ਸਪੇਨ ਦੇ ਸ਼ਹਿਰ ਕੈਮਬ੍ਰਿਲਜ਼ ‘ਚ ਰਾਹਗੀਰਾਂ ‘ਤੇ ਕਾਰ ਚੜ੍ਹਾਈ; ਇਕ ਔਰਤ ਦੀ ਮੌਤ
ਕੈਪਸ਼ਨ-ਬਾਰਸੀਲੋਨਾ ਵਿੱਚ ਲਾਸ ਰਮਬਲਾਸ ਸੜਕ ਉਤੇ ਅਤਿਵਾਦ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਇਕ ਸਿੱਖ।
ਬਾਰਸੀਲੋਨਾ/ਬਿਊਰੋ ਨਿਊਜ਼ :
ਬਾਰਸੀਲੋਨਾ ਹਮਲੇ ਤੋਂ 8 ਘੰਟਿਆਂ ਬਾਅਦ ਸਪੇਨ ਦੇ ਸਮੁੰਦਰੀ ਕੰਢੇ ਵਸੇ ਇਕ ਹੋਰ ਮਸ਼ਹੂਰ ਸ਼ਹਿਰ ਵਿੱਚ ਕਾਰ ਸਵਾਰਾਂ ਨੇ ਰਾਹਗੀਰਾਂ ਉਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਬਾਰਸੀਲੋਨਾ ਦੇ ਕੇਂਦਰੀ ਹਿੱਸੇ ਵਿੱਚ ਡਰਾਈਵਰ ਨੇ ਸਫੈਦ ਰੰਗ ਦੀ ਵੈਨ ਰਾਹਗੀਰਾਂ ‘ਤੇ ਚੜ੍ਹਾ ਦਿੱਤੀ ਸੀ, ਜਿਸ ਕਾਰਨ 13 ਜਣੇ ਮਾਰੇ ਗਏ ਸਨ। ਬਾਰਸੀਲੋਨਾ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਜਥੇਬੰਦੀ ਨੇ ਲਈ ਹੈ। ਇਸ ਹਮਲੇ ਤੋਂ ਅੱਠ ਘੰਟਿਆਂ ਬਾਅਦ ਬਾਰਸੀਲੋਨਾ ਦੇ ਦੱਖਣ ਵਿੱਚ 120 ਕਿਲੋਮੀਟਰ ਦੂਰ ਕੈਮਬ੍ਰਿਲਜ਼ ਵਿੱਚ ਔਡੀ ਏ3 ਕਾਰ ਪੈਦਲ ਰਾਹਗੀਰਾਂ ਉਤੇ ਜਾ ਚੜ੍ਹੀ। ਹਮਲੇ ਵਿੱਚ ਇਕ ਔਰਤ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲੀਸ ਨੇ ਪੰਜ ਹਮਲਾਵਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਨ੍ਹਾਂ ਵਿੱਚੋਂ ਕੁਝ ਨੇ ਧਮਾਕਾਖੇਜ ਸਮੱਗਰੀ ਵਾਲੀਆਂ ਬੈਲਟਾਂ ਪਾਈਆਂ ਹੋਈਆਂ ਸਨ। ਪੁਲੀਸ ਨੇ ਕਿਹਾ ਕਿ ਉਹ ਇਸ ਧਾਰਨਾ ਉਤੇ ਕੰਮ ਕਰ ਰਹੇ ਹਨ ਕਿ ਬਾਰਸੀਲੋਨਾ ਘਟਨਾ ਅਤੇ ਕੈਮਬ੍ਰਿਲਜ਼ ਘਟਨਾ ਵਿੱਚ ਮਾਰੇ ਅਤਿਵਾਦੀਆਂ ਦਾ ਆਪਸ ਵਿੱਚ ਸਬੰਧ ਹੈ। ਬਾਰਸੀਲੋਨਾ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਮਸ਼ਹੂਰ ਲਾਸ ਰਮਬਲਾਸ ਮੁੱਖ ਸੜਕ ਉਤੇ ਲਾਸ਼ਾਂ ਇੱਧਰ-ਉੱਧਰ ਪਈਆਂ ਸਨ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਲੇਰਾਂ ਮਾਰਦੇ ਹੋਏ ਭੱਜ ਰਹੇ ਸਨ। ਵਿਸ਼ਵ ਦੇ ਮੋਹਰੀ ਆਗੂਆਂ ਨੇ ਬਾਰਸੀਲੋਨਾ ਕਤਲੇਆਮ ਦੀ ਨਿਖੇਧੀ ਕੀਤੀ ਹੈ, ਜਦੋਂ ਕਿ ਇਸਲਾਮਿਕ ਸਟੇਟ ਦੀ ਪ੍ਰਚਾਰ ਏਜੰਸੀ ਅਮਾਕ ਨੇ ਦਾਅਵਾ ਕੀਤਾ ਕਿ ਇਹ ਹਮਲਾ ਉਸ ਦੇ ‘ਯੋਧਿਆਂ’ ਨੇ ਕੀਤਾ ਹੈ। ਪੁਲੀਸ ਨੇ ਸਪੇਨੀ ਤੇ ਮੋਰੱਕੋ ਮੂਲ ਦੇ ਦੋ ਸ਼ੱਕੀਆਂ ਨੂੰ ਫੜਨ ਦਾ ਦਾਅਵਾ ਕੀਤਾ ਪਰ ਵੈਨ ਡਰਾਈਵਰ ਫਰਾਰ ਹੈ।
ਸਪੇਨੀ ਪੁਲੀਸ ਬਾਰਸੀਲੋਨਾ ਵਿੱਚ ਭੀੜ ਉਤੇ ਵੈਨ ਚੜ੍ਹਾਉਣ ਵਾਲੇ ਡਰਾਈਵਰ ਦੀ ਭਾਲ ਕਰ ਰਹੀ ਹੈ। ਸਪੇਨ ਦੇ ਇਸ ਦੂਜੇ ਵੱਡੇ ਸ਼ਹਿਰ ਵਿੱਚ ਕਤਲੇਆਮ ਕਰਨ ਵਾਲਾ ਡਰਾਈਵਰ ਹਾਲੇ ਤੱਕ ਫਰਾਰ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੈਰੀਆਨੋ ਰਾਜੋਇ ਅਤੇ ਕਿੰਗ ਫੇਲਿਪ ਛੇਵੇਂ ਨੇ ਇਕ ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਵੀ ਸਪੇਨ ਦੇ ਦੋ ਅਤਿਵਾਦੀ ਹਮਲਿਆਂ ਦੇ ਪੀੜਤਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਰੱਖਿਆ।











Comments (0)