ਮੁਤਵਾਜ਼ੀ ਜਥੇਦਾਰਾਂ ਵੱਲੋਂ ਬਰਗਾੜੀ ਦੇ ਪੰਥਕ ਇੱਕਠ ਲਈ ਸਿੱਖ ਸੰਗਤ ਨੂੰ ਸ਼ਮੂਲੀਅਤ ਦਾ ਸੱਦਾ
ਭਗਤਾ ਭਾਈ/ਬਿਊਰੋ ਨਿਊਜ਼ :
ਅਕਾਲ ਤਖਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਇੱਕ ਜੂਨ ਨੂੰ ਬਰਗਾੜੀ ਵਿੱਚ ਹੋ ਰਹੇ ਪੰਥਕ ਇਕੱਠ ਵਿੱਚ ਸਮੁੱਚੀ ਸਿੱਖ ਕੌਮ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।
ਪਿੰਡ ਕੋਠਾ ਗੁਰੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਦੀ ਇੱਕ ਮਹੀਨੇ ਦੇ ਅੰਦਰ-ਅੰਦਰ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਝੂਠੀ ਸਹੁੰ ਖਾਣ ਵਾਲੀ ਕਾਂਗਰਸ ਸਰਕਾਰ ਨੇ ਕਰੀਬ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਇਸ ਪਾਸੇ ਕੁਝ ਨਹੀਂ ਕੀਤਾ, ਜਿਸ ਕਾਰਨ ਹਾਲੇ ਤੱਕ ਬੇਅਦਬੀ ਦੀ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾ ਅਕਾਲੀ-ਭਾਜਪਾ ਸਰਕਾਰ ਅਤੇ ਹੁਣ ਕਾਂਗਰਸ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀਂ।
ਉਨ੍ਹਾਂ ਸਿੱਖ ਕੌਮ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਸਾਰੀਆਂ ਧਿਰਾਂ ਨੂੰ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਬਰਗਾੜੀ ਦਾ ਪੰਥਕ ਇਕੱਠ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪਰਗਟ ਸਿੰਘ ਭੋਡੀਪੁਰਾ ਪ੍ਰਧਾਨ ਦਸਤਾਰ ਫੈਡਰੇਸ਼ਨ, ਬਲਵਿੰਦਰ ਸਿੰਘ ਭਗਤਾ, ਸੁਖਦੇਵ ਸਿੰਘ ਪੰਜਗਰਾਈ, ਰਣਜੀਤ ਸਿੰਘ ਮੰਨਣ, ਗੁਰਮੀਤ ਸਿੰਘ, ਇਕਬਾਲ ਸਿੰਘ ਗੁੰਮਟੀ, ਰਾਜਵਿੰਦਰ ਸਿੰਘ ਬਗਰਾੜੀ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਉਧਰ ਤਖਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਭਲੂਰ ਦੇ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸ਼ਹੀਦ ਹੋਏ ਸਿੰਘਾਂ ਦੇ ਕਾਤਲਾਂ ਨੂੰ ਫੜਨ ਤੋਂ ਮੁਨਕਰ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ 1 ਜੂਨ ਨੂੰ ਪਿੰਡ ਬਰਗਾੜੀ ਪਹੁੰਚਣ ਦੀ ਅਪੀਲ ਕੀਤੀ। ਪ੍ਰੋਗਰਾਮ ਦੀ ਸਮਾਪਤੀ ਮੌਕੇ ਗੁਰੁ ਘਰ ਦੇ ਗ੍ਰੰਥੀ ਬਾਜ਼ ਸਿੰਘ ਵੱਲੋਂ ਭਾਈ ਦਾਦੂਵਾਲ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਰੋਡੇ ਵਿੱਚ ਸ਼੍ਰੋਮਣੀ ਅਕਾਲੀ ਦਲ (1920) ਦੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਪਾਰਟੀ ਵਰਕਰਾਂ ਨੂੰ 1 ਜੂਨ 2018 ਨੂੰ ਪਿੰਡ ਬਰਗਾੜੀ ਵਿੱਚ ਰੋਸ ਦਿਵਸ ਮਨਾਉਣ ਲਈ ਪੁੱਜਣ ਦੀ ਅਪੀਲ ਕੀਤੀ।











Comments (0)