ਖੁਦਕੁੱਸ਼ੀ ਦੀ ਕੋਸ਼ਿਸ਼ ਦੇ ਮਾਮਲੇ ਵਿਚ ਮੌਕੇ 'ਤੇ ਪੁੱਜੇ 7 ਪੁਲਿਸ ਅਫਸਰਾਂ ਉਪਰ ਕੀਤੀ ਗੋਲੀਬਾਰੀ, ਸ਼ੱਕੀ ਮ੍ਰਿਤਕ ਹਾਲਤ ਵਿਚ ਮਿਲਿਆ

ਖੁਦਕੁੱਸ਼ੀ ਦੀ ਕੋਸ਼ਿਸ਼ ਦੇ ਮਾਮਲੇ ਵਿਚ ਮੌਕੇ 'ਤੇ ਪੁੱਜੇ 7 ਪੁਲਿਸ ਅਫਸਰਾਂ ਉਪਰ ਕੀਤੀ ਗੋਲੀਬਾਰੀ, ਸ਼ੱਕੀ ਮ੍ਰਿਤਕ ਹਾਲਤ ਵਿਚ ਮਿਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਸ਼ਹਿਰ ਸੈਨ ਐਨਟੋਨੀਓ ਵਿਚ ਇਕ ਘਰ ਵਿਚ ਕਿਸੇ ਵਿਅਕਤੀ ਵੱਲੋਂ ਖੁਦਕੁੱਸ਼ੀ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜੇ 7 ਪੁਲਿਸ ਅਫਸਰਾਂ ਉਪਰ ਗੋਲੀਬਾਰੀ ਕੀਤੇ ਜਾਣ ਦੀ ਖਬਰ ਹੈ। ਸੈਨ ਐਨਟੋਨੀਓ ਪੁਲਿਸ ਮੁਖੀ ਬਿੱਲ ਮੈਕਮੈਨਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਟੋਨ ਓਕ ਖੇਤਰ ਦੇ ਇਕ ਘਰ ਵਿਚ ਕੁਝ ਗੜਬੜ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਸਨ। ਪੁਲਿਸ ਮੁਖੀ ਅਨੁਸਾਰ ਜਿਉਂ ਹੀ ਪਹਿਲਾ ਪੁਲਿਸ ਅਫਰਸ ਮੌਕੇ ਉਪਰ ਪੁੱਜਾ ਤਾਂ ਉਸ ਉਪਰ ਗੋਲੀ ਚਲਾਈ ਗਈ। ਇਸ ਉਪਰੰਤ 6 ਹੋਰ ਪੁਲਿਸ ਅਫਸਰ ਮੌਕੇ 'ਤੇ ਪੁੱਜੇ ਤਾਂ ਉਨਾਂ ਉਪਰ ਵੀ ਗੋਲੀਆਂ ਚਲਾਈਆਂ ਗਈਆਂ ਹਾਲਾਂ ਕਿ ਕੋਈ ਵੀ ਪੁਲਿਸ ਅਫਸਰ ਜਖਮੀ ਨਹੀਂ ਹੋਇਆ ਹੈ।

ਪੁਲਿਸ ਮੁਖੀ ਅਨੁਸਾਰ ਇਕ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕਰ ਲਿਆ ਸੀ। ਕਈ ਘੰਟਿਆਂ ਬਾਅਦ ਜਦੋਂ ਪੁਲਿਸ ਅਫਸਰ ਅੰਦਰ ਗਏ ਤਾਂ ਸ਼ੱਕੀ ਮਰ ਚੁੱਕਾ ਸੀ। ਉਨਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਖੁਦ ਨੂੰ ਆਪੇ ਗੋਲੀ ਮਾਰੀ ਹੈ ਜਾਂ ਪੁਲਿਸ ਅਫਸਰਾਂ ਵੱਲੋਂ ਚਲਾਈ ਗੋਲੀ ਨਾਲ ਮੌਤ ਹੋਈ ਹੈ। ਪੁਲਿਸ ਮੁਖੀ ਅਨੁਸਾਰ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ 18 ਜਨਵਰੀ ਨੂੰ ਹਮਲਾ ਕਰਨ ਤੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਨਿੱਜੀ ਮਚਲਕਾ ਭਰਨ 'ਤੇ ਰਿਹਾਅ ਕੀਤਾ ਗਿਆ ਸੀ। ਪੁਲਿਸ ਨੇ ਮ੍ਰਿਤਕ ਸ਼ੱਕੀ ਦਾ ਨਾਂ ਜਾਰੀ ਨਹੀਂ ਕੀਤਾ ਹੈ।