ਆਮ ਆਦਮੀ ਪਾਰਟੀ ਨੇ ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਗੱਡੇ ਤੰਬੂ

ਆਮ ਆਦਮੀ ਪਾਰਟੀ ਨੇ ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਗੱਡੇ ਤੰਬੂ

ਲੰਬੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਸਟਰਾਂਗ ਰੂਮ ‘ਤੇ ਆਪਣਾ ਤਾਲਾ ਲਾਇਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਚਾਰ ਫਰਵਰੀ ਨੂੰ ਹੋਈ ਵੋਟਿੰਗ ਮਗਰੋਂ 11 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਵਿਚ ਹਾਲੇ ਕਾਫ਼ੀ ਵਕਤ ਹੈ। ਚੋਣ ਕਮਿਸ਼ਨ ਨੇ ਵੋਟਿੰਗ ਮਸ਼ੀਨਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਜ਼ਿਲ੍ਹੇ ਵਿਚ ਸਟਰਾਂਗ ਰੂਮ ਬਣਾਏ ਹਨ, ਜਿੱਥੇ ਸਖ਼ਤ ਸੁਰੱਖਿਆ ਵਿਚਾਲੇ ਸੀਲਬੰਦ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ। ਵੋਟਿੰਗ ਮਗਰੋਂ ਜਿੱਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਜਿੱਥੇ ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਲਈ 15-15 ਵਰਕਰਾਂ ਦੀ ਟੀਮ ਬਣਾਈ ਹੈ, ਜੋ ਤੰਬੂ ਲਾ ਕੇ ਸਟਰਾਂਗ ਰੂਮ ਦੇ  ਬਾਹਰ ਚੌਕਸੀ ਵਿਚ ਲੱਗੀ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਵਿਚ ਮਲੌਟ ਇੰਸਟੀਚਿਊਟ ਫਾਰ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਵਿਖੇ ਸਟਰਾਂਗ ਰੂਮ ਨੂੰ ਆਪਣਾ ਤਾਲਾ ਲਾ ਦਿੱਤਾ ਹੈ। ਰਿਟਰਨਿੰਗ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਧਾਲੀਵਾਲ ਦਾ ਕਹਿਣਾ ਹੈ ਕਿ ਉਮੀਦਵਾਰ ਸਟਰਾਂਗ ਰੂਮ ਨੂੰ ਆਪਣਾ ਤਾਲਾ ਵੀ ਲਾ ਸਕਦਾ ਹੈ ਤੇ ਚਾਬੀਆਂ ਵੀ ਆਪਣੇ ਕੋਲ ਰੱਖ ਸਕਦਾ ਹੈ।
ਚੌਵੀ ਘੰਟੇ ਪਟਿਆਲਾ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਬਾਹਰ ਤੰਬੂ ਵਿਚ ਗੀਤ ਗਾ ਕੇ ਤੇ ਹਾਸਾ ਮਜ਼ਾਕ ਕਰਦਿਆਂ 11 ਮਾਰਚ ਦਾ ਇੰਤਜ਼ਾਰ ਹੋ ਰਿਹਾ ਹੈ। ਵੋਟਿੰਗ ਵਾਲੇ ਦਿਨ ਤਕ ਨਾਭਾ ਤੋਂ ‘ਆਪ’ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਦਾ ਇਹੀ ਰੂਟੀਨ ਰਹਿਣ ਵਾਲਾ ਹੈ। ‘ਆਪ’ ਨੇ ਸੂਬੇ ਦੇ ਸਾਰੇ ਸਟਰਾਂਗ ਰੂਮ ਵਿਚ ਆਪਣੇ ਵਰਕਰਾਂ ਦੀ ਡਿਊਟੀ ਲਾਈ ਹੈ।
ਨਾਭਾ ਤੋਂ ‘ਆਪ’ ਉਮੀਦਵਾਰ ਗੁਰਦੇਵ ਸਿੰਘ ਮਾਨ ਦਾ ਕਹਿਣਾ ਹੈ, ‘ਮਕਸਦ ਇਹੀ ਹੈ ਕਿ ਲੋਕਾਂ ਨੇ ਜੋ ਭਰੋਸਾ ਪ੍ਰਗਟਾਇਆ ਹੈ, ਉਸ ਨੂੰ ਟੁੱਟਣ ਨਹੀਂ ਦੇਣਾ। ਚੋਣ ਕਮਿਸ਼ਨ ਨੇ ਬਹੁਤ ਚੰਗੀ ਚੋਣ ਕਰਵਾਈ ਹੈ। ਅਜਿਹਾ ਨਹੀਂ ਹੈ ਕਿ ਸਾਨੂੰ ਉਨ੍ਹਾਂ ‘ਤੇ ਭਰੋਸਾ ਨਹੀਂ ਪਰ ਫਿਰ ਵੀ ਅਸੀਂ ਬਾਅਦ ਵਿਚ ਕੁਝ ਕਹਿਣ ਲਈ ਮੌਕਾ ਨਹੀਂ ਛੱਡਣਾ ਚਾਹੁੰਦੇ।’ ਵੈਸੇ ਤਾਂ ਸਟਰਾਂਗ ਰੂਮ ਨੂੰ ਤਿੰਨ ਪੱਧਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਬਾਹਰ ਪੰਜਾਬ ਪੁਲੀਸ ਦੇ ਜਵਾਨ ਤਾਂ ਅੰਦਰੂਨੀ ਸੁਰੱਖਿਆ ਪੰਜਾਬ ਆਰਮਡ ਪੁਲੀਸ ਦੇ ਹਵਾਲੇ ਹੈ ਤੇ ਸਟਰਾਂਗ ਰੂਮ ਦੇ ਦਰਵਾਜ਼ੇ ‘ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਤੈਨਾਤ ਹਨ। ਚੋਣ ਕਮਿਸ਼ਨ ਦੀ ਮਰਜ਼ੀ ਬਿਨਾਂ ਇਥੇ ਪਰਿੰਦਾ ਵੀ ਪਰ੍ਹ ਨਹੀਂ ਮਾਰ ਸਕਦਾ ਪਰ ਸ਼ਿਕਾਇਤਾਂ ਫੇਰ ਵੀ ਆ ਰਹੀਆਂ ਹਨ।
‘ਆਪ’ ਨੇਤਾ ਐਚ.ਐਸ. ਫੂਲਕਾ ਨੇ ਦੋਸ਼ ਲਾਇਆ ਹੈ ਕਿ ਗਿੱਲ ਹਲਕੇ ਦੇ ਰਿਟਰਨਿੰਗ ਅਫ਼ਸਰ ਪੰਜ ਸੱਤ ਲੋਕਾਂ ਨੂੰ ਲੈ ਕੇ ਸਟਰਾਂਗ ਰੂਮ ਵਿਚ ਗਏ ਤੇ ਅੱਧਾ ਘੰਟਾ ਰਹੇ, ਅੰਦਰ ਕੀ ਹੋਇਆ, ਨਹੀਂ ਪਤਾ। ਜਦੋਂ ਸਾਡੇ ਵਲੰਟੀਅਰਾਂ ਨੇ ਰੌਲਾ ਪਾਇਆ ਤਾਂ ਉਹ ਲੋਕ ਬਾਹਰ ਆ ਗਏ। ਹਾਲਾਂਕਿ ਚੋਣ ਕਮਿਸ਼ਨ ਵੋਟਿੰਗ ਮਸ਼ੀਨਾਂ ਨਾਲ ਛੇੜ-ਛਾੜ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਨਿਰਾਧਾਰ ਦਸ ਰਿਹਾ ਹੈ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਕਿਹਾ, ‘ਅਜਿਹੀ ਕੋਈ ਗੱਲ ਨਹੀਂ ਹੈ। ਸਟਰਾਂਗ ਰੂਮ ਵਿਚ ਪੁਖ਼ਤਾ ਸੁਰੱਖਿਆ ਹੈ। ਉਸ ਵਿਚ ਕੋਈ ਛੇੜ-ਛਾੜ ਨਹੀਂ ਕਰ ਸਕਦਾ, ਸਾਰੇ ਬੇਫ਼ਿਕਰ ਰਹਿਣ।’ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ ਹਨ।

ਚੋਣ ਕਮਿਸ਼ਨ ਦੇ ਹੁਕਮਾਂ ‘ਤੇ 48 ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ 9 ਫਰਵਰੀ ਨੂੰ
ਬਾਦਲ ਸਰਕਾਰ ਨੇ ਮੁੜ ਵੋਟਿੰਗ ਕਰਵਾਉਣ ‘ਚ ਸਾਜ਼ਿਸ਼ ਰਚੀ : ਕਾਂਗਰਸ
ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 16 ਅਤੇ ਪੰਜ ਵਿਧਾਨ ਸਭਾ ਹਲਕਿਆਂ ਦੇ 32 ਚੋਣ ਬੂਥਾਂ ‘ਤੇ 4 ਫਰਵਰੀ ਨੂੰ ਪਈਆਂ ਵੋਟਾਂ ਦੀ ਪ੍ਰਕਿਰਿਆ ਨੂੰ ਰੱਦ ਕਰਕੇ ਇਨ੍ਹਾਂ ਕੁੱਲ 48 ਬੂਥਾਂ ‘ਤੇ 9 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਮੁੜ ਮਤਦਾਨ ਕਰਾਉਣ ਦੇ ਹੁਕਮ ਦਿੱਤੇ ਹਨ। ਚੋਣ ਕਮਿਸ਼ਨ ਦੇ ਇਸ ਫੈਸਲੇ ਨਾਲ 4 ਫਰਵਰੀ ਨੂੰ ਵੋਟਾਂ ਬਾਅਦ ਥਕਾਵਟ ਲਾਹ ਰਹੇ ਸਿਆਸੀ ਆਗੂਆਂ ਨੂੰ ਮੁੜ ਪੱਬਾਂ ਭਾਰ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮੁੜ ਵੋਟਿੰਗ ਕਰਵਾਉਣ ਵਿਚ ਸਾਜ਼ਿਸ਼ ਰਚੀ ਗਈ ਹੈ ਤੇ ਇਹ ਸਾਜ਼ਿਸ਼ ਬੂਥ ਅਧਿਕਾਰੀ ਦੀ ਮਿਲੀਭੁਗਤ ਨਾਲ ਹੋਈ ਹੈ। ਲਾਲੀ ਮਜੀਠੀਆ ਦਾ ਦੋਸ਼ ਹੈ ਕਿ ਮੁੜ ਵੋਟਿੰਗ ਸਾਜ਼ਿਸ਼ ਤਹਿਤ ਹੋ ਰਹੀ ਹੈ, ਮਾਹੌਲ ਨੂੰ ਅਕਾਲੀ ਆਗੂ ਖ਼ਰਾਬ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜਿਤਾਉਣ ਲਈ ਮੁੜ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਚੋਣ ਬੂਥਾਂ ਵਾਲੇ ਖੇਤਰਾਂ ਦੇ ਵੋਟਰਾਂ ਲਈ 9 ਫਰਵਰੀ ਦੀ ਪੇਡ ਛੁੱਟੀ ਦਾ ਐਲਾਨ ਵੀ ਕੀਤਾ ਹੈ।
ਚੋਣ ਕਮਿਸ਼ਨ ਨੇ ਇਹ ਫੈਸਲਾ ਰਿਟਰਨਿੰਗ ਅਫ਼ਸਰਾਂ ਤੇ ਆਬਜ਼ਰਵਰਾਂ ਦੀਆਂ ਰਿਪੋਰਟਾਂ ਅਤੇ ਹੋਰ ਤੱਥਾਂ ਦੇ ਆਧਾਰ ‘ਤੇ ਲਿਆ ਹੈ। ਸੂਤਰਾਂ ਅਨੁਸਾਰ ਤਕਰੀਬਨ ਉਨ੍ਹਾਂ ਚੋਣ ਬੂਥਾਂ ‘ਤੇ ਹੀ ਮੁੜ ਵੋਟਾਂ ਪੁਆਈਆਂ ਜਾ ਰਹੀਆਂ ਹਨ, ਜਿਥੇ 4 ਫਰਵਰੀ ਨੂੰ ਵੋਟ ਤੋਂ ਪਹਿਲਾਂ ਰਿਹਰਸਲ ਮੌਕੇ ‘ਮੌਕ ਪੋਲਿੰਗ’ ਤਹਿਤ ਪਾਈਆਂ ਵੋਟਾਂ ਰੱਦ ਨਹੀਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਜਿਨ੍ਹਾਂ ਚੋਣ ਬੂਥਾਂ ‘ਤੇ ਪਹਿਲੀ ਵਾਰ ਵਰਤੀਆਂ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰਾਇਲ (ਵੀਵੀਪੀਏਟੀ) ਮਸ਼ੀਨਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਵੋਟਰਾਂ ਨੂੰ ਮੁਸ਼ਕਲ ਆਈ ਸੀ। ਸੂਤਰਾਂ ਅਨੁਸਾਰ ਮੋਗਾ ਦੇ ਇਕ ਤੇ ਸੰਗਰੂਰ ਦੇ ਛੇ ਚੋਣ ਬੂਥਾਂ ‘ਤੇ ਵੋਟਾਂ ਮੁੜ ਪੁਆਉਣ ਦਾ ਕਾਰਨ ਮੌਕ ਪੋਲਿੰਗ ਤਹਿਤ ਪਾਈਆਂ ਵੋਟਾਂ ਰੱਦ ਨਾ ਕਰਨਾ ਹੈ।
ਲੋਕ ਸਭਾ ਹਲਕਾ ਅੰਮ੍ਰਿਤਸਰ ਦੇ 16 ਚੋਣ ਬੂਥਾਂ ਅਤੇ ਵਿਧਾਨ ਸਭਾ ਹਲਕਾ ਮਜੀਠਾ ਦੇ 12, ਮੋਗਾ ਦੇ 1, ਮੁਕਤਸਰ ਦੇ 9, ਸਰਦੂਲਗੜ੍ਹ ਦੇ 1 ਅਤੇ ਸੰਗਰੂਰ ਦੇ 9 ਚੋਣ ਬੂਥਾਂ ‘ਤੇ ਮੁੜ ਵੋਟਾਂ ਪੈਣਗੀਆਂ। ਸੰਸਦੀ ਹਲਕੇ ਅੰਮ੍ਰਿਤਸਰ ਦੇ ਚੋਣ ਬੂਥਾਂ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ, ਸਰਕਾਰੀ ਪ੍ਰਾਇਮਰੀ ਸਕੂਲ ਜੌਹਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਵੀਰਾਂ, ਜੰਝ ਘਰ ਮਜੀਠਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਜੀਠਾ (ਰਾਈਟ ਵਿੰਗ), ਕੇਸਰਾ ਦੇਵੀ ਆਰੀਆ ਗਰਲਜ਼ ਸਕੂਲ ਮਜੀਠਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਜੀਠਾ (ਲੈਫਟ ਵਿੰਗ), ਬਾਬਾ ਹਰਦਿਆਲ ਸਿੰਘ ਮੈਮੋਰੀਅਲ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ, ਸਰਕਾਰੀ ਪ੍ਰਾਇਮਰੀ ਸਕੂਲ ਮਰੜੀ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਗੁਜਰਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ, ਸਰਕਾਰੀ ਪ੍ਰਾਇਮਰੀ ਸਕੂਲ ਫੱਤੂਭੀਲਾ, ਸਰਕਾਰੀ ਪ੍ਰਾਇਮਰੀ ਸਕੂਲ ਰੂਪੋਵਾਲੀ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਮੰਗਾ ਸਰਾਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ‘ਚ ਮੁੜ ਵੋਟਾਂ ਪੈਣਗੀਆਂ।
ਵਿਧਾਨ ਸਭਾ ਹਲਕਾ ਮਜੀਠਾ ਦੇ ਚੋਣ ਬੂਥਾਂ ਸਰਕਾਰੀ ਪ੍ਰਾਇਮਰੀ ਸਕੂਲ ਜੌਹਲ, ਜੰਝ ਘਰ ਮਜੀਠਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਜੀਠਾ (ਰਾਈਟ ਵਿੰਗ), ਕੇਸਰਾ ਦੇਵੀ ਆਰੀਆ ਗਰਲਜ਼ ਸਕੂਲ ਮਜੀਠਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਜੀਠਾ (ਲੈਫਟ ਵਿੰਗ), ਸਰਕਾਰੀ ਪ੍ਰਾਇਮਰੀ ਸਕੂਲ ਮਰੜੀ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਹਰੀਆਂ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ, ਸਰਕਾਰੀ ਪ੍ਰਾਇਮਰੀ ਸਕੂਲ ਕੋਟ ਹਿਰਦੇ ਰਾਮ, ਸਰਕਾਰੀ ਪ੍ਰਾਇਮਰੀ ਸਕੂਲ ਬਾਬੋਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ‘ਚ ਮੁੜ ਵੋਟਾਂ ਪੈਣਗੀਆਂ। ਵਿਧਾਨ ਸਭਾ ਹਲਕਾ ਮੋਗਾ ਦੇ ਚੋਣ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਸੋਢੀਆਂ ਵਿੱਚ ਮੁੜ ਮੱਤਦਾਨ ਹੋਵੇਗਾ। ਵਿਧਾਨ ਸਭਾ ਹਲਕਾ ਮੁਕਤਸਰ ਦੇ ਚੋਣ ਬੂਥਾਂ ਐਲੀਮੈਂਟਰੀ ਸਕੂਲ ਕਾਨਿਆਂਵਾਲੀ (ਰਾਈਟ ਵਿੰਗ), ਸਰਕਾਰੀ ਐਲੀਮੈਂਟਰੀ ਸਕੂਲ ਜੰਡੋਕੇ (ਰਾਈਟ ਵਿੰਗ), ਸਰਕਾਰੀ ਐਲੀਮੈਂਟਰੀ ਸਕੂਲ ਜੰਡੋਕੇ (ਲੈਫਟ ਵਿੰਗ), ਸਰਕਾਰੀ ਐਲੀਮੈਂਟਰੀ ਸਕੂਲ ਵੱਟੂ, ਸਰਕਾਰੀ ਐਲੀਮੈਂਟਰੀ ਸਕੂਲ ਵਿਰਵਿਆਂਵਾਲੀ (ਖੱਪਿਆਂ ਵਾਲੀ) (ਰਾਈਟ ਵਿੰਗ), ਸਰਕਾਰੀ ਐਲੀਮੈਂਟਰੀ ਸਕੂਲ ਬੂੜਾਗੁੱਜਰ (ਲੈਫਟ ਵਿੰਗ), ਸਰਕਾਰੀ ਐਲੀਮੈਂਟਰੀ ਸਕੂਲ ਬਾਜਾ ਮਦਾਹਰ, ਸਰਕਾਰੀ ਐਲੀਮੈਂਟਰੀ ਸਕੂਲ ਬਰੀਵਾਲਾ (ਲੈਫਟ ਸਾਈਡ) ਅਤੇ ਵਾਈ ਐਸ ਸਕੂਲ ਥਾਂਦੇਵਾਲਾ ਵਿੱਚ ਮੁੜ ਵੋਟਾਂ ਪੈਣਗੀਆਂ। ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਚੋਣ ਬੂਥਾਂ ਕੋਰੇਵਾਲਾ ਅਤੇ ਸੰਗਰੂਰ ਦੇ ਚੋਣ ਬੂਥ ਇੰਪਰੂਵਮੈਂਟ ਟਰੱਸਟ (ਓਲਡ) ਕੋਲਾ ਪਾਰਕ (ਐਨ) ਸੰਗਰੂਰ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਪ੍ਰਾਇਮਰੀ ਸਕੂਲ ਘਾਬਦਾਂ, ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਸੰਤੋਖਪੁਰਾ, ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਨੰਦਗੜ੍ਹ (ਐਸ), ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਗਹਿਲਾਂ, ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਦਿਆਲਗੜ੍ਹ, ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਆਲੋਰਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਦਾਮਪੁਰ ਵਿਚ ਮੁੜ ਵੋਟਾਂ ਪੈਣਗੀਆਂ।