ਖ਼ਾਲਸਾ ਧਰਤਿ ਸ੍ਰੀ ਅਨੰਦਪੁਰ ਸਾਹਿਬ ਤੇ ਤਾਮੀਰ ਹੋਣ ਜਾ ਰਹੀ ਹੈ ਇਕ ਯੂਨੀਵਰਸਿਟੀ

ਖ਼ਾਲਸਾ ਧਰਤਿ ਸ੍ਰੀ ਅਨੰਦਪੁਰ ਸਾਹਿਬ ਤੇ ਤਾਮੀਰ ਹੋਣ ਜਾ ਰਹੀ ਹੈ ਇਕ ਯੂਨੀਵਰਸਿਟੀ

ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਵਿੱਚ ਰੱਖਿਆ ਗਿਆ ਨੀਂਹ ਪੱਥਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ: ਅਨੰਦਪੁਰ ਸਾਹਿਬ ਦੀ ਨਿਰਾਲੀ ਧਰਤਿ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ,ਰਜਿ ਨੇ ਸੰਨੀ ਓਬਰਾਏ ਵਿਵੇਕ ਸਦਨ ਸੈਂਟਰ ਫਾਰ ਸੋਸ਼ਲ ਸਾਇੰਸ ਦਾ ਵਿਸਥਾਰ ਕਰਨ ਲਈ 'ਇਸ ਨੂੰ ਸੰਨੀ ਓਬਰਾਏ ਵਿਵੇਕ ਸਦਨ ਸਕੂਲ ਆਫ਼ ਯੂਨੀਵਰਸਿਟੀ' ਬਨਾਉਣ ਲਈ ਯੋਜਨਾ ਤਿਆਰ ਕਰ ਲਈ ਗਈ ਹੈ ਹਾਲਾਂਕਿ ਇਹ ਕਾਰਜ ਬਹੁਤ ਸਹਿਜ ਅਤੇ ਵਿਚਾਰ ਉਪਰੰਤ ਸੰਪੂਰਨ ਕਰਨ ਦੀ ਯੋਜਨਾ ਹੈ ਕਿਉੰਕਿ ਯੂਨੀਵਰਸਿਟੀ ਵਰਗਾ ਵੱਡਾ ਪ੍ਰਾਜੈਕਟ ਲੰਮੇ ਸਮੇਂ ਦੀ ਮੰਗ ਕਰਦਾ ਹੈ । ਇਸੇ ਲਈ ਆਰੰਭ ਵਿੱਚ ਇਸ ਨੂੰ ਸਕੂਲ ਆਫ ਯੂਨੀਵਰਸਿਟੀ ਦਾ ਨਾਮ ਦਿਤਾ ਜਾ ਰਿਹਾ ਹੈ । ਅਸਲ ਵਿੱਚ ਇਹ ਆਉਣ ਵਾਲੇ ਸਮਿਆਂ ਵਿੱਚ ਤਿਆਰ ਕੀਤੇ ਜਾ ਰਹੇ ਵੱਡੇ ਪ੍ਰਾਜੈਕਟ ਦੇ ਆਰੰਭਿਕ ਰੂਪ ਵਜੋਂ ਚਿਤਵਿਆ ਹੈ । 

ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪਹਿਲੀ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਬਣਨ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਸੰਤ ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ, ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ ਇਸ ਮੌਕੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐੱਸ ਪੀ ਸਿੰਘ ਓਬਰਾਏ ਜੀ ਨੇ ਦੱਸਿਆ ਹੈ ਕਿ ਇਹ ਸਭ ਦਸਮ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਸੇ ਬਖਸ਼ਿਸ਼ ਸਦਕਾ ਇਸ ਪਾਕ ਧਰਤਿ ਤੇ ਕੁੱਝ ਸਮਾਂ ਪਹਿਲਾਂ ਅਸੀਂ ਸੰਨੀ ਓਬਰਾਏ ਵਿਵੇਕ ਸਦਨ ਦੀ ਸਥਾਪਨਾ ਕੀਤੀ ਸੀ ਜਿਸ ਦਾ ਮਨੋਰਥ ਇਸ ਨਿਵੇਕਲੀ ਧਰਤਿ ਤੋਂ ‘ਵਿਦਿਆ’ ਤੇ ‘ਵਿਚਾਰ’ ਦੀ ਗੱਲ ਪੂਰੇ ਸੰਸਾਰ ਵਿੱਚ ਲੈ ਕੇ ਜਾਣਾ ਹੈ। ਇਸ ਕਾਰਜ ਲਈ ਅਸੀਂ ਦ੍ਰਿੜ ਸੰਕਲਪ ਵੀ ਹਾਂ ਤੇ ਕਾਰਜਸ਼ੀਲ ਵੀ। ਬਹੁਤ ਸੋਚ ਵਿਚਾਰ ਤੋਂ ਬਾਅਦ ਅਸੀਂ ਸੰਬੰਧਿਤ ਕੇਂਦਰ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਮਨ ਬਣਾ ਲਿਆ ਹੈ। 

ਡਾਕਟਰ ਐੱਸ ਪੀ ਸਿੰਘ ਓਬਰਾਏ ਜੀ ਨੇ ਅੱਗੇ ਦੱਸਿਆ ਕਿ ,ਇਹ ਯੂਨੀਵਰਸਿਟੀ ਸਥਾਪਨਾ ਵੱਲ ਸਾਡਾ ਆਰੰਭਿਕ ਪੜਾਅ ਹੈ। ਬਹੁਤ ਛੇਤੀ ਹੀ ਅਸੀਂ ਸਾਰੀਆਂ ਬਣਦੀਆਂ ਪ੍ਰਵਾਨਗੀਆਂ ਲੈ ਇੱਕ ਯੂਨੀਵਰਸਿਟੀ ਦੀ ਸਥਾਪਨਾ ਜਰੂਰ ਕਰਾਂਗੇ। ਇਸ ਸਾਰੇ ਕਾਰਜ ਲਈ ਅਸੀਂ ਅੰਤਰਰਾਸ਼ਟਰੀ ਸਿੱਖ ਵਿਦਵਾਨ ਡਾ.ਸਰਬਜਿੰਦਰ ਸਿੰਘ ਜੀ ਦੀਆਂ ਸੇਵਾਵਾਂ ਬਤੌਰ ਵਾਈ-ਚਾਂਸਲਰ ਵਜੋਂ ਲੈ ਲਈਆਂ ਹਨ। ਉਹ ਜੁਲਾਈ ਦੇ ਪਹਿਲੇ ਹਫ਼ਤੇ ਸਾਡੇ ਇਸ ਨਵੇਂ ਭਵਿੱਖੀ ਪ੍ਰੋਜੈਕਟ ਨੂੰ ਜਾਇਨ ਕਰ ਲੈਣਗੇ। ਉਹਨਾਂ ਦਾ ਯੂਨੀਵਰਸਿਟੀਆਂ ਵਿੱਚ ਬਤੌਰ ਅਧਿਆਪਕ 40 ਸਾਲ ਦਾ ਤਜ਼ਰਬਾ ਹੈ ਜਿੱਥੇ ਉਹ ਵੱਖ-ਵੱਖ ਉਚ ਅਹੁਦਿਆਂ ਤੇ ਕਾਰਜਸ਼ੀਲ ਰਹੇ ਹਨ ਉਹ ਬਤੌਰ ਮੁਖੀ ਸੇਵਾ ਨਿਭਾਉਣ ਲਈ ਤਿਆਰ ਹਨ।

ਡਾਕਟਰ ਸਰਬਜਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਦੁਨੀਆਂ ਵਿੱਚ ਜਦ 859 ਏ ਡੀ ‘ਚ ਪਹਿਲੀ ਮਾਡਰਨ ਯੂਨੀਵਰਸਿਟੀ ਮੋਰਾਕੋ ਵਿੱਚ ਅਲ ਫਿਹਰੀ ਨੇ ਸਥਾਪਿਤ ਕੀਤੀ ਸੀ ਤਾਂ ਉਸ ਨੇ ਇਸਦੀ ਸਥਾਪਨਾ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਕੀਤਾ ਸੀ। ਪਹਿਲੇ ਹਿੱਸੇ ਨੂੰ ਉਸਨੇ ਇਸ ਨੂੰ ‘ਆਈਡੀਆ ਆਫ਼ ਦਾ ਯੂਨੀਵਰਸਿਟੀ’ ਦੂਜੇ ਹਿੱਸੇ ਨੂੰ ਉਸਨੇ ‘ਸਕੂਲ ਆਫ਼ ਦਾ ਯੂਨੀਵਰਸਿਟੀ’ ਅਤੇ ਤੀਜੇ ਹਿੱਸੇ ਨੂੰ ਉਸਨੇ ‘ ਪ੍ਰੈਕਟਿਸ ਆਫ਼ ਦਾ ਯੂਨੀਵਰਸਿਟੀ’ ਕਿਹਾ। ਇਹ ਯੂਨੀਵਰਸਿਟੀ ਯੂਨੈਸਕੋ ਦੇ ਰਿਕਾਰਡ ਅਨੁਸਾਰ ਪਹਿਲੀ ਡਿਗਰੀ ਯੂਨੀਵਰਸਿਟੀ ਸੀ ਤੇ ਜਿਸ ਨੂੰ ਸ਼ੁਰੂ ਕਰਨ ਵਾਲੀ ਇਕ ਔਰਤ ਸੀ। ਅਸੀਂ ਵੀ ਇਸ ਬਣਨ ਜਾ ਰਹੀ ਭਵਿੱਖੀ ਯੂਨੀਵਰਸਿਟੀ ਨੂੰ ਉਸੇ ਪੈਟਰਨ ਤੇ ਰੱਖ ਕੇ ਅਮਲ ਵਿੱਚ ਲਿਆਉਣ ਦਾ ਯਤਨ ਕਰਾਂਗੇ । ਅਸੀਂ ਸਫਲ ਹੋਵਾਂਗੇ ਇਹ ਸਾਡਾ ਭਰੋਸਾ ਹੈ । ਅਨੰਦਪੁਰ ਸਾਹਿਬ ਧਰਤਿ ਤੇ ਦੋ ਜਹਾਨਾਂ ਦਾ ਵਾਲੀ ਜਦ ਸਾਡੀ ਪਿੱਠ ਤੇ ਹੋਏਗਾ ਤਾਂ ਸਫਲਤਾ ਤਾਂ ਸਾਡਾ ਮੁਖ ਚੁੰਮੇਗੀ ਹੀ । 

ਉਨਾਂ ਅੱਗੇ ਕਿਹਾ ਕਿ ‘ਆਈਡੀਆ ਆਫ਼ ਦਾ ਯੂਨੀਵਰਸਿਟੀ’ ਇਸ ਸੰਸਥਾ ਨੇ ਸੈੰਟਰ ਫਾਰ ਸੋਸ਼ਲ ਸਾਇੰਸਜ ਦੇ ਰੂਪ ਵਿਚ ਸੰਪੂਰਨ ਕਰ ਲਿਆ ਹੈ ਤੇ ਇਸ ਕੇਂਦਰ ਨੂੰ ਡਾ ਭੁਪਿੰਦਰ ਕੌਰ ਬਤੌਰ ਡਾਇਰੈਕਟਰ ਬਹੁਤ ਖੂਬਸੂਰਤੀ ਨਾਲ ਚਲਾ ਰਹੇ ਹਨ ।‘ਸਕੂਲ ਆਫ਼ ਯੂਨੀਵਰਸਿਟੀ’ ਦਾ ਆਰੰਭ ਬਿਲਡਿੰਗ ਦੀ ਨੀਂਹ-ਪੱਥਰ ਰੱਖ ਅਸਾਂ ਅਜ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮਿਆਂ ਵਿੱਚ ਇਸ ਦਾ ਵਿਸਥਾਰ ਰੂਪ ‘ਪ੍ਰੈਕਟਿਸ ਆਫ਼ ਯੂਨੀਵਰਸਿਟੀ’ ਸ਼ੁਰੂ ਹੋਵੇਗਾ। ਜੋ ਅਨੰਦਪੁਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਇੱਕ ਕ੍ਰਾਂਤੀ ਹੋਵੇਗੀ। ਇਸ ਦਾ ਸਿਲੇਬਸ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਹਰ ਕੋਰਸ ਦੇ ਵਿੱਚ ਇੱਕ ਹਿੱਸਾ ਸਕਿੱਲ ਵਿੱਦਿਆ ਦਾ ਹੋਵੇਗਾ, ਜਿਸ ਵਿੱਚ ਥਿਊਰੀ ਅਤੇ ਪ੍ਰੈਕਟਿਸ ਦੋਹਾਂ ਤੇ ਫੋਕਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਯੂਨੀਵਰਸਿਟੀ ਹੈ ਜਾਂ ਸਰਕਾਰੀ ਇਹ ਪ੍ਰਸ਼ਨ ਹੀ ਨਹੀਂ ਬਣਦਾ। ਇਹ ‘ਗੁਰੂ ਦੀ ਯੂਨੀਵਰਸਿਟੀ’ ਹੈ ਜੋ ਪਾਤਸ਼ਾਹ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਚੱਲੇਗੀ। ਸਰਬੱਤ ਦਾ ਭਲਾ ਜੋ ਦੁਨੀਆਂ ਵਿੱਚ ਆਪਣੇ ਸਮਾਜ ਸੇਵੀ ਕਾਰਜਾਂ ਨਾਲ ਆਪਣੀ ਪਹਿਚਾਣ ਬਣਾ ਚੁੱਕਾ ਹੈ ਤੇ ਉਸਨੇ ਅਕਾਦਮਿਕ ਖੇਤਰ ਵਿੱਚ ਪਹਿਲੀ ਵਾਰ ਦਾਖ਼ਲ ਹੋ ਇਹ ਐਲਾਨ ਕਰ ਦਿੱਤਾ ਹੈ ਕਿ ਇਹ ਲੋੜਵੰਦ ਯੋਗ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਬਦਲ ਦੇਣ ਵਾਲੀ ਯੂਨੀਵਰਸਿਟੀ ਵਜੋਂ ਆਪਣਾ ਨਾਮ ਸਥਾਪਿਤ ਕਰੇਗੀ।

ਕਾਨਫ਼ਰੰਸ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ -ਚਾਂਸਲਰ ਡਾਕਟਰ ਰਾਜ ਬਹਾਦਰ ਜੀ ਨੇ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿੱਚ ਹਿੱਸਾ ਲਿਆ ਤੇ ਆਪਣੇ ਵਿਚਾਰ ਪੇਸ਼ ਕੀਤੇ। ਡਾ ਮਨਮੋਹਨ ਸਿੰਘ ਜੀ ਆਈ ਪੀ ਐੱਸ (ਰਿਟਾ) ਇਸ ਸਮਾਰੋਹ ਦਾ ਹਿੱਸਾ ਸਨ ਜਿਨ੍ਹਾਂ ਦੀਆਂ ਸੇਵਾਵਾਂ ਇਸ ਯੂਨੀਵਰਸਿਟੀ ਨੂੰ ਮਜ਼ਬੂਤ ਕਰਨ ਲਈ ਲਈਆਂ ਜਾਣਗੀਆਂ। ਯੂਨੀਵਰਸਿਟੀ ਦੇ ਮੁਖੀ ਨੇ ਕਿਹਾ ਕਿ ਸਮਰੱਥ ਅਕਾਦਮੀਸ਼ੀਅਜ ਦੀ ਇੱਕ ਗਵਰਨਿੰਗ ਬਾਡੀ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀਆਂ ਅੰਤਰ ਦ੍ਰਿਸ਼ਟੀਆਂ ਤੇ ਪਹੁੰਚ ਵਿਧੀਆਂ ਦਾ ਲਾਹਾ ਲੁੱਟਿਆ ਜਾ ਸਕੇ। ਨੀਂਹ- ਪੱਥਰ ਦੇ ਇਸ ਵਿਸ਼ੇਸ਼ ਸਮਾਰੋਹ ਵਿੱਚ ਦੋ ਚੇਅਰਾਂ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਪਹਿਲੀ 'ਭਾਈ ਨੰਦ ਲਾਲ ਚੇਅਰ' ਅਤੇ ਦੂਸਰੀ 'ਪ੍ਰੋਫੈਸਰ ਪੂਰਨ ਸਿੰਘ ਚੇਅਰ'।

ਡਾ ਸਰਬਜਿੰਦਰ ਜੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਦੀ ਸਾਰੀ ਰਚਨਾ ਕੇਂਦਰ ਵੱਲੋਂ ਛਾਪੀ ਜਾਵੇਗੀ। ਪਹਿਲੇ ਬਲਾਕ ਦਾ ਨਾਮ ‘ਭਾਈ ਦਯਾ ਸਿੰਘ ਜੀ ਦੇ ਨਾਮ ਤੇ ਹੋਵੇਗਾ ਅਤੇ ਫਿਰ ਪੰਜ ਪਿਆਰਿਆਂ ਦੇ ਨਾਮ ਤੇ ਪੰਜ ਬਲਾਕ ਤਾਮੀਰ ਕੀਤੇ ਜਾਣਗੇ । ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਪੁਸਤਕਾਂ ਦੀ ਛਪਾਈ ਲਈ ਇਕ ਵੱਡੀ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਜੋ ਸਾਡੇ ਇਹ ਮੁੱਖ ਸੋਮੇ ਸਮੇਂ ਦੀ ਲਪੇਟ ਵਿੱਚ ਗਵਾਚ ਹੀ ਨਾ ਜਾਣ । ਇਸ ਕੇੰਦਰ ਨੂੰ ਜਿਥੇ ਆਧੁਨਿਕ ਸਿੱਖਿਆ ਰਾਹੀਂ ਕਿੱਤਾ ਮੁਖੀ ਬਣਾਕੇ ਪੰਜਾਬ ਦੀ ਨਵੀਂ ਪੀੜੀ ਲਈ ਰੁਜ਼ਗਾਰ ਦੇ ਯੋਗ ਬਨਾਉਣ ਦੀ ਯੋਜਨਾ ਹੈ ਉਥੇ ਸਿੱਖ ਧਰਮ ਦੀ ਪਾਵਨ ਧਰਤਿ ਤੇ ਉਸਰ ਰਹੇ ਇਸ ਵਿਦਿਅਕ ਕੇਂਦਰ ਵਿੱਚ ਵੱਡਾ ਵਿਭਾਗ ਸਿੱਖ ਅਧਿਐਨ ਅਤੇ ਅਧਿਆਪਨ ਦਾ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਇਸ ਧਰਤਿ ਤੇ ਹੋਏ ਅਦਭੁੱਤ ਕਾਰਜਾਂ ਨੂੰ ਅਸੀਂ ਲੋਕ ਹਿਰਦਿਆਂ ਦਾ ਸਦੀਵੀ ਹਿਸਾ ਬਣਾ ਪਾਤਸ਼ਾਹ ਦੀਆਂ ਅਸੀਸਾਂ ਦੇ ਭਾਗੀਦਾਰ ਹੋ ਸਕੀਏ। 

ਯੂਨੀਵਰਸਿਟੀ ਦੀ ਸਥਾਪਨਾ ਨਾਲ ਜਿੱਥੇ ਸਿੱਖ ਧਰਮ ਨੂੰ ਸੰਸਾਰ ਭਰ ਵਿੱਚ ਹੋਰ ਉਤਸ਼ਾਹਿਤ ਕੀਤਾ ਜਾਵੇਗਾ, ਉੱਥੇ ਹੀ ਖ਼ਾਲਸੇ ਦੀ ਧਰਤਿ ਅਨੰਦਪੁਰ ਸਾਹਿਬ ਦੇ ਇਲਾਕੇ ਨਾਲ ਸੰਬਧਿਤ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਨਵੇਂ ਰਾਹ ਬਣਾਏ ਜਾਣਗੇ ।