ਸੁਖਬੀਰ ਬਾਦਲ ਤੇ ਉਸਦੇ ਗੁਨਾਹਗਾਰ ਟੋਲੇ ਨੂੰ ਅਕਾਲੀ ਰਾਜਨੀਤੀ ਤੋਂ ਬੇਦਖਲ ਕੀਤਾ ਜਾਵੇ
* ਬਾਦਲ ਧੜੇ ਦੇ ਦੋਸ਼ ਪੱਤਰ ਪੰਥਕ ਇਕਠ ਵਿਚ ਪੜ੍ਹੇ ਜਾਣ ਤੇ ਅਕਾਲੀ ਦਲ ਦੀ ਪੁਨਰ ਸਿਰਜਣਾ ਹੋਵੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ : ਸਿਖ ਪੰਥ ਦੇ ਚਿੰਤਕਾਂ ਸਿਰਦਾਰ ਗੁਰਤੇਜ ਸੰਘ ਆਈਏਐਸ, ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਤਨਖਾਹੀਆ ਉਹ ਹੁੰਦਾ ਹੈ ਜਿਸਨੇ ਧਰਮ ਦੀਆਂ ਰਵਾਇਤਾਂ ਦੀ ਉਲੰਘਣਾ ਕੀਤੀ ਹੋਵੇ,ਪਰ ਸੁਖਬੀਰ ਸਿੰਘ ਬਾਦਲ ਤੇ ਉਸਦੇ ਪਰਿਵਾਰ ਤੇ ਇਸ ਦੇ ਟੋਲੇ ਵਲੋਂ ਕੀਤੇ ਅਣਗਿਣਤ ਅਪਰਾਧ ਸਿਆਸੀ ਹਨ ਜਿਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਕੇ ,ਪੰਥਕ ਪਰੰਪਰਾਵਾਂ ਦਾ ਘਾਣ ਕਰਕੇ ਸਿਖ ਪੰਥ ਤੇ ਸ੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਦਿਤਾ।ਸਿਖ ਪੰਥ ਬਾਦਲ ਪਰਿਵਾਰ ਦੇ ਸਿਖ ਪੰਥ ਵਿਰੋਧੀ ਕਰਾਈਮ ਕਾਰਣ ਉਸ ਸਮੇਂ ਤੋ ਹੁਣ ਤੱਕ ਮਾਨਸਿਕ ਪੀੜਾ ਵਿੱਚੋਂ ਨਿਕਲ ਰਿਹਾ ਹੈ ,ਜਿਸ ਕੌਮ ਦੀ ਪੰਥਕ ਜਮਾਤ ਸ੍ਰੋਮਣੀ ਅਕਾਲੀ ਦਲ ਇਨ੍ਹਾਂ ਗੁਨਾਹਗਾਰ ਸਤਾ ਦੇ ਲਾਲਚੀ ਲੀਡਰਾਂ ਕਾਰਣ ਖਤਮ ਹੋ ਚੁਕੀ ਹੈ। ਉਨ੍ਹਾਂ ਦਸਿਆ ਕਿ ਅਕਾਲੀ ਦਲ ਦੀ ਸਿਰਜਣਾ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਹੁਣ ਵੀ ਪੰਥਕ ਪਰੰਪਰਾਵਾਂ ਅਨੁਸਾਰ ਅਕਾਲੀ ਦਲ ਦੀ ਪੁਨਰ ਸਿਰਜਣਾ ਪੰਥਕ ਸੋਚ ਤੇ 1920 ਦੇ ਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ। ਜਿਸ ਦੀ ਮੁਹਿੰਮ ਦਾ ਖਰਚਾ ਸੁਖਬੀਰ ਬਾਦਲ ਸਮੇਤ ਸਾਰੇ ਦੋਸ਼ੀ ਅਕਾਲੀ ਲੀਡਰਾਂ ਤੋਂ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹਨਾਂ ਬਚੇਖਾਣੀ ਸਿਆਸਤ ਕਰਨ ਵਾਲੇ ਗੁਨਾਹਗਾਰਾਂ ਨੂੰ ਸਿਖ ਸਿਆਸਤ ਤੇ ਧਾਰਮਿਕ ਸੰਸਥਾਵਾਂ ਤੋਂ ਬੇਦਖਲ ਕਰਨਾ ਚਾਹੀਦਾ ਹੈ।ਸਿਆਸੀ ਧਾਰਮਿਕ ਸਰਗਰਮੀਆਂ ਉਪਰ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਿਖ ਪੰਥ ਦਾ ਹੋਰ ਨੁਕਸਾਨ ਨਾ ਕਰ ਸਕਣ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਦਿਤਾ ਪੰਥ ਖਿਤਾਬ ਫਖਰੇ ਕੌਮ ਵਾਪਿਸ ਲੈਣਾ ਚਾਹੀਦਾ ਹੈ। ਇਹ ਖਿਤਾਬ ਦੇਣ ਨਾਲ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਪਾਵਨ ਸਿਧਾਂਤ ਉਪਰ ਦਾਗ ਲਗਾ ਹੈ।
ਉਨ੍ਹਾਂ ਕਿਹਾ ਕਿ ਸਤਾ ਖਾਤਰ ਕੇਂਦਰੀ ਪਾਰਟੀਆਂ ਨਾਲ ਗੈਰ ਸਿਧਾਂਤਕ ਸਮਝੋਤੇ ਕਰਨ ਵਾਲੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਟੋਲੇ ਨੇ ਅਕਾਲੀ ਦਲ ਨੂੰ ਉਸੇ ਤਰ੍ਹਾਂ ਬੰਦ ਬੰਦ ਕਟਕੇ ਮਾਰਿਆ ਜਿਵੇਂ ਭਾਈ ਮਨੀ ਸਿੰਘ ਨੂੰ ਮੁਗਲਾਂ ਨੇ ਸ਼ਹੀਦ ਕੀਤਾ।ਉਨ੍ਹਾਂ ਕਿਹਾ ਕਿ ਇਹਨਾਂ ਅਕਾਲੀ ਦਲ ਦਾ ਪੁਰਾਤਨ ਸੰਵਿਧਾਨ ਖਤਮ ਕੀਤਾ,ਜਿਲਾ ਜਥੇਦਾਰ ਖਤਮ ਕੀਤੇ,ਪੰਥਕ ਮੰਗਾਂ ਖਤਮ ਕੀਤੀਆਂ, ਅਨੰਦਪੁਰ ਦਾ ਮਤਾ ਖਤਮ ਕਰਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਸਿਰਜਕੇ ਇਸ ਨੂੰ ਦਿਸ਼ਾਹੀਣ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਸਿੰਘ ਸਾਹਿਬਾਨਾਂ ਵਲੋਂ ਬਾਦਲ ਧੜੇ ਉਪਰ ਅਕਾਲੀ ਰਾਜਨੀਤੀ ਚਲਾਉਣ ਉਪਰ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ,ਬਲਵਿੰਦਰ ਸਿੰਘ ਭੂੰਦੜ ,ਦਲਜੀਤ ਸਿੰਘ ਚੀਮਾ ਸਮੇਤ ਇਹ ਸਾਰਾ ਟੋਲਾ ਗੁਨਾਹਗਾਰ ਹੈ।ਅਜਿਹੇ ਲੋਕ ਸਿਖ ਪੰਥ ਦੀ ਉਹ ਵਾਹਿਦ ਜਮਾਤ ਦਾ ਪ੍ਰਬੰਧ ਨਹੀਂ ਚਲਾ ਸਕਦੇ,ਜਿਸ ਜਮਾਤ ਅਕਾਲੀ ਦਲ ਉਪਰ ਸਿਖ ਪੰਥ ਦੀ ਆਸਥਾ ਹੈ। ਉਨ੍ਹਾਂ ਜਥੇਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਵਲੋਂ ਇਸ ਨੂੰ ਬਚਾਉਣ ਤੇ ਇਸ ਦਾ ਪੁਨਰ ਇਤਿਹਾਸ ਸਿਰਜਣ ਦੇ ਯਤਨ ਹੋਣੇ ਚਾਹੀਦੇ ਹਨ।
ਉਨ੍ਹਾਂ ਸਿੰਘ ਸਾਹਿਬਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਕਾਲੀ ਦਲ ਉਪਰ ਸੰਤ ਫਤਹਿ ਸਿੰਘ ਦੀ ਮੌਤ ਤੋ ਬਾਅਦ ਉਸ ਦੀਆਂ ਬਦਰੂਹਾਂ ਦਾ ਕਬਜਾ ਹੈ ਜਿਸ ਨੇ ਸਤਾ ਦੀ ਲਾਲਸਾ ,ਵੰਸ਼ਵਾਦ ਦੇ ਮੋਹ ਕਾਰਣ ਲਗਾਤਾਰ ਪੰਥਕ ਸੰਸਥਾਵਾਂ ਦਾ ਘਾਣ ਕੀਤਾ ਤੇ ਪੰਥਕ ਹਿਤਾਂ ਨੂੰ ਆਪਣੀ ਸਤਾ ਦੇ ਲਾਲਚ ਵਿਚ ਰੋਲਿਆ ਹੈ। ਉਨ੍ਹਾਂ ਕਿਹਾ ਕਿ ਰਾਜੀਵ-ਲੌਗੋਵਾਲ ਸਮਝੌਤਾ ਸਿਖ ਪੰਥ ਨਾਲ ਕੀਤੇ ਫਰਾਡ ਤੇ ਅਪਰਾਧ ਦਾ ਨਤੀਜਾ ਸੀ ,ਜਿਸਦੀ ਇਹ ਅਪਰਾਧੀ ਅਕਾਲੀ ਲੀਡਰ ਬਰਸੀਆਂ ਮਨਾਕੇ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਗੁਨਾਹਾਂ ਉਪਰ ਮਿਟੀ ਪਾਕੇ ਉਸਨੂੰ ਸਿਖ ਪੰਥ ਦਾ ਨਾਇਕ ਸਿਰਜਣਾ ਚਾਹੁੰਦੇ ਹਨ ਤੇ ਆਪ ਇਸ ਦੇ ਵਾਰਿਸ ਬਣਕੇ ਆਪਣੇ ਪਾਪ ਲੁਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਇਤਿਹਾਸਕ ਲੜੀ ਸਿਖ ਪੰਥ ਨਾਲ ਕੀਤੇ ਅਪਰਾਧਾਂ ਨਾਲ ਜੁੜਦੀ ਹੈ ਜਿਸਦੀ ਅਗਵਾਈ ਸੁਖਬੀਰ ਸਿੰਘ ਬਾਦਲ ਤੇ ਉਸਦਾ ਧੜਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਸੁਖਬੀਰ ਬਾਦਲ ਤੇ ਉਸਦੇ ਟੋਲੇ ਉਪਰ ਸਿਖ ਪੰਥ ਨਾਲ ਕਮਾਏ ਧ੍ਰੋਹ ਤੇ ਅਪਰਾਧ ਕਰਨ ਦੇ ਦੋਸ਼ ਹਨ,ਉਹ ਅਕਾਲ ਤਖਤ ਸਾਹਿਬ ਵਲੋਂ ਦੋਸ਼ ਪੱਤਰ ਦੇ ਰੂਪ ਵਿਚ ਸਾਹਮਣੇ ਲਿਆਉਣੇ ਚਾਹੀਦੇ ਹਨ।ਇਸ ਸਬੰਧ ਵਿਚ ਸਾਬਕਾ ਸਿਖ ਜੱਜਾਂ ,ਵਕੀਲਾਂ ਤੇ ਵਿਦਵਾਨਾਂ ਦੀ ਕਮੇਟੀ ਅਕਾਲ ਤਖਤ ਸਾਹਿਬ ਵਲੋਂ ਬਣਾਉਣੀ ਚਾਹੀਦੀ ਹੈ।ਇਸ ਦੇ ਘੇਰੇ ਵਿਚ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ ਤੇ ਇਨ੍ਹਾਂ ਦੇ ਜੋਟੀਦਾਰ, ਗਿਆਨੀ ਗੁਰਬਚਨ ਸਿੰਘ ਸਮੇਤ ਸਾਬਕਾ ਸਿੰਘ ਸਾਹਿਬਾਨ,ਸ੍ਰੋਮਣੀ ਕਮੇਟੀ ਦੇ ਮੈਂਬਰ ਲਿਆਉਣੇ ਚਾਹੀਦੇ ਹਨ ਜਿਹਨਾਂ ਸੌਦਾ ਸਾਧ ਦੀ ਮਾਫੀ ਦੇ ਹਕ ਵਿਚ ਇਸ਼ਤਿਹਾਰ ਦੇਕੇ ਗੁਰੂ ਦੀ ਗੋਲਕ ਉਜਾੜੀ। ਇਸ ਤੋਂ ਬਾਦ ਸੰਸਾਰ ਭਰ ਦੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਣਾ ਚਾਹੀਦਾ ਹੈ ਜੋ ਸਾਰੇ ਸੰਸਾਰ ਵਿਚ ਆਨ ਲਾਈਨ ਹੋਵੇ ਤੇ ਅਕਾਲ ਤਖਤ ਸਾਹਿਬ ਦੀ ਮਹਤਾ ਤੇ ਪ੍ਰਕਾਸ਼ ਵਧ ਸਕੇ ਜੋ ਬਾਦਲ ਪਰਿਵਾਰ ਨੇ ਢਹਿ ਢੇਰੀ ਕੀਤਾ।ਇਸ ਤੋਂ ਬਾਦ ਕੋਈ ਵੀ ਸਿਖ ਆਗੂ ਸਿਖ ਪੰਥ ਦੀ ਪਿਠ ਉਪਰ ਡੋਗਰਾਸ਼ਾਹੀ ਵਾਂਗ ਛੁਰਾ ਨਾ ਮਾਰ ਸਕੇ।












Comments (0)