ਕੈਨੇਡਾ ਦੇ ਬਰੈਂਪਟਨ ‘ਚ ਚੋਰਾਂ ਨਾਲ ਝਗੜੇ ਦੌਰਾਨ ਪੰਜਾਬੀ ਆਗੂ ਦੀ ਮੌਤ
ਰੂਪਨਗਰ/ਬਿਊਰੋ ਨਿਊਜ਼ :
ਰੋਟਰੀ ਕਲੱਬ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਭਟਨਾਗਰ (73) ਦੀ ਕੈਨੇਡਾ ਦੇ ਬਰੈਂਪਟਨ ਵਿੱਚ ਦੋ ਸਿਆਹਫ਼ਾਮ ਨੌਜਵਾਨਾਂ ਨਾਲ ਝਗੜੇ ਤੋਂ ਬਾਅਦ ਮੌਤ ਹੋ ਗਈ।
ਅਮਰਜੀਤ ਸਿੰਘ ਭਟਨਾਗਰ ਜੋ ਲੋਕ ਨਿਰਮਾਣ ਵਿਭਾਗ ਦੇ ਸੇਵਾਮੁਕਤ ਕਾਰਜਕਾਰੀ ਇੰਜਨੀਅਰ ਸਨ, ਦੇ ਛੋਟੇ ਬੇਟੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 19 ਅਪਰੈਲ ਨੂੰ ਕੈਨੇਡਾ ਗਏ ਸਨ ਅਤੇ 6 ਮਹੀਨੇ ਬਾਅਦ ਉਨ੍ਹਾਂ ਵਾਪਸ ਆਉਣਾ ਸੀ। ਉਸ ਦੇ ਪਿਤਾ ਅਤੇ ਕੈਨੇਡਾ ਵਿੱਚ ਹੀ ਰਹਿੰਦੇ ਉਸ (ਅਰਵਿੰਦਰ ਸਿੰਘ) ਦੇ ਵੱਡੇ ਭਰਾ ਜਸਪਿੰਦਰ ਸਿੰਘ ਬਰੈਂਪਟਨ ਵਿੱਚ ਉਨ੍ਹਾਂ ਦੇ ਘਰ ਨੇੜੇ ਅਕਸਰ ਸੈਰ ਕਰਨ ਚਲੇ ਜਾਂਦੇ ਸਨ। ਅਰਵਿੰਦਰ ਸਿੰਘ ਨੇ ਦੱਸਿਆ ਕਿ 12 ਜੂਨ ਦੀ ਰਾਤ ਨੂੰ ਉਸ ਦੇ ਪਿਤਾ ਉਸ ਦੇ ਭਰਾ ਤੋਂ ਕੁਝ ਮਿੰਟ ਪਹਿਲਾਂ ਸੈਰ ਕਰਨ ਚਲੇ ਗਏ। ਜਸਪਿੰਦਰ ਸਿੰਘ ਜਦੋਂ ਸੈਰ ਕਰਨ ਗਿਆ ਤਾਂ ਦੋ ਕਾਲੇ ਲੜਕਿਆਂ, ਜਿਨ੍ਹਾਂ ਦੀ ਉਮਰ 15- 16 ਸਾਲ ਸੀ, ਨੇ ਉਸ ਦੇ ਭਰਾ ਜਸਪਿੰਦਰ ਸਿੰਘ ਨੂੰ ਘੇਰ ਲਿਆ ਅਤੇ ਮੋਬਾਈਲ ਖੋਹਣ ਲੱਗੇ। ਜਸਪਿੰਦਰ ਸਿੰਘ ਨੇ ਜਦੋਂ ਵਿਰੋਧ ਕੀਤਾ ਤਾਂ ਪਿਤਾ ਅਮਰਜੀਤ ਸਿੰਘ ਵੀ ਉਥੇ ਆ ਗਏ। ਜਸਪਿੰਦਰ ਸਿੰਘ ਨਾਲ ਹੱਥੋਪਾਈ ਕਰਨ ਤੋਂ ਬਾਅਦ ਜਦੋਂ ਕਾਲੇ ਨੌਜਵਾਨ ਭੱਜਣ ਲੱਗੇ ਤਾਂ ਉਨ੍ਹਾਂ ਨੇ ਅਮਰਜੀਤ ਸਿੰਘ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਅਮਰਜੀਤ ਭਟਨਾਗਰ ਦਾ ਸਿਰ ਧਰਤੀ ਨਾਲ ਵੱਜਣ ਕਰਕੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ 14 ਜੂਨ ਨੂੰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਰਵਿੰਦਰ ਨੇ ਦੱਸਿਆ ਕਿ ਕੈਨੇਡਾ ਦੀ ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਯੂਥ ਕ੍ਰਿਮਿਨਲ ਐਕਟ ਤਹਿਤ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਦੂਜੇ ਦੀ ਭਾਲ ਜਾਰੀ ਹੈ।


Comments (0)