ਗੁਰਪੁਰਬ ਮੌਕੇ ਨਿਊਜ਼ੀਲੈਂਡ ਦੇ ਸੰਸਦ ਭਵਨ ਮੂਹਰੇ ਕੀਰਤਨ ਦਰਬਾਰ ਸਜਾਉਣ ਦੀ ਮਨਜ਼ੂਰੀ
ਔਕਲੈਂਡ/ਬਿਊਰੋ ਨਿਊਜ਼ :
ਨਿਊਜ਼ੀਲੈਂਡ ਦੇ ਵਾਲਿੰਗਟਨ ਵਿਚ ਸੰਸਦ ਭਵਨ ਦੇ ਅੱਗੇ ਗੁਰਪੁਰਬ ਮੌਕੇ ਗੁਰਬਾਣੀ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ ‘ਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਵਲਿੰਗਟਨ ਵਸਦੇ ਸਿੱਖਾਂ ਵਲੋਂ ਜਿਥੇ ਗੁਰਦੁਆਰਾ ਸਾਹਿਬ ਵਿਖੇ 23 ਤੋਂ 25 ਨਵੰਬਰ ਤਕ ਵਿਸ਼ੇਸ਼ ਸਮਾਗਮ (ਸ੍ਰੀ ਅਖੰਠ ਪਾਠ ਸਾਹਿਬ) ਕੀਤੇ ਜਾ ਰਹੇ ਹਨ, ਉਥੇ 30 ਨਵੰਬਰ ਨੂੰ ਵਲਿੰਗਟਨ ਸਥਿਤ ਸੰਸਦ ਭਵਨ ਦੇ ਸਾਹਮਣੇ ਵਾਲੇ ਵਿਹੜੇ ਵਿਚ ਗੁਰਬਾਣੀ ਕੀਰਤਨ ਸਮਾਗਮ ਵੀ ਕਰਵਾਏ ਜਾ ਰਹੇ ਹਨ।
ਨਿਊਜ਼ੀਲੈਂਡ ਦੇ ਇਤਿਹਾਸ ਵਿਚ ਸੰਸਦ ਦੇ ਵਿਹੜੇ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਇਥੇ ਰਾਗੀ ਜਥਾ ਕੀਰਤਨ ਕਰੇਗਾ। ਇਸ ਮੌਕੇ ਸਿੱਖ ਧਰਮ ਅਤੇ ਸਿੱਖ ਫ਼ਲਸਫ਼ੇ ਬਾਰੇ ਜਾਣਕਾਰੀ ਦਿੰਦੇ ਕਿਤਾਬਚੇ ਵੀ ਵੰਡੇ ਜਾਣਗੇ। ਮੌਸਮ ਦੀ ਖ਼ਰਾਬੀ ਨੂੰ ਭਾਪਦਿਆਂ ਬਦਲਵਾਂ ਪ੍ਰਬੰਧ ਵੀ ਕੀਤਾ ਗਿਆ ਹੈ।
ਕਿਲੀ ਜਾਣਕਾਰੀ ਮੁਤਾਬਕ ਇਹ ਕੀਰਤਨ ਸਮਾਗਮ ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤਕ ਹੋਵੇਗਾ। ਇਸ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਥੇ ਨਹੀਂ ਲਿਜਾਇਆ ਜਾ ਰਿਹਾ, ਸਿਰਫ਼ ਸੰਗਤ ਰੂਪ ਵਿਚ ਬੈਠ ਕੇ ਹੀ ਗੁਰਬਾਣੀ ਗਾਇਨ ਹੋਵੇਗਾ। ਪ੍ਰਬੰਧਕਾਂ ਨੇ ਪਾਰਲੀਮੈਂਟ ਅਥਾਰਿਟੀ ਨਾਲ ਸੰਪਰਕ ਕਰ ਕੇ ਇਸ ਦੀ ਇਜਾਜ਼ਤ ਲੈ ਕੇ ਇਸ ਸਾਲ ਇਕ ਝਲਕ ਵਜੋਂ ਗੁਰਪੁਰਬ ਦੀ ਮਹਾਨਤਾ ਦਰਸਾਉਣ ਦਾ ਮੌਕਾ ਹਾਸਲ ਕਰ ਲਿਆ ਹੈ ਅਤੇ ਅਗਲੇ ਸਾਲ ਜਦੋਂ ਗੁਰੂ ਨਾਨਕ ਜੀ ਦਾ 550ਵਾਂ ਗੁਰਪੁਰਬ ਆਵੇਗਾ, ਉਦੋਂ ਤਕ ਇਹ ਸਮਾਗਮ ਪਾਰਲੀਮੈਂਟ ਦੇ ਅੰਦਰ ਮਨਾਉਣ ਲਈ ਮੰਤਰਾਲੇ ਤੋਂ ਆਗਿਆ ਲਈ ਜਾ ਸਕੇਗੀ। ਦੇਸ਼ ਦੀ ਬਹੁ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਜੈਨੀ ਸਾਲੇਸਾ ਨੇ ਸਿੱਖਾਂ ਨੂੰ ਗੁਰਪੁਰਬ ਮੌਕੇ ਵਧਾਈ ਪੱਤਰ ਲਿਖਿਆ ਹੈ।











Comments (0)