ਅਲਾਹਾਬਾਦ ਹਾਈ ਕੋਰਟ ਵਲੋਂ ‘ਸਬੂਤਾਂ ਦੇ ਘਾਟ’ ਕਾਰਣ ਦੋਸ਼ੀ ਕੋਲੀ ਤੇ ਪੰਧੇਰ ਬਰੀ

ਅਲਾਹਾਬਾਦ ਹਾਈ ਕੋਰਟ ਵਲੋਂ ‘ਸਬੂਤਾਂ ਦੇ ਘਾਟ’ ਕਾਰਣ ਦੋਸ਼ੀ ਕੋਲੀ ਤੇ ਪੰਧੇਰ ਬਰੀ

ਮਾਮਲਾ ਨਿਠਾਰੀ ਲੜੀਵਾਰ ਕਤਲ ਕਾਂਡ ਦਾ

19 ਔਰਤਾਂ ਤੇ ਬੱਚਿਆਂ ਦੇ ਕਤਲ ਕੇਸ ਵਿਚ ਨੋਸ ਸਬੂਤ ਨਾ ਲਭਣ ਕਾਰਣ ਸੀਬੀਆਈ ਦੀ ਸਮਰੱਥਾ ਬਾਰੇ ਗੰਭੀਰ ਸਵਾਲ ਖੜ੍ਹੇ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪ੍ਰਯਾਗਰਾਜ-2006 ਦੇ ਸਾਰੇ ਭਾਰਤ ਨੂੰ ਹੈਰਾਨ-ਪ੍ਰੇਸ਼ਾਨ ਤੇ ਕ੍ਰੋਧਿਤ ਕਰ ਦੇਣ ਵਾਲੇ ਨਿਠਾਰੀ ਲੜੀਵਾਰ ਹੱਤਿਆਵਾਂ ਮਾਮਲੇ ਵਿਚ ਅਲਾਹਾਬਾਦ ਹਾਈ ਕੋਰਟ ਨੇ ਨਿਠਾਰੀ ਲੜੀਵਾਰ ਕਤਲ ਕਾਂਡ ਦੇ ਦੋਸ਼ੀਆਂ – ਸੁਰਿੰਦਰ ਕੋਲੀ ਤੇ ਮਨਿੰਦਰ ਸਿੰਘ ਪੰਧੇਰ ਨੂੰ ਅਲਾਹਾਬਾਦ ਹਾਈ ਕੋਰਟ ਨੇ ‘ਸਬੂਤਾਂ ਦੇ ਘਾਟ’ ਦੇ ਆਧਾਰ ’ਤੇ ਬਰੀ ਕਰ ਦਿੱਤਾ ਹੈ।

ਇਸ ਦੌਰਾਨ ਸੀਬੀਆਈ ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਫੈਸਲੇ ਦੀ ਕਾਪੀ ਦੀ ਉਡੀਕ ਹੈ ਤੇ ਉਹ ਫੈਸਲੇ ਦੀ ਸਮੀਖਿਆ ਮਗਰੋਂ ਅਗਲੀ ਪੇਸ਼ਕਦਮੀ ਬਾਰੇ ਫੈਸਲਾ ਲੈਣਗੇ। ਹਾਈ ਕੋਰਟ ਦੇ ਫੈਸਲੇ ਨਾਲ ਲੂ ਕੰਡੇ ਖੜ੍ਹੇ ਕਰ ਦੇਣ ਵਾਲੇ ਅਪਰਾਧ ਦੀਆਂ ਯਾਦਾਂ ਮੁੜ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੋ ਗਈਆਂ ਹਨ। ਨੌਇਡਾ ਸਥਿਤ ਬੰਗਲੇ ਦੇ ਪਿੱਛਿਓਂ ਲੰਘਦੇ ਨਾਲੇ ਵਿਚੋਂ ਉਪਰੋਥੱਲੀ ਕਈ ਪਿੰਜਰ ਮਿਲਣ ਮਗਰੋਂ ਨੌਜਵਾਨ ਲੜਕੀਆਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਨਸਨੀਖੇਜ਼ ਅਪਰਾਧ ਤੋਂ ਪਰਦਾ ਚੁੱਕਿਆ ਗਿਆ ਸੀ।

ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਸੱਯਦ ਆਫ਼ਤਾਬ ਹੁਸੈਨ ਰਿਜ਼ਵੀ ਦੇ ਬੈਂਚ ਨੇ ਕੋਲੀ ਤੇ ਪੰਧੇਰ ਦੀ ਗਾਜ਼ੀਆਬਾਦ ਦੀ ਸੀਬੀਆਈ ਕੋਰਟ ਵੱਲੋਂ ਸੁਣਾਈ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ। ਹਾਈ ਕੋਰਟ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਤਗਾਸਾ ਧਿਰ ਆਪਣੇ ਕੇਸ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਕਾਰੋਬਾਰੀ ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, ‘‘ਅਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਨਾਲ ਸ਼ਾਇਦ ਪੰਧੇਰ ਲਈ ਜੇਲ੍ਹ ਵਿਚੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਜਾਵੇ।’’ ਹਾਲਾਂਕਿ ਕੋਲੀ ਨੂੰ ਅਜੇ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ। ਇਕ ਕੇਸ ਵਿੱਚ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੋਲੀ, ਜੋ ਇਸ ਵੇਲੇ ਗਾਜ਼ੀਆਬਾਦ ਦੀ ਜੇਲ੍ਹ ਵਿਚ ਬੰਦ ਹੈ, ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਸੁਣੇ 12 ਕੇਸਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੋਲੀ ਦਾ ਸਾਬਕਾ ਮਾਲਕਾਂ ਪੰਧੇਰ ਨੌਇਡਾ ਦੀ ਜੇਲ੍ਹ ਵਿੱਚ ਹੈ ਤੇ ਦੋ ਕੇਸਾਂ ਵਿੱਚ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਦੋਵਾਂ ਉੱਤੇ ਬਲਾਤਕਾਰ ਤੇ ਕਤਲ ਦਾ ਦੋਸ਼ ਸੀ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਸੀ। ਸਾਲ 2007 ਵਿੱਚ ਪੰਧੇਰ ਤੇ ਕੋਲੀ ਖਿਲਾਫ਼ ਕੁੱਲ 19 ਕੇਸ ਦਰਜ ਹੋਏ ਸਨ। ਸੀਬੀਆਈ ਸਬੂਤਾਂ ਦੀ ਅਣਹੋਂਦ ਵਿਚ ਇਨ੍ਹਾਂ ਵਿਚੋਂ ਤਿੰਨ ਕੇਸਾਂ ਵਿਚ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਹੈ। ਬਾਕੀ ਬਚਦੇ 16 ਕੇਸਾਂ ਵਿਚੋਂ ਤਿੰਨ ਵਿਚ ਕੋਲੀ ਨੂੰ ਬਰੀ ਕੀਤਾ ਜਾ ਚੁੱਕਾ ਹੈ ਤੇ ਇਕ ਵਿਚ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਹੋ ਚੁੱਕੀ ਹੈ। ਕੋਲੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਯੂਪੀ ਸਰਕਾਰ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਅਜੇ ਬਕਾਇਆ ਹੈ। ਬਾਕੀ ਬਚਦੇ 12 ਕੇਸਾਂ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਪੰਧੇਰ ਦੇ ਵਕੀਲ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਸ ਦੇ ਮੁਵੱਕਿਲ ਖਿਲਾਫ਼ ਛੇ ਕੇਸਾਂ ਵਿਚ ਦੋਸ਼ ਲੱਗੇ ਸਨ। ਇਕ ਕੇਸ ਸੀਬੀਆਈ ਦਾ ਸੀ ਜਦੋਂਕਿ ਪੰਜ ਕੇਸ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕੀਤੇ ਗਏ ਸਨ। ਭੰਡਾਰੀ ਨੇ ਕਿਹਾ ਕਿ ਸੈਸ਼ਨ ਕੋਰਟ ਤਿੰਨ ਕੇਸਾਂ ਵਿੱਚ ਪੰਧੇਰ ਨੂੰ ਬਰੀ ਕਰ ਚੁੱਕੀ ਹੈ। ਅਲਾਹਾਬਾਦ ਹਾਈ ਕੋਰਟ ਨੇ 2009 ਵਿੱਚ ਇਕ ਕੇਸ ਜਦੋਂਕਿ ਹੁਣ ਦੋ ਹੋਰ ਕੇਸਾਂ ਵਿਚ ਬਰੀ ਕਰ ਦਿੱਤਾ। ਲੜੀਵਾਰ ਹੱਤਿਆਵਾਂ ਦਾ ਇਹ ਸਨਸਨੀਖੇਜ਼ ਮਾਮਲਾ 29 ਦਸੰਬਰ 2006 ਨੂੰ ਕੌਮੀ ਰਾਜਧਾਨੀ ਦੀ ਸਰਹੱਦ ਨਾਲ ਲੱਗਦੇ ਨੌਇਡਾ ਦੇ ਨਿਠਾਰੀ ਵਿੱਚ ਪੰਧੇਰ ਦੇ ਘਰ ਪਿੱਛਿਓਂ ਲੰਘਦੇ ਨਾਲੇ ਵਿਚੋਂ ਅੱਠ ਬੱਚਿਆਂ ਦੇ ਪਿੰਜਰਾਂ ਦੀਆਂ ਹੱਡੀਆਂ ਮਿਲਣ ਨਾਲ ਸੁਰਖੀਆਂ ਵਿਚ ਆਇਆ ਸੀ।ਇਸ ਲੜੀਵਾਰ ਕਤਲ ਕਾਂਡ ਵਿਚ ਘੱਟੋ-ਘੱਟ 19 ਔਰਤਾਂ ਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਸੀ। ਇਲਾਕੇ ਦੇ ਹੋਰ ਨਾਲਿਆਂ ਦੀ ਤਲਾਸ਼ੀ ਦੌਰਾਨ ਬੱਚਿਆਂ ਦੇ ਪਿੰਜਰ ਮਿਲਣ ਮਗਰੋਂ ਪੁਲੀਸ ਦੀ ਟੀਮ ਜਾਂਚ ਕਰਦੀ ਹੋਈ ਪੰਧੇਰ ਦੇ ਘਰ ਤੱਕ ਪਹੁੰਚ ਗਈ ਸੀ।

ਸੀਬੀਆਈ ਜਿਹੀ ਏਜੰਸੀ ਦਾ 19 ਔਰਤਾਂ ਤੇ ਬੱਚਿਆਂ ਦੇ ਕਤਲ ਕੇਸ ਵਿਚ ਅਪਰਾਧ ਦੀ ਥਾਹ ਪਾਉਣ ਵਿਚ ਨਾਕਾਮ ਰਹਿਣਾ ਭਾਰਤ ਦੀਆਂ ਕਾਨੂੰਨੀ ਏਜੰਸੀਆਂ ਦੀ ਤਫ਼ਤੀਸ਼ ਕਰਨ ਦੀ ਸਮਰੱਥਾ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।ਦੋਵਾਂ ਨੂੰ ਇੰਝ ਬਰੀ ਕਰ ਦਿੱਤਾ ਜਾਣਾ ਹੋਰ ਕੁਝ ਨਹੀਂ ਸਗੋਂ ਨਿਆਂ ਨਾਲ ਮਜ਼ਾਕ ਹੈ; ਇਹ ਇਸ ਗੱਲ ਦੀ ਵੀ ਸਾਫ਼ ਮਿਸਾਲ ਹੈ ਕਿ ਕਿਵੇਂ ਭਿਆਨਕ ਸਚਾਈ ਵੀ ਨਿਮਨ ਦਰਜੇ ਦੀ ਤਫ਼ਤੀਸ਼ ਪ੍ਰਕਿਰਿਆ ਦਾ ਸ਼ਿਕਾਰ ਹੋ ਜਾਂਦੀ ਹੈ।