ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਸ਼ਰਧਾਂਜਲੀਆਂ

ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਸ਼ਰਧਾਂਜਲੀਆਂ

ਕੈਪਸ਼ਨ-ਭਾਈ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼।
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ‘ਤੇ ਜੂਨ 1984 ਵਿੱਚ ਫੌਜੀ ਹਮਲਾ ਕਰਕੇ ਗੁਰੂਧਾਮ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਬਰਸੀ ਮੌਕੇ ਇੱਥੇ ਸ੍ਰੀ ਅਕਾਲ ਤਖ਼ਤ ਨੇੜੇ ਗੁਰਦੁਆਰਾ ਝੰਡੇ ਬੁੰਗੇ ਵਿਖੇ ਰੱਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਭਾਈ ਸਤਵੰਤ ਸਿੰਘ ਦੀ ਮਾਤਾ ਅਤੇ ਭਰਾਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਦੋਵੇਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਵਿੱਚ ਸ਼ਾਮਲ ਸਨ। ਇਸ ਕਾਰਵਾਈ ਸਮੇਂ ਬੇਅੰਤ ਸਿੰਘ ਨੂੰ ਸੁਰੱਖਿਆ ਕਰਮਚਾਰੀਆਂ ਨੇ ਮੌਕੇ ‘ਤੇ ਮਾਰ ਦਿੱਤਾ ਸੀ। ਕਤਲ ਦੇ ਦੋਸ਼ ਹੇਠ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਮਗਰੋਂ ਫਾਂਸੀ ਦਿੱਤੀ ਗਈ ਸੀ। ਇੱਥੇ ਇਨ੍ਹਾਂ ਦਾ 28ਵਾਂ ਸ਼ਹੀਦੀ ਦਿਵਸ ਮਨਾਇਆ ਗਿਆ।
ਗੁਰਦੁਆਰਾ ਝੰਡੇ ਬੁੰਗੇ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਹੋਇਆ। ਇਸ ਮੌਕੇ ਹਰਿਮੰਦਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਮੈਨੇਜਰ ਸੁਲੱਖਣ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਹੋਰ ਹਾਜ਼ਰ ਸਨ। ਇਸ ਮੌਕੇ ਹਾਜ਼ਰ ਭਾਈ ਸਤਵੰਤ ਸਿੰਘ ਦੀ ਮਾਤਾ ਬੀਬੀ ਪਿਆਰ ਕੌਰ, ਦੋ ਭਰਾਵਾਂ ਗੁਰਨਾਮ ਸਿੰਘ ਤੇ ਸਰਵਣ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਸਿਰੋਪਾਓ ਦਿੱਤੇ ਗਏ। ਸਮਾਗਮ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ, ਸਿੱਖ ਯੂਥ ਪਾਰਟੀ ਦੇ ਪਰਮਜੀਤ ਸਿੰਘ ਟਾਂਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਹਾਜ਼ਰ ਸਨ। ਸ੍ਰੀ ਮਾਨ ਨੇ ਆਖਿਆ ਕਿ ਪੰਥਕ ਫਰੰਟ ਦੀ ਸਰਕਾਰ ਆਉਣ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਨਸ਼ੇ ਦੇ ਕਾਰੋਬਾਰ ਨਾਲ ਸਬੰਧਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।