‘ਦ ਬਲੈਕ ਪ੍ਰਿੰਸ’ ਦੀ ਝੋਲੀ ਪਏ ਕਈ ਇਨਾਮ, ਕਈ ਫੈਸਟੀਵਲਾਂ ‘ਚ ਮਿਲਿਆ ਦਾਖ਼ਲਾ

‘ਦ ਬਲੈਕ ਪ੍ਰਿੰਸ’ ਦੀ ਝੋਲੀ ਪਏ ਕਈ ਇਨਾਮ, ਕਈ ਫੈਸਟੀਵਲਾਂ ‘ਚ ਮਿਲਿਆ ਦਾਖ਼ਲਾ

ਸ਼ਬਾਨਾ ਆਜ਼ਮੀ ਬਿਹਤਰੀਨ ਅਦਾਕਾਰਾ ਤੇ ਸਤਿੰਦਰ ਸਰਤਾਜ ‘ਐਵਾਰਡ ਆਫ਼ ਮੈਰਿਟ ਸਪੈਸ਼ਲ ਮੈਨਸ਼ਨ’ ਨਾਲ ਸਨਮਾਨਿਤ
ਸੈਨਹੋਜ਼ੇ/ਬਿਊਰੋ ਨਿਊਜ਼ :
ਸਿੱਖ ਰਾਜ ਦੇ ਆਖ਼ਰੀ ਚਿਰਾਗ਼ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਫ਼ਿਲਮ ‘ਦ ਬਲੈਕ ਪ੍ਰਿੰਸ’ ਨੇ ਉਤਰੀ ਅਮਰੀਕਾ ਦੇ ਵੱਖ ਵੱਖ ਫੈਸਟੀਵਲਾਂ ਵਿਚ ਨਾ ਸਿਰਫ਼ ਦਾਖ਼ਲਾ ਪਾਇਆ, ਸਗੋਂ ਕਈ ਐਵਾਰਡ ਵੀ ਆਪਣੀ ਝੋਲੀ ਪਾਏ ਹਨ। ਇਸ ਫ਼ਿਲਮ ਨੂੰ ਕਾਫ਼ੀ ਸਰਾਹਨਾ ਮਿਲੀ। ਮਹਾਰਾਜਾ ਦਲੀਪ ਸਿੰਘ ਦਾ ਮੁੱਖ ਕਿਰਦਾਰ ਨਿਭਾ ਰਹੇ ਉੱਘੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਇਸ ਹਫ਼ਤੇ ਸਮਾਪਤ ਹੋਏ ਸਿਨੇਕੁਐਸਟ ਫ਼ਿਲਮ ਫੈਸਟੀਵਲ ਦੌਰਾਨ ਖਿੱਚ ਦਾ ਬਿੰਦੂ ਬਣੇ ਰਹੇ।

6
ਮਹਾਰਾਣੀ ਜਿੰਦਾ ਦੀ ਭੂਮਿਕਾ ਨਿਭਾਉਣ ਵਾਲੀ ਬਾਲੀਵੁੱਡ ਦੀ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਲਾਸ ਏਂਜਲਸ ਫ਼ਿਲਮ ਐਵਾਰਡ ਦੌਰਾਨ ਬਿਹਤਰੀਨ ਅਦਾਕਾਰਾ ਦਾ ਐਵਾਰਡ ਜਿੱਤਿਆ। ਐਕੋਲੇਡ ਗਲੋਬਲ ਫ਼ਿਲਮ ਕੰਪੀਟਿਸ਼ਨ ਵਿਚ ਬਿਹਤਰੀਨ ਅਦਾਕਾਰੀ ਲਈ ਸਤਿੰਦਰ ਸਰਤਾਜ ਨੂੰ ‘ਐਵਾਰਡ ਆਫ਼ ਮੈਰਿਟ ਸਪੈਸ਼ਲ ਮੈਨਸ਼ਨ’ ਨਾਲ ਸਨਮਾਨਿਤ ਕੀਤਾ ਗਿਆ। ‘ਦ ਬਲੈਕ ਪ੍ਰਿੰਸ’ ਨੇ ਐਕੋਲੇਡ ਗਲੋਬਲ ਫ਼ਿਲਮ ਕੰਪੀਟਿਸ਼ਨ ਦੌਰਾਨ ‘ਬੈਸਟ ਆਫ਼ ਸ਼ੋਅ’ ਐਵਾਰਡ ਵੀ ਜਿੱਤਿਆ। ਮਾਨਚੈਸਟਰ ਫ਼ਿਲਮ ਫੈਸਟੀਵਲ ਆਫ਼ ਯੂ.ਕੇ. ਨੇ ਇਸ ਫ਼ਿਲਮ ਨੂੰ ‘ਬੈਸਟ ਪ੍ਰੋਡਕਸ਼ਨ’ ਦਾ ਦਰਜਾ ਦਿੱਤਾ ਹੈ। 18ਵੇਂ ਸਾਲਾਨਾ ਨਿਊਪੋਰਟ ਫ਼ਿਲਮ ਫੈਸਟੀਵਲ ਨੇ 20 ਤੋਂ 27 ਅਪ੍ਰੈਲ ਨੂੰ ਹੋ ਰਹੇ ਆਪਣੇ ਸਮਾਰੋਹ ਲਈ ‘ਦ ਬਲੈਕ ਪ੍ਰਿੰਸ’ ਦੀ ਚੋਣ ਕੀਤੀ ਹੈ। ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਇਹ ਫ਼ਿਲਮ ਕੌਮਾਂਤਰੀ ਪੱਧਰ ‘ਤੇ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

1
ਜ਼ਿਕਰਯੋਗ ਹੈ ਕਿ ਸਿਨੇਕੁਐਸਟ ਫ਼ਿਲਮ ਫੈਸਟੀਵਲ ਦੌਰਾਨ 100,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਸਿਨੇਕੁਐਸਟ ਆਪਣੀ ਕੁਸ਼ਲ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ। ਇਸ ਫੈਸਟੀਵਲ ਵਿਚ ਫ਼ਿਲਮ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਲੋਕਾਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹੈ। ਸਿਨੇਕੁਐਸਟ ਵਲੋਂ ਅਮਰੀਕਾ ਅਤੇ ਦੁਨੀਆ ਭਰ ਤੋਂ 90 ਤੋਂ ਵੱਧ ਪ੍ਰੀਮੀਅਰ ਸ਼ੋਅ ਦਿਖਾਏ ਜਾਂਦੇ ਹਨ। ਹਰ ਸਾਲ ਇਸ ਵਿਚ 50 ਤੋਂ ਵੱਧ ਮੁਲਕਾਂ ਦੇ ਫ਼ਿਲਮਸਾਜ਼ ਹਿੱਸਾ ਲੈਂਦੇ ਹਨ।