ਅਕਾਲੀ ਦਲ (ਬ) ਨੇ ਭਰਤੀ ਮੁਹਿੰਮ ਸ਼ੁਰੂ ਕੀਤੀ, 20 ਫਰਵਰੀ ਤੱਕ ਜਾਰੀ ਰਹੇਗੀ

*ਸੁਖਬੀਰ ਸਿੰਘ ਬਾਦਲ ਵਲੋਂ  ਪਹਿਲਾ ਭਰਤੀ ਫਾਰਮ ਭਰ ਕੇ   ਕੀਤੀ ਸ਼ੁਰੂਆਤ

*ਜਥੇਦਾਰ ਵਡਾਲਾ ਸ਼ਿਕਾਇਤ ਲੈਕੇ ਅਕਾਲ ਤਖਤ ਪੁਜੇ,ਧਾਮੀ ਨਾਲ ਵੀ ਕੀਤੀ ਮੁਲਾਕਾਤ

*ਜਥੇਦਾਰ ਅਕਾਲੀ ਭਰਤੀ ਵਿਚ ਨਹੀਂ ਕਰ ਰਹੇ ਦਖਲਅੰਦਾਜ਼ੀ, ਨਿਰਪਖ ਰਹਿਣ ਦੇ ਹਾਲੇ ਤਕ ਇਛੁੱਕ

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ  ਪੰਜਾਬ ਭਰ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਚ ਨਵੇਂ ਸਿਰੇ ਤੋਂ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਤੋਂ ਮੀਟਿੰਗ ਤੋਂ ਬਾਅਦ ਕਰਵਾਈ।ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁੱਖ ਚੋਣ ਅਫਸਰ ਗੁਲਜ਼ਾਰ ਸਿੰਘ ਰਣੀਕੇ ਭਰਤੀ ਵਾਸਤੇ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਦੇ ਨਾਲ ਮਿਲ ਕੇ ਸਾਰੀ ਮੁਹਿੰਮ ਦੀ ਨਿਗਰਾਨੀ ਕਰਨਗੇ। ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸੁੱਚਾ ਸਿੰਘ ਲੰਗਾਹ ਨੂੰ ਮੈਂਬਰਸ਼ਿਪ ਦੀਆਂ ਪਰਚੀਆਂ ਸੌਂਪੀਆਂ। ਇਹ ਭਰਤੀ ਮੁਹਿੰਮ 20 ਫਰਵਰੀ ਤੱਕ ਜਾਰੀ ਰਹੇਗੀ ।ਇਸ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ 1 ਮਾਰਚ ਨੂੰ ਹੋਵੇਗੀ। 

 ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵਲੋਂ ਇਕ ਮਹੀਨੇ 'ਚ 25 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਡਾ. ਚੀਮਾ ਨੇ ਭਰਤੀ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਭਰਤੀ ਵਾਸਤੇ ਸਿਰਫ਼ 10 ਰੁਪਏ ਮੈਂਬਰਸ਼ਿਪ ਫ਼ੀਸ ਲਈ ਜਾਵੇਗੀ ਤੇ ਜਿਹੜੇ ਵੀ ਮੈਂਬਰ 100 ਮੈਂਬਰਾਂ ਦੀ ਭਰਤੀ ਕਰਨਗੇ, ਉਹ ਸਰਕਲ ਡੈਲੀਗੇਟ ਬਣਨ ਯੋਗ ਹੋਣਗੇ ਤੇ ਉਹ ਅੱਗੋਂ ਸਰਕਲ ਜਥੇਦਾਰਾਂ ਦੀ ਚੋਣ ਕਰਨਗੇ ।ਉਨ੍ਹਾਂ ਕਿਹਾ ਕਿ ਜਿਹੜੇ 2500 ਡੈਲੀਗੇਟਾਂ ਦੀ ਭਰਤੀ ਕਰਨਗੇ, ਉਹ ਜ਼ਿਲ੍ਹਾ ਡੈਲੀਗੇਟ ਬਣਨਗੇ ਅਤੇ ਉਹ ਹੀ ਅੱਗੋਂ ਜ਼ਿਲ੍ਹਾ ਜਥੇਦਾਰਾਂ ਦੀ ਚੋਣ ਕਰਨਗੇ । ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਹਰ ਹਲਕੇ ਤੋਂ 4 ਡੈਲੀਗੇਟ ਜਨਰਲ ਹਾਊਸ ਲਈ ਨਾਮਜ਼ਦ ਕੀਤੇ ਜਾਣਗੇ, ਇਸ ਮੁਤਾਬਕ 117 ਵਿਧਾਨ ਸਭਾ ਹਲਕਿਆਂ ਤੋਂ 468 ਡੈਲੀਗੇਟ 1 ਮਾਰਚ ਨੂੰ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ ।

 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਨਵੇਂ ਮੈਂਬਰਾਂ ਦੀ ਭਰਤੀ ਦਾ ਕੁੱਲ ਟੀਚਾ ਲਗਭਗ 25 ਲੱਖ ਵਰਕਰ ਭਰਤੀ ਕਰਨ ਦਾ ਰੱਖਿਆ ਗਿਆ ਹੈ ਤੇ ਹਲਕਾ ਲੰਬੀ ਵਿਚੋਂ ਲਗਭਗ 40 ਹਜ਼ਾਰ ਵਰਕਰ ਭਰਤੀ ਕੀਤੇ ਜਾਣਗੇ।ਉਨ੍ਹਾਂ ਹਰਿਆਣਾ ਦੀ ਗੁਰਦੁਆਰਾ ਕਮੇਟੀ ਦੇ ਆਏ ਨਤੀਜਿਆਂ 'ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਖਿਆ ਕਿ ਹਰਿਆਣਾ ਦੀ ਸਿੱਖ ਸੰਗਤ ਨੇ ਉਨ੍ਹਾਂ ਲੋਕਾਂ ਨੂੰ ਸਾਫ਼ ਕਰ ਦਿੱਤਾ ਹੈ, ਜਿਹੜੇ ਲੋਕ ਸਿੱਖ ਧਰਮ ਵਿਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਸੰਗਤ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਤੇ ਉਸ ਦੇ ਸਾਥੀ ਏਜੰਸੀਆਂ ਦੇ ਬੰਦੇ ਹਨ | ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੋੜ ਕੇ ਹਰਿਆਣਾ ਅਲੱਗ ਕਰਵਾਇਆ ਅਤੇ ਹੁਣ ਇਹ ਚੋਣ ਹਾਰ ਗਏ

ਧਾਮੀ ਤੇ ਵਡਾਲਾ ਵਲੋਂ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ

ਸਿੰਘ ਸਾਹਿਬਾਨ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਲਈ 2 ਦਸੰਬਰ ਨੂੰ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੇ ਮੁਖੀ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਮੇਟੀ ਮੈਂਬਰ ਅਤੇ ਨਾਰਾਜ਼ ਧੜੇ ਦੇ ਆਗੂ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਬੀਤੇ ਦਿਨੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਅਤੇ ਜਥੇਦਾਰ ਵਡਾਲਾ ਅਨੁਸਾਰ ਸਿੰਘ ਸਾਹਿਬ ਵਲੋਂ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਗਠਿਤ ਕੀਤੀ 7 ਮੈਂਬਰੀ ਕਮੇਟੀ ਦੁਆਰਾ ਹੀ ਨੇਪਰੇ ਚਾੜ੍ਹੇ ਜਾਣ ਦੇ ਦਿੱਤੇ ਭਰੋਸੇ ਤੋਂ ਕੁਝ ਘੰਟਿਆਂ ਬਾਅਦ ਹੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸਿੰਘ ਸਾਹਿਬਾਨ ਵਲੋਂ ਦਲ ਦੀ ਭਰਤੀ ਸੰਬੰਧੀ ਜਾਰੀ ਆਦੇਸ਼ ਨੂੰ ਦਰਕਿਨਾਰ ਕਰਕੇ ਭਰਤੀ ਮੁਹਿੰਮ ਬਾਕਾਇਦਾ ਸ਼ੁਰੂ ਕਰ ਦਿੱਤੇ ਜਾਣ ਨਾਲ ਪਿਛਲੇ ਦਿਨੀਂ ਭੁੱਲਾਂ-ਗਲਤੀਆਂ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਤਨਖ਼ਾਹ ਭੁਗਤਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਦਾ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਪੰਥਕ ਹਲਕਿਆਂ ਵਲੋਂ ਇਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਨੂੰ ਚੁਣੌਤੀ ਕਰਾਰ ਦਿੱਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਅਕਾਲੀ ਦਲ (ਬ) ਵਲੋਂ ਆਪਣੇ ਪੱਧਰ 'ਤੇ ਹੀ  ਭਰਤੀ ਮੁਹਿੰਮ ਸ਼ੁਰੂ ਕੀਤੇ ਜਾਣ ਨਾਲ ਸਿੰਘ ਸਾਹਿਬਾਨ ਵਲੋਂ ਭਰਤੀ ਲਈ ਗਠਿਤ ਕੀਤੀ 7 ਮੈਂਬਰੀ ਕਮੇਟੀ ਦੀ ਹੋਂਦ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ | ਇਸੇ ਦੌਰਾਨ  7 ਮੈਂਬਰੀ ਕਮੇਟੀ ਦੇ ਮੁਖੀ ਸ: ਹਰਜਿੰਦਰ ਸਿੰਘ ਧਾਮੀ ਤੇ ਨਾਰਾਜ਼ ਧੜੇ ਵਲੋਂ ਕਮੇਟੀ ਦੇ ਮੈਂਬਰ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਵਲੋਂ  ਕਰੀਬ ਇਕ ਘੰਟਾ ਜਥੇਦਾਰ ਸਾਹਿਬ ਨਾਲ ਅਕਾਲ ਤਖ਼ਤ ਸਕੱਤਰੇਤ ਵਿਖੇ ਮੁਲਾਕਾਤ ਕਰਕੇ ਅਕਾਲੀ ਦਲ (ਬ) ਦੀ ਭਰਤੀ ਪ੍ਰਕਿਰਿਆ ਅਤੇ 7 ਮੈਂਬਰੀ ਕਮੇਟੀ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ ਗਈ ।ਸ਼ੋ੍ਮਣੀ ਕਮੇਟੀ ਪ੍ਰਧਾਨ ਸ: ਧਾਮੀ ਤਾਂ ਮੁਲਾਕਾਤ ਤੋਂ ਬਾਅਦ ਸਕੱਤਰੇਤ ਦੇ ਦੂਜੇ ਦਰਵਾਜ਼ੇ ਰਾਹੀਂ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਚਲੇ ਗਏ, ਪਰ ਜਥੇ: ਵਡਾਲਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਨੇ ਸਾਨੂੰ ਦੋਵਾਂ ਕਮੇਟੀ ਮੈਂਬਰਾਂ ਨੂੰ ਮੁੜ ਭਰੋਸਾ ਦਿੱਤਾ ਕਿ ਦਲ ਦੀ ਭਰਤੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਦੇਸ਼ਾਂ ਅਨੁਸਾਰ 7 ਮੈਂਬਰੀ ਕਮੇਟੀ ਦੀ ਨਿਗਰਾਨੀ ਵਿਚ ਹੀ ਹੋਵੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਪੰਥ ਦੇ ਭਲੇ ਅਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ ਹੈ।ਜਥੇ: ਵਡਾਲਾ ਨੇ ਦਾਅਵਾ ਕੀਤਾ ਕਿ ਮੁਲਾਕਾਤ ਦੌਰਾਨ ਸ: ਧਾਮੀ ਨੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦਾ ਸਾਰੀਆਂ ਧਿਰਾਂ ਨੂੰ ਇੰਨ-ਬਿੰਨ ਪਾਲਣ ਕਰਨ ਤੇ ਦਲ ਦੀ ਭਰਤੀ ਜਾਰੀ ਆਦੇਸ਼ਾਂ ਅਨੁਸਾਰ 7 ਮੈਂਬਰੀ ਕਮੇਟੀ ਦੀ ਦੇਖ-ਰੇਖ ਵਿਚ ਹੀ ਕੀਤੇ ਜਾਣ ਦੀ ਹਾਮੀ ਭਰੀ ।ਜਥੇ: ਵਡਾਲਾ ਨੇ ਕਿਹਾ ਕਿ ਜੋ ਵੀ ਅਕਾਲੀ ਆਗੂ ਹੁਕਮਨਾਮੇ ਤੋਂ ਆਸੇ-ਪਾਸੇ ਜਾਂ ਆਨਾਕਾਨੀ ਕਰੂਗਾ, ਉਸ ਨੂੰ ਕਦੀ ਵੀ ਸਿੱਖ ਪੰਥ ਤੇ ਸੰਗਤਾਂ ਪ੍ਰਵਾਨ ਨਹੀਂ ਕਰਨਗੀਆਂ।

ਸੂਤਰਾਂ ਤੋਂ ਪਤਾ ਲਗਿਆ ਹੈ ਕਿ ਜਥੇਦਾਰ ਅਕਾਲ ਤਖਤ ਵਲੋਂ ਅਕਾਲੀ ਭਰਤੀ ਦੇ ਸਬੰਧ ਵਿਚ ਨਿਰਪਖ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ।ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਦਖਲਅੰਦਾਜ਼ੀ ਕਾਰਣ ਅਕਾਲੀ ਦਲ ਨੂੰ ਨੁਕਸਾਨ ਪੁਜੇ।ਪਰ ਉਨ੍ਹਾਂ ਦਾ ਵਿਰੋਧ ਪੰਥਕ ਹਲਕਿਆਂ ਵਲੋਂ ਜਾਰੀ ਹੈ।ਦਮਦਮੀ ਟਕਸਾਲ ਦੇ ਅਮਰੀਕਾ ਸਿੰਘ ਅਜਨਾਲਾ ਨੇ ਸਿੰਘ ਸਾਹਿਬਾਨ ਦੇ ਪੁਤਲੇ ਸਾੜੇ ਸਨ।ਸ੍ਰੋਮਣੀ ਕਮੇਟੀ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ।

 ਪੰਥਕ ਅਸੈਂਬਲੀ ਨੇ ਜਥੇਦਾਰ ਨੂੰ ਦਿੱਤਾ ਮੰਗ ਪੱਤਰ

ਪੰਥਕ ਅਸੈਂਬਲੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਪੱਤਰ

ਸਿੱਖ ਜਥੇਬੰਦੀ ਪੰਥਕ ਅਸੈਂਬਲੀ ਤੇ ਪੰਥਕ ਤਾਲਮੇਲ ਸੰਗਠਨ ਨੇ  ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਹੁਕਮਨਾਮੇ ਦੀ ਹੁਣ ਤੱਕ ਦੀ ਪਾਲਣਾ ਸਬੰਧੀ ਰਿਪੋਰਟ ਪੰਥ ਨਾਲ ਸਾਂਝੀ ਕੀਤੀ ਜਾਵੇ। ਇਸ ਪੱਤਰ ਉੱਪਰ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਨਵ ਕਿਰਨ ਸਿੰਘ ਐਡਵੋਕੇਟ ਆਦਿ ਦੇ ਦਸਤਖਤ ਹਨ। ਇਹ ਪੱਤਰ ਅਕਾਲ ਤਖਤ ਦੇ ਸਕੱਤਰੇਤ ਵਿਚ ਸੌਂਪਿਆ ਗਿਆ ।