ਕੱਟੜਪੰਥੀ ਹਿੰਦੂਤਵੀ ਯੋਗੀ ਅਦਿੱਤਿਆਨਾਥ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਕੈਪਸ਼ਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਯੋਗੀ ਅਦਿੱਤਿਆਨਾਥ।
ਲਖਨਊ/ਬਿਊਰੋ ਨਿਊਜ਼ :
ਭਾਜਪਾ ਦੇ ਕੱਟੜਪੰਥੀ ਹਿੰਦੂਤਵਾ ਚਿਹਰੇ ਅਤੇ ਪੰਜ ਵਾਰ ਤੋਂ ਸੰਸਦ ਮੈਂਬਰ ਯੋਗੀ ਅਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਦੇ 21ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਨ੍ਹਾਂ ਦੀ ਕੈਬਨਿਟ ਵਿੱਚ ਦੋ ਉਪ ਮੁੱਖ ਮੰਤਰੀਆਂ ਸਣੇ 47 ਮੰਤਰੀ ਹਨ।
ਮੰਤਰੀ ਮੰਡਲ ਵਿੱਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਮੋਹਸਿਨ ਰਜ਼ਾ ਨੂੰ ਸ਼ਾਮਲ ਕਰਨਾ ਅਚੰਭੇ ਵਾਲਾ ਫੈਸਲਾ ਹੈ। ਉਨ੍ਹਾਂ ਰਾਜ ਮੰਤਰੀ ਵਜੋਂ ਹਲਫ਼ ਲਿਆ। ਉਹ ਸੂਬਾ ਸਰਕਾਰ ਵਿੱਚ ਇਕੋ-ਇਕ ਮੁਸਲਿਮ ਚਿਹਰਾ ਹੈ। ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਮੁਸਲਮਾਨ ਨੂੰ ਉਮੀਦਵਾਰ ਨਹੀਂ ਬਣਾਇਆ ਸੀ। ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਤੇ ਦੋ ਉਪ ਮੁੱਖ ਮੰਤਰੀ (ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਕੇਸ਼ਵ ਪ੍ਰਸਾਦ ਮੌਰਿਆ ਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਦਿਨੇਸ਼ ਸ਼ਰਮਾ) ਅਤੇ ਰਜ਼ਾ ਉੱਤਰ ਪ੍ਰਦੇਸ਼ ਦੇ ਦੋਵਾਂ ਸਦਨਾਂ ਵਿੱਚੋਂ ਕਿਸੇ ਦੇ ਵੀ ਮੈਂਬਰ ਨਹੀਂ ਹਨ।
ਦੋ ਉਪ ਮੁੱਖ ਮੰਤਰੀਆਂ ਤੋਂ ਇਲਾਵਾ ਸ੍ਰੀ ਅਦਿੱਤਿਆਨਾਥ ਦੀ ਕੈਬਨਿਟ ਵਿੱਚ 22 ਹੋਰ ਕੈਬਨਿਟ ਮੰਤਰੀ, ਆਜ਼ਾਦ ਚਾਰਜ ਵਾਲੇ ਨੌਂ ਰਾਜ ਮੰਤਰੀ ਅਤੇ 13 ਰਾਜ ਮੰਤਰੀ ਸ਼ਾਮਲ ਹਨ। 44 ਸਾਲਾ ਅਦਿੱਤਿਆਨਾਥ ਇਸ ਭਗਵਾ ਪਾਰਟੀ ਦੇ ਯੂਪੀ ਵਿੱਚ ਚੌਥੇ ਮੁੱਖ ਮੰਤਰੀ ਹਨ। ਪਾਰਟੀ 15 ਸਾਲਾ ਦੇ ਵਕਫ਼ੇ ਮਗਰੋਂ ਇਸ ਹਿੰਦੀ ਭਾਸ਼ੀ ਰਾਜ ਦੀ ਸੱਤਾ ਉਤੇ ਕਾਬਜ਼ ਹੋਈ ਹੈ। ਕਾਂਸ਼ੀਰਾਮ ਸਮ੍ਰਿਤੀ ਉਪਵਨ ਵਿੱਚ ਹੋਏ ਇਸ 90 ਮਿੰਟ ਦੇ ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਐਲ.ਕੇ. ਅਡਵਾਨੀ ਹਾਜ਼ਰ ਸਨ।
ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਯੂਪੀ ਨੂੰ ‘ਉੱਤਮ ਪ੍ਰਦੇਸ਼’ ਬਣਾਉਣ ਵਿੱਚ ਨਵੀਂ ਟੀਮ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸਾਡਾ ਇਕੋ ਮਿਸ਼ਨ ਤੇ ਮੰਤਵ ਵਿਕਾਸ ਹੈ, ਜਦੋਂ ਯੂਪੀ ਵਿਕਸਤ ਹੋ ਗਿਆ ਤਾਂ ਭਾਰਤ ਵਿਕਸਤ ਹੋ ਜਾਵੇਗਾ। ਸ੍ਰੀ ਅਦਿੱਤਿਆਨਾਥ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਸੀ। ਇਸ ਕਦਮ ਨਾਲ ਕਈਆਂ ਨੂੰ ਅਚੰਭਾ ਹੋਇਆ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨਵੇਂ ਬਣੇ ਲੋਕ ਭਵਨ ਵਿੱਚ ਅਹੁਦਾ ਸੰਭਾਲਿਆ।
ਜ਼ਿਕਰਯੋਗ ਹੈ ਕਿ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਸ਼ਖਸੀਅਤ ਯੋਗੀ ਅਦਿੱਤਿਆ ਨਾਥ ਹਿੰਦੂਤਵ ਦਾ ਪ੍ਰਤੀਕ ਹੈ ਅਤੇ ਉਸ ਨੇ ਸਮਾਂ ਪਾ ਕੇ ਇਕ ਵਿਵਾਦਪੂਰਣ ਆਗੂ ਦਾ ਅਕਸ ਵਿਕਸਤ ਕਰ ਲਿਆ ਹੈ। 44 ਸਾਲਾ ਅਦਿੱਤਿਆ ਨਾਥ ਭੜਕਾਊ ਭਾਸ਼ਣਾਂ ਲਈ ਮਸ਼ਹੂਰ ਹੈ ਅਤੇ ਸੂਬੇ ਵਿਚ ਉਸ ਦਾ ਕਾਫੀ ਆਧਾਰ ਹੈ ਅਤੇ ਉਨ੍ਹਾਂ ਨੇ ਵਿਵਾਦਪੂਰਣ ਟਿੱਪਣੀਆਂ ਕਰਨ ਸਮੇਂ ਕਦੇ ਵੀ ਝਿਜਕ ਨਹੀਂ ਦਿਖਾਈ, ਭਾਵੇਂ ਇਹ ਇਸਲਾਮ ਜਾਂ ਪਾਕਿਸਤਾਨ ਨਾਲ ਸਬੰਧਤ ਹੋਣ। ਅਜੇ ਸਿੰਘ ਵਜੋਂ ਜਨਮੇ ਅਦਿੱਤਿਆ ਨਾਥ ਜਿਹੜਾ ਗੋਰਖਨਾਥ ਮੱਠ ਦਾ ਮੁਖੀ ਹੈ, ਦੇਸ਼ ਵਿਚ ਫਿਰਕੂ ਰਾਜਨੀਤੀ ਜਿਊਂਦੀ ਰੱਖਣ ਲਈ ਸਾਰਿਆਂ ਤੋਂ ਅੱਗੇ ਰਿਹਾ ਹੈ। ਅਦਿੱਤਿਆ ਨਾਥ ਜੋ ਅਯੁੱਧਿਆ ਵਿਚ ਵਿਵਾਦਪੂਰਣ ਥਾਂ ‘ਤੇ ਰਾਮ ਮੰਦਿਰ ਦੀ ਉਸਾਰੀ ਦਾ ਜ਼ੋਰਦਾਰ ਹਮਾਇਤੀ ਰਿਹਾ ਹੈ ਨੇ ਰਾਜਨੀਤਕ ਤੌਰ ‘ਤੇ ਅਹਿਮ ਇਸ ਸੂਬੇ ਦੀਆਂ ਹਾਲ ਹੀ ਵਿਚ ਖਤਮ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪੂਰਬੀ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਹਿੰਦੂਤਵ ਦੀ ਮੁਹਿੰਮ ਚਲਾਈ ਸੀ। ਉਸ ਨੇ ਕਈ ਮੌਕਿਆਂ ‘ਤੇ ਪਾਰਟੀ ਖਿਲਾਫ ਬਗਾਵਤ ਕੀਤੀ ਪਰ ਉਸ ਦਾ ਹਿੰਦੂ ਵੋਟਰਾਂ ਵਿਚ ਚੰਗਾ ਆਧਾਰ ਹੋਣ ਕਰਕੇ ਭਾਜਪਾ ਉਸ ਦੇ ਲੀਡਰਸ਼ਿਪ ਗੁਣਾ ਨੂੰ ਨਜ਼ਰਅੰਦਾਜ਼ ਨਾ ਕਰ ਸਕੀ। 5 ਜੂਨ 1972 ਨੂੰ ਜਨਮੇ ਅਦਿੱਤਿਆ ਨਾਥ 12ਵੀਂ ਲੋਕ ਸਭਾ ਵਿਚ 26 ਸਾਲ ਦੇ ਸਭ ਤੋਂ ਛੋਟੀ ਉਮਰ ਦੇ ਸੰਸਦ ਮੈਂਬਰ ਸਨ। ਉਹ ਗੋਰਖਪੁਰ ਲੋਕ ਸਭਾ ਸੀਟ ਤੋਂ 1998, 1999, 2004, 2009 ਅਤੇ 2014 ਦੀਆਂ ਚੋਣਾਂ ਵਿਚ ਸੰਸਦ ਮੈਂਬਰ ਚੁਣੇ ਗਏ। ਉਸ ਨੇ 2005 ਵਿਚ ਕਥਿਤ ਰੂਪ ਵਿਚ ਸ਼ੁੱਧੀਕਰਨ ਦੀ ਮੁਹਿੰਮ ਚਲਾਈ ਸੀ ਜਿਸ ਵਿਚ ਇਸਾਈਆਂ ਨੂੰ ਹਿੰਦੂ ਧਰਮ ਵਿਚ ਲਿਆਂਦਾ ਗਿਆ ਸੀ। ਰਾਜਪੂਤ ਪਰਿਵਾਰ ਨਾਲ ਸਬੰਧਤ ਅਦਿੱਤਿਆ ਨਾਥ ਨੇ ਉੱਤਰਾਖੰਡ ਯੂਨੀਵਰਸਿਟੀ ਤੋਂ ਬੀ.ਐਸ.ਸੀ. ਕੀਤੀ ਹੋਈ ਹੈ।











Comments (0)