ਨਿਰੰਕਾਰੀ ਬੰਬ ਕਾਂਡ ਬਾਰੇ ਪੁਲਿਸ ਦੀ ਕਹਾਣੀ ‘ਤੇ ਸਵਾਲ ਉੱਠੇ

ਨਿਰੰਕਾਰੀ ਬੰਬ ਕਾਂਡ ਬਾਰੇ ਪੁਲਿਸ ਦੀ ਕਹਾਣੀ ‘ਤੇ ਸਵਾਲ ਉੱਠੇ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਸੀ ਕਿ ਅੰਮ੍ਰਿਤਸਰ ਧਮਾਕੇ ਦਾ ਇਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਪਿੰਡ ਧਾਲੀਵਾਲ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਕਰਨ ਅਤੇ ਦੂਜੇ ਕਥਿਤ ਦੋਸ਼ੀ ਅਵਤਾਰ ਸਿੰਘ ਦੀ ਭਾਲ ਕਰਨ ਬਾਰੇ ਵੀ ਦੱਸਿਆ ਸੀ।  ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਆਈਐਸਆਈ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਜੋ ਮੁਲਜ਼ਮ ਪੁਲਿਸ ਨੇ ਫੜਿਆ ਹੈ , ਉਹ ਮੋਟਰਸਾਈਕਲ ‘ਤੇ ਬੈਠਾ ਸੀ ਤੇ ਉਸ ਦੇ ਨਾਲ ਦੇ ਮੁਲਜ਼ਮ ਨੇ ਅੰਦਰ ਜਾ ਕੇ ਗ੍ਰਨੇਡ ਸੁੱਟਿਆ। ਉਨ੍ਹਾਂ ਇਹ ਵੀ ਕਿਹਾ ਕਿ ਹਮਲੇ ਪਿੱਛੇ ਹੈਪੀ ਪੀਐਚਡੀ ਦਾ ਹੱਥ ਹੈ ਜੋ ਪਾਕਿਸਤਾਨ ਬੈਠਾ ਹੈ। ਉਸ ਨੇ ਹੀ ਹਮਲੇ ਲਈ ਪੈਸੇ ਭੇਜੇ ਸੀ। ਹੈਪੀ ਪੀਐਚਡੀ ਪਟਿਆਲਾ ਤੋਂ ਅਸਲੇ ਨਾਲ ਗ੍ਰਿਫਤਾਰ ਸ਼ਬਨਮਦੀਪ ਸਿੰਘ ਦੇ ਵੀ ਸੰਪਰਕ ਵਿਚ ਸੀ। ਹਰਮੀਤ ਸਿੰਘ ਹੈਪੀ ਪੀਐਚਡੀ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਹੈ। ਉਹ ਇਕ ਕ੍ਰਿਮੀਨਲ ਕੇਸ ਵਿਚ ਫਸ ਗਿਆ ਸੀ, ਜਿਸ ਮਗਰੋਂ ਵਿਦੇਸ਼ ਦੌੜ ਗਿਆ ਸੀ।
ਉਧਰ ਬਿਕਰਮਜੀਤ ਸਿੰਘ ਧਾਲੀਵਾਲ ਦੀ ਮਾਂ ਅਤੇ ਚਾਚੇ ਨੇ ਉਸ ਨੂੰ ਨਿਰਦੋਸ਼
ਦੱਸਿਆ ਹੈ ਤੇ ਉਸ ਦੇ ਪਿੰਡ ਦਾ ਵੀ ਕੋਈ ਵਿਅਕਤੀ ਪੁਲਿਸ ਦੀ ਕਹਾਣੀ ਉਤੇ ਵਿਸ਼ਵਾਸ਼ ਕਰਨ ਲਈ ਤਿਆਰ ਨਹੀਂ ਹੈ। ਬਿਕਰਮਜੀਤ ਸਿੰਘ ਧਾਲੀਵਾਲ ਦੇ ਹੱਕ ਵਿਚ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਦੇ ਖੁੱਲ੍ਹ ਕੇ ਸਾਹਮਣੇ ਆਉਣ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਖੁਲਾਸੇ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਕਿਉਂਕਿ ਪੰਜਾਬ ਪੁਲਿਸ ਉਤੇ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਤੌਰ ਉਤੇ ਝੂਠੇ ਕੇਸਾਂ ਫਸਾਉਣ ਦੇ ਪਹਿਲਾਂ ਵੀ ਦੋਸ਼ ਲਗਦੇ ਰਹੇ ਹਨ ਅਤੇ ਅਜਿਹਾ ਕਈ ਵਾਰ ਅਤਾਲਤਾਂ ਵਿਚ ਵੀ ਸਾਬਿਤ ਹੋ ਚੁੱਕਾ ਹੈ ਤਾਂ ਹੁਣ ਵੀ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਉਤੇ ਸਰਕਾਰੀ ਖੁਲਾਸਿਆਂ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਜਾ ਰਿਹਾ ਹੈ। ਬਿਕਰਮਜੀਤ ਸਿੰਘ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਕਾਂਡ ਨੂੰ ਅੰਜ਼ਾਮ ਨਹੀਂ ਦੇ ਸਕਦਾ ਕਿਉਂਕਿ ਬਿਕਰਮਜੀਤ ਸਿੰਘ ਨਿਹਾਇਤ ਹੀ ਸ਼ਰੀਫ ਵਿਅਕਤੀ ਸੀ ਜੋ ਆਪਣੇ ਪਰਿਵਾਰ ਲਈ ਦਿਨ-ਰਾਤ ਮਿਹਨਤ ਕਰਦਾ ਸੀ।

ਬਿਕਰਮਜੀਤ ਸਿੰਘ ਦੀ ਮਾਂ ਸੁਖਵਿੰਦਰ ਕੌਰ ਅਤੇ ਚਾਚਾ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਨਾਜਾਇਜ਼ ਫਸਾਇਆ ਗਿਆ ਹੈ ਕਿਉਂਕਿ ਉਹ ਦੀਵਾਲੀ ਵਾਲੇ ਦਿਨ ਤੋਂ ਲੈ ਕੇ ਗ੍ਰਿਫ਼ਤਾਰੀ ਤਕ ਕਦੇ ਵੀ ਘਰ ਤੋਂ ਬਾਹਰ ਹੀ ਨਹੀਂ ਗਿਆ। ਉਹ ਖੇਤਾਂ ਵਿਚ ਕਣਕ ਦੀ ਬਿਜਾਈ ਕਰਨ ਵਿਚ ਰੁੱਝਿਆ ਰਿਹਾ ਸੀ ਅਤੇ ਨਾ ਹੀ ਉਸ ਨੂੰ ਕਦੇ ਕੋਈ ਬਾਹਰੋਂ ਫੋਨ ਆਇਆ। ਨਾ ਹੀ ਉਸ ਨੂੰ ਘਰ ਵਿਚ ਕੋਈ ਮਿਲਣ ਆਇਆ ਜਿਸ ‘ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਕੀਤਾ ਜਾਵੇ। ਬਿਕਰਮਜੀਤ ਸਿੰਘ ਦੇ ਮੂੰਹ ਵਿਚੋਂ ਕਦੇ ਵੀ ਅਵਤਾਰ ਸਿੰਘ ਨਾਮ ਦੇ ਵਿਅਕਤੀ ਬਾਰੇ ਨਹੀਂ ਸੁਣਿਆ। ਪਿੰਡ ਦੇ ਲੋਕ ਸਵਾਲ ਕਰ ਰਹੇ ਹਨ ਕਿ ਬਿਕਰਮਜੀਤ ਸਿੰਘ ਕਿਸੇ ਵੀ ਇਨਸਾਨ ਦਾ ਕਤਲ ਕਿਵੇਂ ਕਰ ਸਕਦਾ ਹੈ, ਜੋ ਪਸ਼ੂ-ਪੰਛੀਆਂ ਨੂੰ ਵੀ ਬਹੁਤ ਪਿਆਰ ਕਰਦਾ ਸੀ? ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਉਣ। ਉਨ੍ਹਾਂ ਮੰਗ ਕੀਤੀ ਸਾਡੇ ਨਿਰਦੋਸ਼ ਪੁੱਤਰ ਬਿਕਰਮਜੀਤ ਸਿੰਘ ਨੂੰ ਰਿਹਾਅ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਖੁਦ ਪ੍ਰੈੱਸ ਕਾਨਫਰੰਸ ਕਰਕੇ ਬਲਾਸਟ ਕਾਂਡ ਦਾ ਖੁਲਾਸਾ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਕਥਿਤ ਦੋਸ਼ੀਆਂ ਬਾਰੇ ਖੁਲਾਸਾ ਕਰਦਿਆਂ ਅਵਤਾਰ ਸਿੰਘ ਵੱਲੋਂ ਬੰਬ ਸੁੱਟਣ ਅਤੇ ਬਿਕਰਮਜੀਤ ਸਿੰਘ ਵੱਲੋਂ ਇਸ ਘਟਨਾ ਮੌਕੇ ਮੋਟਰਸਾਈਕਲ ਉਤੇ ਖੜ੍ਹੇ ਹੋਣ ਦੀ ਗੱਲ ਕਹੀ ਗਈ ਹੈ ।ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਖੁਲਾਸੇ ਕਿੱਥੋਂ ਤਕ ਸੱਚ ਹਨ? ਸਰਕਾਰਾਂ ਉਤੇ ਹਮੇਸ਼ਾ ਹੀ ਸਿੱਖ ਨੌਜਵਾਨਾਂ ਉਤੇ ਤਸ਼ੱਦਦ ਢਾਹੁਣ ਅਤੇ ਨਾਜਾਇਜ਼ ਕੇਸਾਂ ਵਿਚ ਫਸਾਉਣ ਦੇ ਦੋਸ਼ ਲਗਦੇ ਰਹੇ ਹਨ ਤੇ ਇਹ ਬਹੁਤ ਵਾਰੀ ਸਾਬਿਤ ਵੀ ਹੋਏ ਹਨ।