ਬਿਨਾਂ ਦਸਤਾਵੇਜ਼ ਨਵੇਂ ਆਏ ਪ੍ਰਵਾਸੀਆਂ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ -ਵਿਵੇਕ ਰਾਮਾਸਵਾਮੀ 

ਬਿਨਾਂ ਦਸਤਾਵੇਜ਼ ਨਵੇਂ ਆਏ ਪ੍ਰਵਾਸੀਆਂ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ -ਵਿਵੇਕ ਰਾਮਾਸਵਾਮੀ 
ਕੈਪਸ਼ਨ  : ਵਿਵੇਕ ਰਾਮਾਸਵਾਮੀ 

* ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ''ਸਮੂਹਿਕ ਦੇਸ਼ ਨਿਕਾਲਾ'' ਯੋਜਨਾ ਦੀ ਪੁਸ਼ਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਅਮਰੀਕੀ ਆਮ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ  ਡੋਨਾਲਡ ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਜਿੱਤਣ ਉਪਰੰਤ ਬਿਨਾਂ ਦਸਤਾਵੇਜ਼ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ। ਉਨਾਂ ਉਪਰ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ । ਇਨਾਂ ਪ੍ਰਵਾਸੀਆਂ ਵਿਚ ਲੱਖਾਂ ਭਾਰਤੀ ਵੀ ਸ਼ਾਮਿਲ ਹਨ। ਕਿਸੇ ਵਾਲੇ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਰਹੇ ਟਰੰਪ ਦੇ ਸਮਰਥਕ ਵਿਵੇਕ ਰਾਮਾਸਵਾਮੀ ਨੇ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਯੋਜਨਾ ਪ੍ਰਤੀ ਬਹੁਤ ਸਾਰੇ ਅਮਰੀਕੀਆਂ ਨੇ ਵਿਵਹਾਰਕ ਪ੍ਰਤੀਕ੍ਰਿਆ ਪ੍ਰਗਟਾਈ ਹੈ ਤੇ ਇਸ ਦਾ ਸਮਰਥਨ ਕੀਤਾ ਹੈ।

ਏ ਬੀ ਸੀ ਦੇ ਪ੍ਰਤੀਨਿੱਧ ਜੋਨਾਥਨ ਕਾਰਲ ਨਾਲ ਗੱਲਬਾਤ ਕਰਦਿਆਂ ਰਾਮਾਸਵਾਮੀ ਨੇ ਦਲੀਲ ਦਿੱਤੀ ਕਿ ਸਭ ਤੋਂ ਪਹਿਲਾਂ ਬਿਨਾਂ ਦਸਤਾਵੇਜ਼ ਅਮਰੀਕਾ ਵਿਚ ਰਹਿ ਰਹੇ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਨਾਂ ਲੋਕਾਂ ਦਾ ਸਭ ਤੋਂ ਵੱਡਾ ਇਤਿਹਾਸਕ ਸਮੂਹਿਕ ਦੇਸ਼ ਨਿਕਾਲਾ ਹੋਵੇਗਾ। ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਕੀ ਟਰੰਪ ਦਾ ਦੇਸ਼ ਨਿਕਾਲੇ ਦਾ ਟੀਚਾ 1 ਕਰੋੜ ਤੋਂ 2 ਕਰੋੜ ਤੱਕ ਦਾ ਹੈ ਤਾਂ ਹਾਲਾਂ ਕਿ ਰਾਮਾਸਵਾਮੀ ਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ  ਕੁਝ ਨਹੀਂ ਕਿਹਾ ਪਰੰਤੂ ਉਨਾਂ ਸਪੱਸ਼ਟ ਕੀਤਾ ਕਿ ਬਿਨਾਂ ਦਸਤਾਵੇਜ਼ ਨਵੇਂ ਆਏ ਪ੍ਰਵਾਸੀਆਂ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ। ਰਾਮਾਸਵਾਮੀ ਨੇ ਬਿਨਾਂ ਦਸਤਾਵੇਜ਼ ਪ੍ਰਵਾਸੀਆਂ ਲਈ ਸੰਘੀ ਵਿੱਤੀ ਸਹਾਇਤਾ ਖਤਮ ਕਰਨ ਦੀ ਪ੍ਰਸਤਾਵਿਤ ਯੋਜਨਾ ਦੀ ਵੀ ਪੁਸ਼ਟੀ ਕੀਤੀ ਤੇ ਕਿਹਾ ਕਿ  ਸਰਕਾਰੀ ਸਹਾਇਤਾ ਦੀ ਅਣਹੋਂਦ ਵਿੱਚ ਲੱਖਾਂ ਪ੍ਰਵਾਸੀ ਖੁਦ ਹੀ ਦੇਸ਼ ਛੱਡ ਕੇ ਜਾਣ ਲਈ ਮਜ਼ਬੂਰ ਹੋ ਜਾਣਗੇ। ਉਨਾਂ ਕਿਹਾ ਕਿ ਯੋਜਨਾ ਪਹਿਲਾਂ ਇਥੇ ਰਹਿ ਰਹੇ ਅਮਰੀਕੀਆਂ ਦੀ  ਕਦਰ ਕਰਦੀ ਹੈ ਤੇ ਸੁਝਾਅ ਦਿੱਤਾ ਕਿ ਯੋਜਨਾ ਹੋਰ ਲੋਕਾਂ ਤੱਕ ਵੀ ਵਧਾਈ ਜਾ ਸਕਦੀ ਹੈ।