ਬਰਤਾਨੀਆ : ਅੰਮ੍ਰਿਤਧਾਰੀ ਨੂੰ ਪਾਰਕ ‘ਚ ਜਾਣ ਤੋਂ ਰੋਕਿਆ
ਲੰਡਨ/ਬਿਊਰੋ ਨਿਊਜ਼ :
ਸਿੱਖ ਬੱਚਿਆਂ ਦੇ ਇਕ ਗਰੁੱਪ ਨਾਲ ਇਕ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਪਹਿਨ ਕੇ ਬਰਤਾਨੀਆ ਵਿਚ ਇਕ ਪਾਰਕ ਅੰਦਰ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਹੈ। ਸਟੈਫੋਰਡਸ਼ਾਇਰ ਸਥਿਤ ਡਰੇਟਨ ਮੈਨਰ ਥੇਮ ਪਾਰਕ ਵਿਚ ਇਕ ਬੱਚੇ ਦੇ ਜਨਮ ਦਿਨ ਮੌਕੇ ਬੱਚਿਆਂ ਦੀ ਪਾਰਟੀ ਰੱਖੀ ਗਈ ਸੀ, ਜਿਸ ਵਿਚ ਜਾਣ ਸਮੇਂ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਛੋਟੀ ਕਿਰਪਾਨ ਪਹਿਨੀ ਹੋਈ ਸੀ। ਕਵੈਂਟਰੀ ਵਾਸੀ ਇਹ ਅਧਿਆਪਕ ਸਥਾਨਕ ਸਿੱਖ ਭਾਈਚਾਰੇ ਦੀ ਸਤਿਕਾਰਯੋਗ ਸ਼ਖ਼ਸੀਅਤ ਹੈ। ਇਹ ਪਾਰਟੀ 6 ਸਾਲਾ ਬੱਚੇ ਦਾ ਜਨਮ ਦਿਨ ਮਨਾਉਣ ਲਈ ਕਈ ਸੌ ਪਾਡ ਖਰਚ ਕਰਕੇ ਰੱਖੀ ਗਈ ਸੀ। ਸਿੱਖ ਪ੍ਰੈੱਸ ਐਸੋਸੀਏਸ਼ਨ ਵਲੋਂ ਇਸ ਮੁੱਦੇ ਨੂੰ ਉਠਾਇਆ ਗਿਆ ਕਿ ਅੱਜ ਸਿੱਖਾਂ ਨੂੰ ਬਰਤਾਨੀਆ ਦੀ ਪਾਰਲੀਮੈਂਟ ਵਿਚ ਕਿਰਪਾਨ ਲਿਜਾਣ ਦੀ ਇਜਾਜ਼ਤ ਹੈ, ਪਰ ਅਫਸੋਸ ਕਿ ਇਕ ਪਾਰਕ ਵਿਚ ਲਿਜਾਣ ਤੋਂ ਰੋਕਿਆ ਗਿਆ ਹੈ। ਡਰੇਟਨ ਮੈਨਰ ਪਾਰਕ ਦੇ ਇਸ ਵਤੀਰੇ ਨਾਲ ਸਿੱਖ ਭਾਈਚਾਰੇ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਡਰੇਟਨ ਮੈਨਰ ਪਾਰਕ ਦੇ ਬੁਲਾਰੇ ਨੇ ਕਿਹਾ ਕਿ ਇਥੇ ਵੱਖ-ਵੱਖ ਤਰ੍ਹਾਂ ਦੇ ਲੋਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਕਈ ਸਾਲਾਂ ਤੋਂ ਪਾਰਕ ਵਿਚ ਕਿਰਪਾਨ ਦੀ ਇਜਾਜ਼ਤ ਨਹੀਂ ਹੈ











Comments (0)