ਕੈਨੇਡਾ : ਮਿਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਚ ਬੰਬ ਧਮਾਕਾ

ਕੈਨੇਡਾ : ਮਿਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਚ  ਬੰਬ ਧਮਾਕਾ

ਟੋਰਾਂਟੋ/ਬਿਊਰੋ ਨਿਊਜ਼ :

ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰਾਂਟੋ ਨੇੜਲੇ ਸ਼ਹਿਰ ਮਿਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਬੰਬੇ ਭੇਲ’ ਵਿੱਚ ਹੋਏ ਬੰਬ ਧਮਾਕੇ ਵਿੱਚ  15 ਲੋਕਾਂ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਹੈ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਮੌਕੇ ਉੱਤੇ ਕਿੰਨੇ ਲੋਕ ਰੈਸਤਰਾਂ ਵਿੱਚ ਸਨ। ਪੁਲੀਸ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀਆਂ ਨੂੰ ਟੋਰਾਂਟੋ ਟਰੌਮਾ ਸੈਂਟਰ ਲਿਜਾਇਆ ਗਿਆ ਹੈ।
ਇਹ ਘਟਨਾ ਵੀਰਵਾਰ ਰਾਤ ਕਰੀਬ ਸਾਢੇ ਦਸ ਵਜੇ ਵਾਪਰੀ ਅਤੇ ਪੁਲੀਸ ਨੂੰ ਮੌਕੇ ਉੱਤੇ ਕਿਸੇ ਨੇ ਬੰਬ ਧਮਾਕੇ ਦੀ ਜਾਣਕਾਰੀ ਫੋਨ ਕਰਕੇ ਦਿੱਤੀ। ਪੁਲੀਸ ਹੁਣ ਇਸ ਘਟਨਾ ਪਿੱਛੇ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ,ਜਿਨ੍ਹਾਂ ਨੇ ਕਥਿੱਤ ਤੌਰ ਉੱਤੇ ਗਿਣੀ ਮਿਥੀ ਸਾਜ਼ਿਸ਼ ਤਹਿਤ ਕਿਸੇ ਧਮਾਕਾਖੇਜ਼ ਯੰਤਰ ਨਾਲ ਧਮਾਕਾ ਕਰ ਕੇ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ ਹੈ।
ਦੋਵੇਂ ਸ਼ੱਕੀ ਵਿਅਕਤੀ  ਧਮਾਕਾਖੇਜ਼ ਵਸਤੂ ਫਿੱਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਕਰੀਬ ਛੇ ਫੁੱਟ ਲੰਬਾ ਅਤੇ 20 ਸਾਲ ਦੇ ਕਰੀਬ ਦੱਸਿਆ ਗਿਆ ਹੈ। ਪੀਲ ਰਿਜਨਲ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸੂਤਰਾਂ ਤੋਂ ਛਾਣਬੀਣ ਕਰ ਰਹੀ ਹੈ ਅਤੇ ਪੁਲੀਸ ਨੇ ਸਾਰਾ ਪਲਾਜ਼ਾ ਸੀਲ ਕਰ ਦਿੱਤਾ ਹੈ।

ਸੁਸ਼ਮਾ ਸਵਰਾਜ ਤੇ ਅਮਰਿੰਦਰ ਵੱਲੋਂ ਚਿੰਤਾ ਦਾ ਪ੍ਰਗਟਾਵਾ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਰੈਸਟੋਰੈਂਟ ਵਿੱਚ ਬੰਬ ਧਮਾਕੇ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਮਿਸ਼ਨ ਦਿਨ ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਅਤੇ ਕੈਨੇਡਾ ਵਿੱਚ ਭਾਰਤੀ ਦੂਤਘਰ ਨਾਲ ਨਿਰੰਤਰ ਸੰਪਰਕ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਿਸੀਸਾਗਾ ਦੇ ਭਾਰਤੀ ਰੈਸਟੋਰੈਂਟ ਵਿੱਚ ਹੋਏ ਬੰਬ ਧਮਾਕੇ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬੁਜ਼ਦਿਲਾਂ ਵਾਲੀ ਕਾਰਵਾਈ ਕਰਾਰ ਦਿੰਦਿਆਂ ਪੀੜਤਾਂ ਤੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਕੈਪਸ਼ਨ :   ਮਿਸੀਸਾਗਾ ਦੇ ਬੰਬੇ ਭੇਲ ਰੈਸਟੋਰੈਂਟ ਦੇ ਬਾਹਰ ਪੁਲੀਸ ਜਾਂਚ ਕਰਦੀ ਹੋਈ।