ਜੇ ਟਾਈਟਲਰ ਹਾਮੀ ਭਰੇ ਤਾਂ ਮੈਂ ਵੀ ਪੌਲੀਗ੍ਰਾਫ਼ ਟੈਸਟ ਲਈ ਰਾਜ਼ੀ : ਵਰਮਾ

ਜੇ ਟਾਈਟਲਰ ਹਾਮੀ ਭਰੇ ਤਾਂ ਮੈਂ ਵੀ ਪੌਲੀਗ੍ਰਾਫ਼ ਟੈਸਟ ਲਈ ਰਾਜ਼ੀ : ਵਰਮਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਅਸਲਾ ਵਪਾਰੀ ਅਭਿਸ਼ੇਕ ਵਰਮਾ ਨੇ ਕਿਹਾ ਕਿ ਜੇ 1984 ਸਿੱਖ ਕਤਲੇਆਮ ਕੇਸ ਵਿੱਚ ਜਗਦੀਸ਼ ਟਾਈਟਲਰ ‘ਪੌਲੀਗ੍ਰਾਫ ਟੈਸਟ’ (ਲਾਈ ਡਿਟੈਕਟਰ ਟੈਸਟ) ਲਈ ਤਿਆਰ ਹੁੰਦਾ ਹੈ ਤਾਂ ਉਸ ਨੂੰ ਵੀ ਟੈਸਟ ਤੋਂ ਇਤਰਾਜ਼ ਨਹੀਂ ਹੈ।
ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦਿਆਂ ਵਰਮਾ ਨੇ ਇੱਥੋਂ ਦੀ ਇਕ ਅਦਾਲਤ ਨੂੰ ਕਿਹਾ ਕਿ ਜੇ ਉਸ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੁੰਦੀ ਹੈ ਤਾਂ ਉਸ ਨੂੰ ਪੌਲੀਗ੍ਰਾਫ ਟੈਸਟ ਉਤੇ ਕੋਈ ਇਤਰਾਜ਼ ਨਹੀਂ। ਟਾਈਟਲਰ ਨੇ ‘ਪੌਲੀਗ੍ਰਾਫ ਟੈਸਟ’ ਉਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਹੈ ਕਿ ਸੀਬੀਆਈ ਨੇ ਇਸ ਟੈਸਟ ਲਈ ਕੋਈ ਕਾਰਨ ਨਹੀਂ ਦਿੱਤਾ।
ਵਧੀਕ ਚੀਫ ਮੈਟਰੋਪੌਲਿਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਨੇ ਵਰਮਾ ਵੱਲੋਂ ਦਾਖ਼ਲ ਜਵਾਬ ਨੂੰ ਰਿਕਾਰਡ ਉਤੇ ਲਿਆ ਅਤੇ ਟਾਈਟਲਰ ਤੇ ਵਰਮਾ ਦੇ ਪੌਲੀਗ੍ਰਾਫ਼ ਟੈਸਟ ਦੀ ਮੰਗ ਕਰਨ ਵਾਲੀ ਸੀਬੀਆਈ ਦੀ ਅਰਜ਼ੀ ਉਤੇ ਜਿਰ੍ਹਾ ਲਈ 16 ਮਾਰਚ ਦੀ ਤਰੀਕ ਤੈਅ ਕੀਤੀ। ਵਰਮਾ ਵੱਲੋਂ ਪੇਸ਼ ਮਨਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਸੀਬੀਆਈ ਨੇ ਇਸ ਕੇਸ ਵਿੱਚ ਗਵਾਹ ਬਣਾਇਆ ਹੈ ਅਤੇ ਇਹ ਜ਼ਿਆਦਾ ਢੁਕਵਾਂ ਰਹੇਗਾ ਕਿ ਏਜੰਸੀ ਮੈਜਿਸਟਰੇਟ ਸਾਹਮਣੇ ਫੌਜਦਾਰੀ ਜ਼ਾਬਤੇ ਦੀ ਧਾਰਾ 164 ਅਧੀਨ ਬਿਆਨ ਦਰਜ ਕਰਵਾਏ ਕਿਉਂਕਿ ਉਹ ਇਸ ਤੋਂ ਮੁੱਕਰ ਨਹੀਂ ਸਕੇਗਾ।