ਪਾਸਟਰ ਬਜਿੰਦਰ ਸਿੰਘ ਵਿਰੁੱਧ ਧਮਕਾਉਣ ਦੇ ਦੋਸ਼,ਹਾਈ ਕੋਰਟ ਪਹੁੰਚਿਆ ਮਾਮਲਾ

ਪਾਸਟਰ ਬਜਿੰਦਰ ਸਿੰਘ ਵਿਰੁੱਧ ਧਮਕਾਉਣ ਦੇ ਦੋਸ਼,ਹਾਈ ਕੋਰਟ ਪਹੁੰਚਿਆ ਮਾਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ: ਪਾਸਟਰ ਬਜਿੰਦਰ ਸਿੰਘ ਖਿਲਾਫ ਮੋਹਾਲੀ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਚਾਰ ਲੋਕਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਰਣਜੀਤ ਕੌਰ, ਰੁਪਿੰਦਰ ਕੌਰ, ਅਸ਼ੋਕ ਕੁਮਾਰ ਅਤੇ ਹਰਿੰਦਰ ਸਿੰਘ ਨੇ ਆਪਣੀ ਜਾਨ ਅਤੇ ਆਜ਼ਾਦੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ |।ਪਟੀਸ਼ਨਰਾਂ ਨੇ ਦੋਸ਼ ਲਗਾਇਆ ਕਿ ਚਰਚ ਨਾਲ ਜੁੜੇ ਇਕ ਪ੍ਰਭਾਵਸ਼ਾਲੀ ਪਾਸਟਰ ਬਜਿੰਦਰ ਸਿੰਘ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਨ 'ਤੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਅਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਟੀਸ਼ਨ ਦੇ ਅਨੁਸਾਰ ਸਾਰੇ ਪਟੀਸ਼ਨਕਰਤਾ ਪਹਿਲਾਂ ਬਜਿੰਦਰ ਸਿੰਘ ਨਾਲ ਕੰਮ ਕਰਦੇ ਸਨ, ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਧੋਖਾ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਵਿਰੋਧ ਕੀਤਾ ਅਤੇ ਉਸ ਨੂੰ ਛੱਡਣ ਦਾ ਫ਼ੈਸਲਾ ਕੀਤਾ ।ਇਸ ਤੋਂ ਬਾਅਦ ਉਨ੍ਹਾਂ 'ਤੇ ਦਬਾਅ ਵਧਣ ਲੱਗਾ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ । ਇਹ ਮਾਮਲਾ 13 ਅਤੇ 14 ਫ਼ਰਵਰੀ, 2025 ਦੀ ਰਾਤ ਦਾ ਹੈ, ਜਦੋਂ ਬਜਿੰਦਰ ਸਿੰਘ ਨੇ ਇੱਕ ਚਰਚ ਦੇ ਸਮਾਗਮ ਤੋਂ ਬਾਅਦ ਰਣਜੀਤ ਕੌਰ 'ਤੇ ਹਮਲਾ ਕੀਤਾ, ਉਸ ਨੂੰ ਥੱਪੜ ਮਾਰਿਆ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ । ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਵਿਚ ਰਿਕਾਰਡ ਹੋ ਗਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ 18 ਫਰਵਰੀ ਨੂੰ ਪਟੀਸ਼ਨਕਰਤਾਵਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਬਜਿੰਦਰ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ । 25 ਫਰਵਰੀ ਨੂੰ ਮੋਹਾਲੀ ਦੇ ਐਸ.ਐਸ.ਪੀ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ । ਪੁਲਿਸ ਨੂੰ ਈ-ਮੇਲ ਰਾਹੀਂ ਸ਼ਿਕਾਇਤ ਵੀ ਭੇਜੀ ਗਈ ਸੀ, ਪਰ ਉਸ ਦਾ ਵੀ ਕੋਈ ਜਵਾਬ ਨਹੀਂ ਆਇਆ । ਜਦੋਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਜਨਤਕ ਦਬਾਅ ਵਧਿਆ ਤਾਂ 25 ਮਾਰਚ ਨੂੰ ਪੁਲਿਸ ਸਟੇਸ਼ਨ ਬਲਾਕ ਮਾਜ਼ਰੀ, ਐਸ.ਏ.ਐਸ ਨਗਰ, ਮੋਹਾਲੀ ਵਿਖੇ ਇਕ ਐਫ.ਆਈ.ਆਰ ਦਰਜ ਕੀਤੀ ਗਈ ।ਪਟੀਸ਼ਨਕਰਤਾਵਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਮੋਹਾਲੀ ਤੋਂ ਬਾਹਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਜਾਂ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀ ਜਾਵੇ । ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਟੇਟਸ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ ।ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਅਪ੍ਰੈਲ ਨੂੰ ਹੋਵੇਗੀ।

ਪਾਸਟਰ ਬਜਿੰਦਰ ਸਿੰਘ ਕੌਣ ਹਨ

ਪਾਸਟਰ ਬਜਿੰਦਰ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਇਕਾਈਆਂ ਹਨ ਅਤੇ ਸਭ ਤੋਂ ਵੱਡੀ ਬਰਾਂਚ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਵਿੱਚ ਹੈ।ਪਾਸਟਰ ਬਜਿੰਦਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਵਿੱਚ ਇੱਕ ਚਰਚ ਚਲਾਉਂਦੇ ਹਨ। ਜਿਸ ਨੂੰ 'ਗਲੋਰੀ ਆਫ ਵਿਜ਼ਡਮ ਚਰਚ' ਕਿਹਾ ਜਾਂਦਾ ਹੈ।ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜਾਟ ਪਰਿਵਾਰ ਵਿੱਚ ਜੰਮੇ, ਬਜਿੰਦਰ ਸਿੰਘ ਨੇ ਲਗਭਗ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੋਣ 'ਤੇ ਈਸਾਈ ਧਰਮ ਅਪਣਾ ਲਿਆ ਸੀ।