੇ ਸਰਕਾਰੀ ਨੀਤੀ ਦਾ ਵਿਰੋਧ ਕਰਨ ਪ੍ਰਤੀ ਸੰਕਲਪ ਲਿਆ ਹੈ ਤੇ ਕਿਹਾ ਹੈ ਕਿ ਸਰਕਾਰ ਉਨਾਂ ਲੋਕਾਂ ਦੇ ਜੀਵਨ ਵਿਚ ਬਿਨਾਂ ਵਜਾ ਦੱਖਲਅੰਦਾਜੀ ਕਰ ਰਹੀ ਹੈ ਜੋ ਪੜ ਰਹੇ ਹਨ ਤੇ ਸਾਡੇ ਲਈ ਕੰੰਮ ਕਰ ਰਹੇ ਹਨ। ਬਿਆਨ ਵਿਚ ਉਸਾਰੂ ਸੁਧਾਰਾਂ ਪ੍ਰਤੀ ਸਹਿਯੋਗ ਲਈ ਇੱਛਾ ਪ੍ਰਗਟਾਈ ਗਈ ਹੈ ਪਰੰਤੂ ਸਿੱਖਿਆ ਅਦਾਰਿਆਂ ਨੂੰ ਸਰਕਾਰ ਦੁਆਰਾ ਚਲਾਉਣ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ ਹਾਵਰਡ ਯੁਨੀਵਰਸਿਟੀ ਨੇ ਜਨਤਿਕ ਤੌਰ 'ਤੇ ਟਰੰਪ ਪ੍ਰਸ਼ਾਸਨ ਦੀਆਂ ਕਈ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਉਪਰੰਤ ਸਰਕਾਰ ਨੇ 2.3 ਅਰਬ ਡਾਲਰ ਦੇ ਸੰਘੀ ਫੰਡ ਜਾਮ ਕਰ ਦਿੱਤੇ ਸਨ ਜਿਸ ਵਿਰੁੱਧ ਯੁਨੀਵਰਸਿਟੀ ਨੇ ਅਦਾਲਤ ਵਿਚ ਅਪੀਲ ਵੀ ਦਾਇਰ ਕੀਤੀ ਹੈ ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਜਿਸ ਵਿਚ ਬੋਲਣ ਦੀ ਆਜ਼ਾਦੀ ਤੇ ਵਿਦਿਅਕ ਆਜ਼ਾਦੀ ਵੀ ਸ਼ਾਮਿਲ ਹੈ। ਯਨੀਵਰਸਿਟੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਉਸ ਦੇ ਅੰਦਰੂਨੀ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।











Comments (0)