ਜਮਹੂਰੀ ਗੱਠਜੋੜ ਤੇ ਟਕਸਾਲੀ ਦਲ ਕਾਂਗਰਸ ਤੇ ਬਾਦਲ ਦਲ ਲਈ ਬਣੇਗਾ ਚੁਣੌਤੀ
ਬਾਗੀ ਅਕਾਲੀ ਆਗੂਆਂ ਨੇ ਬਣਾਈ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ)
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਬਣਾਇਆ ਪ੍ਰਧਾਨ
ਸ੍ਰੋਮਣੀ ਕਮੇਟੀ ਨੇ ਸੂਚਨਾ ਕੇਂਦਰ ‘ਚ ਟਕਸਾਲੀ ਦਲ ਦੀ ਪ੍ਰੈੱਸ ਕਾਨਫ਼ਰੰਸ ਨਾ ਹੋਣ ਦਿਤੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਵਿਚ ਜਮਹੂਰੀ ਗੱਠਜੋੜ ਤੇ ਟਕਸਾਲੀ ਦਲ ਕਾਂਗਰਸ ਤੇ ਬਾਦਲ ਦਲ ਲਈ ਨਵੀਂ ਚੁਣੌਤੀ ਬਣੇਗਾ, ਕਿਉਂਕਿ ਬਸਪਾ ਨੇ ਜਮਹੂਰੀ ਗੱਠਜੋੜ ਦਾ ਸਮਰਥਨ ਕਰ ਦਿਤਾ ਹੈ। ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਜਮਹੂਰੀ ਗੱਠਜੋੜ ਨਾਲ ਸਾਂਝ ਪੈਣ ਦੀ ਸੰਭਾਵਨਾ ਹੈ। ਬਰਗਾੜੀ ਮੋਰਚੇ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਾਦਲਾਂ ਵਿਰੁੱਧ ਬਗਾਵਤ ਦੀ ਚੰਗਿਆੜੀ ਲਾਈ। ਸਿੱਖ ਧਾਰਮਿਕ-ਸਿਆਸੀ ਖੇਤਰ, ਜਿਸ ਵਿਚੋਂ ਅਕਾਲੀ ਦਲ ਦਿਨੋ-ਦਿਨ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ, ਵਿਚ ਪੈਦਾ ਹੋ ਰਿਹਾ ਖ਼ਲਾਅ ਭਰਨ ਲਈ ਵੱਖ ਵੱਖ ਪੱਧਰਾਂ ਉੱਤੇ ਯਤਨ ਹੋ ਰਹੇ ਹਨ।ਇਹ ਯਤਨ ਕਾਂਗਰਸ ਤੇ ਬਾਦਲ ਦਲ ਲਈ ਵਡੀ ਚੁਣੌਤੀ ਵਜੋਂ ਉਭਰ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਤੀਸਰੀ ਧਿਰ ਬਣਨ ਨਾਲ ਫਾਦਲ ਦਲ ਹੋਰ ਸਿਆਸੀ ਨਿਘਾਰ ਵਲ ਜਾਵੇਗਾ। ਬਰਗਾੜੀ ਮੋਰਚਾ ਫੇਲ ਹੋਣ ਕਾਰਣ ਇਸ ਨਾਲ ਜੁੜੀਆਂ ਧਿਰਾਂ ਦਾ ਸਫਲ ਸਿਆਸੀ ਮੰਚ ਬਣਨ ਦੀ ਸੰਭਾਵਨਾ ਘਟ ਹੈ। ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਮੈਚ ਕਾਂਗਰਸ ਤੇ ਤੀਸਰੇ ਮੋਰਚੇ ਦਰਮਿਆਨ ਹੋਵੇ।
ਸ਼੍ਰੋਮਣੀ ਅਕਾਲੀ ਦਲ (ਬ) ਨਾਲ ਕਾਫ਼ੀ ਸਮੇਂ ਤੋਂ ਨਾਰਾਜ਼ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਕੇ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਸਥਾਪਨਾ ਕੀਤੀ ਗਈ ਤੇ ਇਸ ਮੌਕੇ ਹਾਜ਼ਰ ਆਗੂਆਂ ਤੇ ਵਰਕਰਾਂ ਵਲੋਂ ਮਾਝੇ ਦੇ ਜਰਨੈਲ ਕਹੇ ਜਾਂਦੇ ਟਕਸਾਲੀ ਅਕਾਲੀ ਆਗੂ ਤੇ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜੈਕਾਰਿਆਂ ਦੀ ਗੂੰਜ ਵਿਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ? ਇਸ ਮੌਕੇ ਪਾਸ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਦੋਸ਼ੀ ਬਾਦਲ ਪਰਿਵਾਰ ਅਤੇ ਡੇਰਾ ਸਿਰਸਾ ਵਾਲੇ ਸਾਧ ਰਾਮ ਰਹੀਮ ਵਿਰੁੱਧ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ? ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਸੈਂਕੜਿਆਂ ਦੀ ਗਿਣਤੀ ‘ਚ ਅਕਾਲੀ ਵਰਕਰ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹੋਏ ਸਨ। ਅਰਦਾਸ ਉਪਰੰਤ ਸਾਬਕਾ ਮੰਤਰੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਸੇਵਾ ਸਿੰਘ ਸੇਖਵਾਂ ਨੇ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਵਜੋਂ ਪੇਸ਼ ਕੀਤਾ ਤੇ ਜਿਸ ਦੀ ਤਾਈਦ ਡਾ: ਰਤਨ ਸਿੰਘ ਅਜਨਾਲਾ ਅਤੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਵਲੋਂ ਕੀਤੀ ਗਈ ਤਾਂ ਹਾਜ਼ਰ ਵਰਕਰਾਂ ਤੇ ਸੰਗਤਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿੱਤੀ। ਇਸ ਮੌਕੇ ਕਿਹਾ ਗਿਆ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਪੇਸ਼ ਕੀਤੇ ਮਤੇ ਨੂੰ ਸੰਗਤਾਂ ਨੇ ਹੱਥ ਖੜ੍ਹੇ ਕਰ ਕੇ ਤੇ ਜੈਕਾਰੇ ਬੁਲਾ ਕੇ ਦਿੱਤੀ ਪ੍ਰਵਾਨਗੀ
ਇਸ ਮੌਕੇ ਮਨਮੋਹਨ ਸਿੰਘ ਸਠਿਆਲਾ ਵਲੋਂ ਇਕ ਮਤਾ ਪੇਸ਼ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਵਿਸ਼ਾਲ ਇਕੱਠ ਬਾਦਲ ਪਰਿਵਾਰ ਵਲੋਂ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਨੂੰ ਛਿੱਕੇ ‘ਤੇ ਟੰਗਦੇ ਹੋਏ ਸਾਧ ਰਾਮ ਰਹੀਮ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ, ਸ਼੍ਰੋਮਣੀ ਕਮੇਟੀ ਦਾ ਰਾਜਸੀਕਰਨ ਕਰਨ, ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਪੁਰਅਮਨ ਢੰਗ ਨਾਲ ਬਰਗਾੜੀ ਅਤੇ ਬਹਿਬਲ ਕਲਾਂ ਵਿਚ ਵਾਹਿਗੁਰੂ ਦਾ ਜਾਪ ਕਰ ਰਹੇ ਸਿੰਘਾਂ ‘ਤੇ ਲਾਠੀਆਂ ਅਤੇ ਗੋਲੀਆਂ ਚਲਾ ਕੇ ਦੋ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਨ ਅਤੇ ਕਈਆਂ ਨੂੰ ਜ਼ਖ਼ਮੀ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ? ਇਸ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸਭ ਕੁਝ ਦੇ ਦੋਸ਼ੀ ਬਾਦਲ ਪਰਿਵਾਰ ਅਤੇ ਸਾਧ ਰਾਮ ਰਹੀਮ ਵਿਰੁੱਧ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ.
ਸਰਬੱਤ ਦੇ ਭਲੇ ਲਈ ਕੰਮ ਕਰਾਂਗੇ-ਜਥੇਦਾਰ ਬ੍ਰਹਮਪੁਰਾ
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 60 ਵਰ੍ਹਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਤੇ ਪਾਰਟੀ ਵਲੋਂ ਲਗਾਏ ਮੋਰਚਿਆਂ ‘ਚ ਜੇਲ੍ਹਾਂ ਵੀ ਕੱਟੀਆਂ ਹਨ ? ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪਿਛਲੇ ਸਮੇਂ ‘ਚ ਬਹੁਤ ਗਲਤੀਆਂ ਕੀਤੀਆਂ, ਜਿਸ ਦਾ ਉਹ ਵਿਰੋਧ ਕਰਦੇ ਰਹੇ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਫ਼ਿਰ ਸੰਗਤਾਂ ਕੋਲ ਪੁੱਜੇ ਹਾਂ ? ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਕਬਜ਼ਾ ਕੀਤਾ ਹੋਇਆ ਹੈ ? ਉਨ੍ਹਾਂ ਕਿਹਾ ਕਿ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਨਵਾਂ ਅਕਾਲੀ ਦਲ ਇਕ ਧਰਮ ਨਿਰਪੱਖ ਸਿਆਸੀ ਪਾਰਟੀ ਹੋਵੇਗੀ ਤੇ ਗਰੀਬ ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ ? ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਲਈ ਹੁਣ ਤੋਂ ਹੀ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ ਤੇ ਪਾਰਟੀ ਲਈ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਪਿੰਡ-ਪਿੰਡ ਜਾ ਕੇ ਅਕਾਲੀ ਵਰਕਰਾਂ ਤੇ ਸੰਗਤਾਂ ਨਾਲ ਸੰਪਰਕ ਕੀਤਾ ਜਾਵੇਗਾ ? ਉਨ੍ਹਾਂ ਸਪੱਸ਼ਟ ਕੀਤਾ ਕਿ ਊਹ ਖੁਦ ਲੋਕ ਸਭਾ ਚੋਣ ਨਹੀਂ ਲੜਣਗੇ ਪਰ ਪਾਰਟੀ ਨੂੰ ਮਾਨਤਾ ਮਿਲਣ ਉਪਰੰਤ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ।
ਸੂਚਨਾ ਕੇਂਦਰ ‘ਚ ਪ੍ਰੈੱਸ ਕਾਨਫ਼ਰੰਸ ਨਾ ਕਰਨ ਦੇਣ ਲਈ ਸ਼੍ਰੋਮਣੀ ਕਮੇਟੀ ਦੀ ਆਲੋਚਨਾ
ਇਸ ਮੌਕੇ ਜਥੇਦਾਰ ਬ੍ਰਹਮਪੁਰਾ, ਸਾਬਕਾ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪ੍ਰੈੱਸ ਕਾਨਫ਼ਰੰਸ ਨਾ ਕਰਨ ਦੇਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਚਨਾ ਕੇਂਦਰ ਦੇ ਬੂਹੇ ਬੰਦ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਸਾਧ ਸੰਗਤ ਵਾਸਤੇ ਨਹੀਂ, ਬਾਦਲ ਪਰਿਵਾਰ ਵਾਸਤੇ ਹੈ ? ਇਸ ਮੌਕੇ ਜਥੇ: ਸੇਖਵਾਂ ਤੇ ਡਾ: ਅਜਨਾਲਾ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੇ ਏਕਾਧਿਕਾਰ, ਤਾਨਾਸ਼ਾਹ, ਭ੍ਰਿਸ਼ਟਾਚਾਰ ਅਤੇ ਹੰਕਾਰ ਨੇ ਇਸ ਪੰਥਕ ਰਾਜਨੀਤਿਕ ਦਲ ਦੇ ਨਾਲ-ਨਾਲ ਵਿਸ਼ਵ ਅੰਦਰ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਪੂਰੀ ਤਰ੍ਹਾਂ ਆਪਣੀ ਦਾਸੀ ਬਣਾ ਲਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੇ ਦਰ ‘ਤੇ ਖੜ੍ਹੇ ਰਹਿਣ ਵਾਲੇ ਦਾਸਰੇ ਬਣਾ ਕੇ ਇਨ੍ਹਾਂ ਮਹਾਨ ਪੰਥਕ ਸੰਸਥਾਵਾਂ ਦੇ ਸਿਧਾਂਤਾਂ ਤੇ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ। ਉਨ੍ਹਾਂ ਕਿਹਾ ਕਿ ਇਹ ਨਵਾਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਨਿਰੋਲ ਧਰਮੀ ਅਤੇ ਧਾਰਮਿਕ ਵਿਸ਼ਿਆਂ ਤੱਕ ਸੀਮਿਤ ਕਰੇਗਾ ਤੇ ਇਸ ਦਾ ਉਮੀਦਵਾਰ ਜਾਂ ਮੈਂਬਰ ਰਾਜ ਵਿਧਾਨ ਸਭਾ ਜਾਂ ਪਾਰਲੀਮੈਂਟ ਲਈ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਰਾਜਨੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਅਤੇ ਦਬਾਅ ਤੋਂ ਮੁਕਤ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਨੂੰ ਸਹੀ ਅਰਥਾਂ ਵਿਚ ਰਾਜ ਭਾਸ਼ਾ-ਸਿੱਖਿਆ ਦੀ ਮਾਧਿਅਮ ਭਾਸ਼ਾ ਬਣਾਇਆ ਜਾਵੇਗਾ।
ਟਕਸਾਲੀਆਂ ਦਾ ਸਮਰਥਨ ਨਹੀਂ ਲੈ ਸਕੇ ਮਾਝੇ ਦੇ ਜਰਨੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਖ਼ਿਲਾਫ਼ ਝੰਡਾ ਚੁੱਕਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਿਨ੍ਹਾਂ ਵੱਲੋਂ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਗਿਆ ਹੈ ਨੂੰ ਆਪਣੇ ਸਿਆਸੀ ਖੇਤਰ ਵਿਚਲੇ ਟਕਸਾਲੀ ਪਰਿਵਾਰਾਂ ਦਾ ਸਮਰਥਨ ਨਹੀਂ ਮਿਲ ਸਕਿਆ। ਹਾਲਾਂਕਿ ਵੱਡਾ ਇਕੱਠ ਕਰਨ ਵਾਲੇ ਬ੍ਰਹਮਪੁਰਾ ਨੂੰ ਆਉਣ ਵਾਲੇ ਸਮੇਂ ‘ਚ ਆਪਣੀ ਕਰਮ ਭੂਮੀ ‘ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਥੇਦਾਰਾ ਰਣਜੀਤ ਸਿੰਘ ਬ੍ਰਹਮਪੁਰਾ ਦੀ ਗੱਲ ਕਰੀਏ ਤਾਂ ਉਹ ਸ਼੍ਰੋਮਣੀ ਅਕਾਲੀ ਦਲ ‘ਚ ਚਾਰ ਵਾਰ ਵਿਧਾਇਕ ਬਣ ਚੁੱਕੇ ਹਨ। ਜਦੋਂ ਕਿ ਇਕ ਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵੀ ਅਕਾਲੀ ਦਲ ਦੀ ਟਿਕਟ ਤੋਂ ਬਣੇ ਹਨ। ਹਾਲ ਹੀ ਵਿਚ ਬ੍ਰਹਮਪੁਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਸਮੇਤ ਝੰਡਾ ਬੁਲੰਦ ਕੀਤਾ ਸੀ। ਜਿਸ ਦੇ ਚਲਦਿਆਂ ਇਨ੍ਹਾਂ ਸਾਰਿਆਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਬਾਦਲ ਪਰਿਵਾਰ ਖ਼ਿਲਾਫ਼ ਲਗਾਤਾਰ ਬੋਲ ਰਹੇ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਐਲਾਨ ਤਾਂ ਕਰ ਦਿੱਤਾ ਗਿਆ, ਪਰ ਮਾਝੇ ਦਾ ਜਰਨੈਲ ਅਖਵਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਾਝੇ ਦੇ ਹੀ ਟਕਸਾਲੀ ਆਗੂਆਂ ਦਾ ਸਮਰਥਨ ਨਹੀਂ ਮਿਲ ਸਕਿਆਂ। ਇਨ੍ਹਾਂ ਹੀ ਨਹੀਂ ਬ੍ਰਹਮਪੁਰਾ ਦੇ ਨਾਲ ਰਹੇ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਅਤੇ ਹੋਰ ਕਈ ਆਗੂ ਬ੍ਰਹਮਪੁਰਾ ਦੀ ਨਵੀਂ ਪਾਰਟੀ ਵਿਚ ਸ਼ਾਮਿਲ ਨਹੀਂ ਹੋਏ। ਇਨ੍ਹਾਂ ਹੀ ਨਹੀਂ ਬ੍ਰਹਮਪੁਰਾ ਦੀ ਬਾਂਹ ਫੜ ਕੇ ਸਿਆਸੀ ਸਫਰ ਚਲਾਉਣ ਵਾਲੇ ਅਲਵਿੰਦਰਪਾਲ ਸਿੰਘ ਪੱਖੋਕੇ ਵੀ ਉਨ੍ਹਾਂ ਦੇ ਹਲਕੇ ਖਡੂਰ ਸਾਹਿਬ ਦੀ ਵਾਗਡੋਰ ਅਕਾਲੀ ਦਲ ਵੱਲੋਂ ਸਾਂਭ ਰਹੇ ਹਨ।
ਬਾਦਲ ਦਲ ਤੇ ਬਾਦਲ ਪਰਵਾਰ ਲਈ ਖਤਰਨਾਕ ਸਿਆਸੀ ਸਥਿਤੀ
ਇਹ ਹਕੀਕਤ ਵਿੱਚ ਵੀ ਬਾਦਲ ਪਰਵਾਰ ਦਾ ਦਲ ਹੀ ਬਣ ਚੁੱਕਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਸਾ ਡੇਰੇ ਦੇ ਮੁਖੀ ਨੂੰ ਕਦੇ ਛੇਕਣ, ਫਿਰ ਬਖ਼ਸ਼ਣ ਅਤੇ ਮੁੜ ਕੀਤਾ ਹੁਕਮਨਾਮਾ ਵਾਪਸ ਕਰਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਅਕਾਲੀ ਸਰਕਾਰ ਸਮੇਂ ਘਟਨਾਵਾਂ ਹੋਣ ਅਤੇ ਉਨ੍ਹਾਂ ਨਾਲ ਸਿੱਝਣ ਦੇ ਗ਼ੈਰਪੰਥਕ ਵਤੀਰੇ ਨੇ ਅਕਾਲੀ ਸਫ਼ਾਂ ਵਿਚ ਰੋਸ ਪੈਦਾ ਕੀਤਾ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜੋੜੀਦਾਰਾਂ ਨੇ ਇਸ ਪਾਰਟੀ ਨੂੰ ਪਿਤਾ-ਪੁਰਖੀ ਪਾਰਟੀ ਦਾ ਨਵਾਂ ਰੰਗ ਚੜ੍ਹਦਾ ਵੇਖ ਕੇ ਵੀ ਕਿੰਤੂ ਕਰਨ ਦੀ ਥਾਂ ਹਮਾਇਤ ਜਾਰੀ ਰੱਖੀ ਸੀ। ਗੱਲ ਓਦੋਂ ਲੀਹੋਂ ਲੱਥੀ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਫਰਜ਼ੰਦ ਸੁਖਬੀਰ ਇਸ ਪਾਰਟੀ ਨੂੰ ਆਪਣੀ ਜਾਇਦਾਦ ਮੰਨ ਕੇ ਸਿੱਖੀ ਨੂੰ ਦਾਅ ਉੱਤੇ ਲਾਉਣ ਲੱਗ ਪਿਆ ਜਿਸ ਕਰਕੇ ਪਾਰਟੀ ਦੀ ਪੱਕੀ ਨੀਂਹ ਮੰਨੇ ਜਾਂਦੇ ਸਿੱਖ ਭਾਈਚਾਰੇ ਵਿੱਚੋਂ ਹੀ ਇਸ ਦੀ ਜੜ੍ਹ ਖਿਸਕਣੀ ਸ਼ੁਰੂ ਹੋ ਗਈ ਸੀ। ਨਤੀਜਾ ਇਹ ਹੋਇਆ ਕਿ ਇਹ ਪਾਰਟੀ ਪਿਛਲੇ ਸਾਲ ਆਪਣੀ ਹੋਂਦ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਰਾਜ ਕਰਨ ਤੋਂ ਹੀ ਵਾਂਝੀ ਨਹੀਂ ਸੀ ਰਹੀ, ਸਗੋਂ ਵਿਰੋਧ ਦੀ ਮੁੱਖ ਧਿਰ ਵੀ ਨਹੀਂ ਸੀ ਰਹਿ ਗਈ ਤੇ ਏਨੀਆਂ ਕੁ ਸੀਟਾਂ ਤੱਕ ਸਿਮਟ ਗਈ ਸੀ ਕਿ ਬਾਰਾਂ ਵਾਰੀਆਂ ਦਾ ਵਿਧਾਇਕ ਤੇ ਪੰਜ ਵਾਰੀਆਂ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹੋ ਜਿਹੀ ਵਿਧਾਨ ਸਭਾ ਵਿੱਚ ਜਾਣੋਂ ਹਟ ਗਿਆ ਸੀ। ਇਹ ਗੱਲ ਕਿਤੇ ਛੋਟੀ ਨਹੀਂ ਕਿ ਪਾਰਟੀ ਦੀ ਅਗਵਾਈ ਕਰਦੇ ਬਾਦਲਾਂ ਨੂੰ ਆਪਣੀ ਪਾਰਟੀ ਦੇ ਵਿਧਾਇਕ ਗਰੁੱਪ ਦੀ ਲੀਡਰੀ ਕਰਨ ਵਿੱਚ ਵੀ ਸ਼ਰਮ ਆਉਣ ਲੱਗ ਪਈ ਸੀ।
ਏਦਾਂ ਦੇ ਹਾਲਾਤ ਵਿੱਚ ਜਦੋਂ ਪਾਰਟੀ ਵਿੱਚ ਸੱਠ-ਸੱਠ ਸਾਲ ਲਾ ਚੁੱਕੇ ਮਾਝੇ ਦੇ ਸੀਨੀਅਰ ਨੇਤਾਵਾਂ ਨੇ ਬਗਾਵਤ ਕਰ ਦਿਤੀ।
ਇਸ ਸਥਿਤੀ ਕਾਰਨ ਹੀ ਨਵਾਂ ਅਕਾਲੀ ਦਲ ਪੈਦਾ ਹੋਇਆ ਹੈ, ਜਿਸ ਨੇ ਆਪਣਾ ਨਾਂਅ ਅਕਾਲੀ ਦਲ ਟਕਸਾਲੀ ਰੱਖ ਕੇ ਬਾਦਲ ਅਕਾਲੀ ਦਲ ਲਈ ਚੁਣੌਤੀ ਪੇਸ਼ ਕਰਨ ਦਾ ਯਤਨ ਕੀਤਾ ਹੈ।
ਟਕਸਾਲੀ ਅਕਾਲੀ ਦਲ ਬਣਨ ਪਿੱਛੋਂ ਸੁਖਬੀਰ ਨੂੰ ‘ਜਾਗਿਆ ਵਰਕਰਾਂ ਦਾ ਮੋਹ’
ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਟਕਸਾਲੀ ਅਕਾਲੀਆਂ ਵੱਲੋਂ ਸਮਾਨਾਂਤਰ ਪਾਰਟੀ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਦੇ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਮੀਨ ‘ਤੇ ਉੱਤਰੇ ਅਤੇ ਧਰਤੀ ਨਾਲ ਜੁੜੇ ਵਿਖਾਈ ਦਿੱਤੇ। ਉਨ੍ਹਾਂ ਸੰਗਰੂਰ ‘ਚ ਵੱਖੋ-ਵੱਖਰੇ ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਉਹ ਆਮ ਪਾਰਟੀ ਵਰਕਰਾਂ ਨਾਲ ਵੀ ਬਿਲਕੁਲ ਦੋਸਤਾਂ ਵਾਂਗ ਹੀ ਮਿਲ ਰਹੇ ਸਨ। ਬਾਦਲ ਨੇ ਸੰਗਰੂਰ ਜ਼ਿਲ੍ਹੇ ਨਾਲ ਜੁੜੇ ਸੱਤ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਕਾਰਕੁੰਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਸੁਣੀਆਂ ਹਨ ਤੇ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ ‘ਚ ਇੰਝ ਹੀ ਪਾਰਟੀ ਕਾਰਕੁੰਨਾਂ ਨਾਲ ਗੱਲਬਾਤ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਆਗੁਆਂ ‘ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੁੰ ਪਾਰਟੀ ‘ਚ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ‘ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਕਿੰਨੇ ਹੀ ਅਕਾਲੀ ਦਲ ਬਣਾ ਲਏ ਹਨ ਪਰ ਇਤਿਹਾਸਕ ਪਾਰਟੀ ਇੱਕੋ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਲੋਕ ਸਾਡੇ ਅਕਾਲੀ ਦਲ ਨੂੰ ਹੀ ਹਮਾਇਤ ਦੇਣਗੇ। ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਮਜ਼ਬੂਤ ਪਾਰਟੀ ਵਜੋਂ ਉੱਭਰੇਗੀ।’
ਜਮਹੂਰੀ ਗੱਠਜੋੜ ਪਾਰਟੀ ਬਣਾਉਣ ਦਾ ਐਲਾਨ
ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤਾ ਇਨਸਾਫ਼ ਮਾਰਚ ਇੱਥੇ ਪਟਿਆਲਾ ਦੀ ਮਹਿਮਦਪੁਰ ਮੰਡੀ ਵਿਖੇ ਆ ਕੇ ਸਮਾਪਤ ਹੋ ਗਿਆ। ਇਸ ਮੌਕੇ ਖਹਿਰਾ ਨੇ ਹਮਿਖ਼ਆਲੀ ਆਗੂਆਂ ਨਾਲ ਮਿਲ ਕੇ ਨਵੀਂ ਪਾਰਟੀ ‘ਜਮਹੂਰੀ ਗੱਠਜੋੜ’ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਮੰਚ ‘ਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ, ਪੰਜਾਬ ਮੰਚ ਦੇ ਮੁਖੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਮੰਚ ‘ਤੇ ਬਿਰਾਜਮਾਨ ਸਨ। ਇਸ ਮਾਰਚ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਵੀ ਆ ਕੇ ਇਸ ਗੱਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਡਰਾਮਾ ਕਰਾਰ ਦਿੱਤਾ ਗਿਆ। ਇਸ ਮੌਕੇ ਖਹਿਰਾ ਨੇ ਕਈ ਮਤਾ ਪਵਾਏ ਜਿਨ੍ਹਾਂ ਨੂੰ ਸੰਗਤ ਤੋਂ ਹੱਥ ਖੜ੍ਹੇ ਕਰਵਾਕੇ ਪ੍ਰਵਾਨ ਕਰਵਾਇਆ ਗਿਆ। ਸਭ ਤੋਂ ਅਹਿਮ ਮਤੇ ‘ਚ ਪੰਜਾਬ ਸਰਕਾਰ ਨੂੰ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਮਾਘੀ ਤੱਕ ਦਾ ਸਮਾਂ ਦੇ ਦਿੱਤਾ ਗਿਆ ਜੇ ਮਸਲਾ ਹੱਲ ਨਾ ਹੋਇਆ ਤਾਂ ਅਗਲਾ ਸੰਘਰਸ਼ ਐਲਾਨਿਆ ਜਾਵੇਗਾ। ਇਸ ਮੌਕੇ ਇਕ ਹੋਰ ਮਤੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਦਾ ਸਨਮਾਨ ਵਾਪਸ ਲੈਣ, ਕਿਉਂਕਿ ਉਨ੍ਹਾਂ ਨੇ ਆਪਣੀ ਸਰਕਾਰ ਵੇਲੇ ਹੋਏ ਗੁਨਾਹ ਖ਼ੁਦ ਹੀ ਕਬੂਲ ਲਏ ਹਨ। ਇਸ ਤਰ੍ਹਾਂ ਹੋਰ ਮਤੇ ਰਾਹੀਂ ਆਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਾਇਆ ਜਾਵੇ। ਇਸ ਮੌਕੇ ਸੰਗਤ ਤੋਂ ਇਕ ਮਤਾ ਇਹ ਵੀ ਪ੍ਰਵਾਨ ਕਰਵਾਇਆ ਗਿਆ ਕਿ ਇਹ ਗੱਠਜੋੜ ਰਲ ਕੇ ਲੋਕ ਸਭਾ ਚੋਣਾਂ ਵੀ ਲੜੇਗਾ। ਇਸ ਮੌਕੇ ਆਪਣੇ ਸੰਖੇਪ ਭਾਸ਼ਣ ‘ਚ ਖਹਿਰਾ ਨੇ ਆਖਿਆ ਕਿ ਪੰਜਾਬ ਲੰਬੇ ਸਮੇਂ ਤੋਂ ਕੇਂਦਰ ਤੇ ਰਾਜ ‘ਚ ਸੱਤਾ ਭੋਗਣ ਵਾਲੀਆਂ ਪਾਰਟੀਆਂ ਤੇ ਅਫ਼ਸਰਸ਼ਾਹੀ ਦੀਆਂ ਗ਼ਲਤ ਨੀਤੀਆਂ ਦਾ ਕਾਰਨ ਕਰਜ਼ਾਈ ਹੋਇਆ ਹੈ। ਉਨ੍ਹਾਂ ਆਖਿਆ ਕਿ ਜੇ ਪੰਜਾਬ ਦਾ ਵਿਕਾਸ ਕਰਵਾਉਣਾ ਹੈ ਤਾਂ ਸਾਨੂੰ ਪੰਜਾਬ ਨੂੰ ਕੈਪਟਨ ਤੇ ਬਾਦਲਾਂ ਦੇ ਪਰਿਵਾਰਾਂ ਤੋਂ ਮੁਕਤ ਕਰਾਉਣਾ ਹੋਵੇਗਾ। ਬਰਗਾੜੀ ਮੋਰਚੇ ‘ਤੇ ਬੋਲਦਿਆਂ ਖਹਿਰਾ ਨੇ ਆਖਿਆ ਕਿ ਇਸ ਮੋਰਚੇ ਦੀ ਸਮਾਪਤੀ ਲੋਕਾਂ ਦੀਆਂ ਭਾਵਨਾਵਾਂ ਮੁਤਾਬਿਕ ਨਹੀਂ ਹੋਈ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਉਹ ਰਾਜਨੀਤੀ ‘ਚ ਸੇਵਾ ਦੇ ਮਕਸਦ ਲਈ ਆਏ ਹਨ ਤੇ ਲੋਕਾਂ ਦੀਆਂ ਭਾਵਨਾਵਾਂ ‘ਤੇ ਆਖ਼ਰੀ ਸਾਹ ਤੱਕ ਖਰੇ ਉੱਤਰਨਗੇ। ਉਨ੍ਹਾਂ ਬਾਦਲ ਪਰਿਵਾਰ ਨੂੰ ਨਸ਼ੇ, ਰੇਤ, ਕੇਬਲ ਤੇ ਟਰਾਂਸਪੋਰਟ ਮਾਫ਼ੀਏ ਦਾ ਸਰਗਨਾ ਕਰਾਰ ਦਿੱਤਾ। ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਆਖਿਆ ਕਿ ਸਾਜ਼ਿਸ਼ਾਂ ਤਹਿਤ ਪੰਜਾਬ ਨੂੰ ਲੁੱਟਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਆਰ.ਐਸ.ਐਸ. ਦੀ ਦਖ਼ਲਅੰਦਾਜ਼ੀ ਨਾਲ ਸਮੇਂ ਦੇ ਕੇਂਦਰੀ ਤੇ ਸੂਬਾਈ ਆਗੂਆਂ ਨੇ ਬਰਬਾਦ ਕੀਤਾ ਹੈ, ਪੰਜਾਬ ਦੇ ਪਾਣੀਆਂ ਦੀ ਲੁੱਟ ਮੌਕੇ ਸਾਰੇ ਕੌਮਾਂਤਰੀ ਕਾਨੂੰਨ ਛਿੱਕੇ ‘ਤੇ ਟੰਗੇ ਗਏ ? ਉਨ੍ਹਾਂ ਪੰਜਾਬ ਦੀ ਬਰਬਾਦੀ ਲਈ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਸਿੱਧੇ ਰੂਪ ‘ਚ ਜ਼ਿੰਮੇਵਾਰ ਦੱਸਿਆ ? ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਇਸ ਇਨਸਾਫ਼ ਮੋਰਚੇ ਤੇ ਜਮਹੂਰੀ ਗੱਠਜੋੜ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਪੰਜਾਬ ਵਿਰੋਧੀ ਦੱਸਿਆ ?
ਖਹਿਰਾ ਨੇ ਆਖਿਆ ਕਿ ਜੋ ਵੀ ਧਿਰ ਭਾਰਤੀ ਸੰਵਿਧਾਨ ‘ਚ ਵਿਸ਼ਵਾਸ ਰੱਖਦੀ ਹੋਵੇ ਉਸ ਨਾਲ ਗੱਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਸਦਾ ਖੁੱਲ੍ਹੇ ਰਹਿਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਵਿਧਾਇਕ ਹਾਲ ਹੀ ‘ਚ ਵਧਾਈ ਤਨਖ਼ਾਹ ਤੇ ਭੱਤੇ ਨਹੀਂ ਲੈਣਗੇ। ਇਸ ਮੌਕੇ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ।
ਨਵਾਂ ਅਕਾਲੀ ਦਲ ਕਾਂਗਰਸ ਦੀ ‘ਬੀ’ ਟੀਮ: ਚੀਮਾ
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਨੇ ਬਾਗੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਨਵੀਂ ਬਣਾਈ ਪਾਰਟੀ ਨੂੰ ਕਾਂਗਰਸ ਦੀ ‘ਬੀ’ ਟੀਮ ਅਤੇ ਬੇਟਿਆਂ ਦੀ ਪਾਰਟੀ ਦਾ ਨਾਂ ਦਿੱਤਾ ਹੈ। ਡਾ. ਚੀਮਾ ਨੇ ਕਿਹਾ ਕਿ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਇਹ ਦਰਸਾ ਕੇ ਪਾਪ ਕੀਤਾ ਹੈ ਕਿ ਸੰਗਰਾਂਦ ਦੇ ਪਵਿੱਤਰ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ ‘ਚ ਹਾਜ਼ਰੀ ਭਰਨ ਲਈ ਇਕੱਤਰ ਹੋਏ ਸ਼ਰਧਾਲੂ ਉਨ੍ਹਾਂ ਦੇ ਹਮਾਇਤੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਉੱਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਦੁੱਗਣੀ ਹੋ ਜਾਂਦੀ ਹੈ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿੱਚ ਸ਼ਰਧਾਲੂਆਂ ਨੂੰ ਸਮਰਥਕਾਂ ਵਜੋਂ ਵਿਖਾਉਣ ਵਾਲੀਆਂ ਤਸਵੀਰਾਂ ਜਾਰੀ ਕਰਨਾ ਸਾਬਤ ਕਰਦਾ ਹੈ ਕਿ ਇਸ ਜੁੰਡਲੀ ਲਈ ਕੁਝ ਵੀ ਪਵਿੱਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਾਗੀ ਆਗੂ ਪਰਿਵਾਰਵਾਦ ਦੀਆਂ ਗੱਲਾਂ ਕਰਦੇ ਸਨ, ਪਰ ਨਵੀਂ ਜਥੇਬੰਦੀ ਵਿਚ ਇਨ੍ਹਾਂ ਨੇ ਸਾਰੇ ਅਹਿਮ ਅਹੁਦੇ ਆਪਣੇ ਬੇਟਿਆਂ ਨੂੰ ਦਿੱਤੇ ਹਨ। ਉਨ੍ਹਾਂ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਮਾਂ-ਪਾਰਟੀ ਵੱਲੋਂ ਦਿੱਤੇ ਮਾਣ-ਸਨਮਾਨ ਨਾਲ ਸਤੁੰਸ਼ਟ ਨਹੀਂ ਸਨ ਤੇ ਆਪਣੇ ਪਰਿਵਾਰਾਂ ਦੇ ਹਿੱਤ ਪੂਰਨ ਵਾਸਤੇ ਅਕਾਲੀ ਦਲ ਨੂੰ ਬਲੈਕਮੇਲ ਕਰ ਰਹੇ ਸਨ।











Comments (0)