ਸਾਬਕਾ ਨਿਰੰਕਾਰੀ ਪ੍ਰਮੁੱਖ ਦੀ ਕੁੜੀ ਨੇ ਪਤੀ ‘ਤੇ ਲਾਇਆ ਦੋ ਹਜ਼ਾਰ ਕਰੋੜ ਦੀ ਠੱਗੀ ਦਾ ਇਲਜ਼ਾਮ
ਸਾਬਕਾ ਨਿਰੰਕਾਰੀ ਮੁਖੀ ਹਰਦੇਵ ਸਿੰਘ ਤੇ ਸੰਦੀਪ ਖਿੰਡਾ ਦੀ ਪੁਰਾਣੀ ਤਸਵੀਰ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਪਣੇ ਜਿਹੜੇ ਜਵਾਈ ਨਾਲ ਕਾਰ ਵਿਚ ਕੈਨੇਡਾ ਜਾਂਦਿਆਂ ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਐਕਸੀਡੈਂਟ ਦੌਰਾਨ ਮੌਤ ਹੋਈ ਸੀ, ਉਸੇ ਸੰਦੀਪ ਖਿੰਡਾ ਉਤੇ ‘ਬਾਬੇ’ ਦੀ ਵੱਡੀ ਧੀ ਸਮਤਾ ਨੇ ਦੋ ਹਜ਼ਾਰ ਕਰੋੜ ਦੀ ਠੱਗੀ ਦਾ ਕੇਸ ਦਰਜ ਕਰਨ ਵਾਸਤੇ ਪੁਲਿਸ ਕੋਲ ਸ਼ਿਕਾਇਤ ਦਿਤੀ ਹੈ। ਪੁਲਿਸ ਸੂਤਰਾਂ ਮੁਤਾਬਕ ਕਥਿਤ ਠੱਗੀ ਦੀ ਰਕਮ ਦੋ ਹਜ਼ਾਰ ਕਰੋੜ ਤੋਂ ਵੀ ਵੱਧ ਹੈ, ਇਸ ਦੀ ਵਿਸਥਾਰ ‘ਚ ਹਾਲਾਂ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਉਪਰਲੇ ਹੁਕਮ ਕਹਿ ਕੇ ਕੇਸ ਬਾਰੇ ਕੋਈ ਜਾਣਕਾਰੀ ਦੇਣ ਤੋਂ ਵੀ ਬਚਦੇ ਨਜ਼ਰ ਆਏ।
ਸਮਤਾ ਨੇ ਦੋਸ਼ ਲਾਇਆ ਹੈ ਕਿ ਸੰਦੀਪ ਨੇ ‘ਜੈਨ ਫਲੋਰੋਕਲਚਰ ਲਿਮਟਿਡ’ (ਜੇਐਫਐਲ) ਨਾ ਦੀ ਇਕ ਕੰਪਨੀ ਖਰੀਦੀ ਸੀ ਤੇ ਇਸ ਵਿਚ ਉਸ (ਸਮਤਾ) ਤੋਂ ਕਰੋੜਾਂ ਰੁਪਏ ਇਨਵੈਸਟ ਕਰਵਾ ਲਏ। ਸਮਤਾ ਮੁਤਾਬਕ ਕੰਪਨੀ ਦੇ ਸੌ ਫੀਸਦੀ ਸ਼ੇਅਰਜ਼ ਉਸ ਦੇ ਸਨ, ਜੋ ਬਾਅਦ ਵਿਚ ਡਿਜੀਟਲ ਹਸਤਾਖਰ ਦੇ ਜ਼ਰੀਏ ਸੰਦੀਪ ਨੇ ਆਪਣੇ ਨਾਮ ਕਰਵਾ ਲਏ।
ਸਮਤਾ ਨੇ ਕਿਹਾ ਕਿ ਜਦੋਂ ਦੋਵੇਂ ਉਹ ਇਕੱਠੇ ਰਹਿੰਦੇ ਸਨ, ਤਾਂ ਮੇਰੇ ਸਾਰੇ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਸੰਦੀਪ ਦੇ ਕੋਲ ਸਨ। ਇਸੇ ਦੌਰਾਨ ਹੀ ਸੰਦੀਪ ਨੇ ਇਹ ਧੋਖਾਧੜੀ ਕੀਤੀ। ਸਮਤਾ ਨੇ ਹਸਤਾਖਰ ਤਸਦੀਕ ਕਰਨ ਵਾਲੀ ਕੰਪਨੀ ‘ਸਿਫੀ ਤਕਨਾਲੋਜੀ’ ਨੂੰ ਵੀ ਸ਼ਿਕਾਇਤ ਵਿਚ ਨਾਲ ਰੱਖਿਆ ਹੈ ਤੇ ਆਪਣੇ ਡਿਜੀਟਲ ਹਸਤਾਖਰ ਝੂਠੇ ਦੱਸੇ ਹਨ। ਉਸ ਨੇ ਦਾਅਵਾ ਕੀਤਾ ਕਿ ਕਦੇ ਵੀ ਡਿਜੀਟਲ ਹਸਤਾਖਰ ਤਸਦੀਕ ਕਰਨ ਵਾਸਤੇ ਉਸ ਨੇ ਉਕਤ ਕੰਪਨੀ ਨਾਲ ਸੰਪਰਕ ਨਹੀਂ ਕੀਤਾ।
ਪੁਲਿਸ ਵਿਭਾਗ ‘ਚ ਜਿੱਥੇ ਇੰਨੀ ਵੱਡੀ ਕਥਿਤ ਠੱਗੀ ਦੇ ਕੇਸ ਨੂੰ ਹੱਲ ਕਰਨ ਨੂੰ ਲੈ ਕੇ ਉਚ ਪੱਧਰ ਦੀ ਸਰਗਰਮੀ ਹੈ, ਉਥੇ ਆਮ ਲੋਕਾਂ ਵਿਚ ਕਥਿਤ ਡੇਰੇਦਾਰਾਂ ਤੇ ‘ਧਰਮ ਗੁਰੂਆਂ’ ਕੋਲ ਲੱਗੇ ਪੈਸੇ ਦੇ ਅੰਬਾਰ ਨੂੰ ਲੈ ਕੇ ਵੀ ਚੁੰਜ ਚਰਚਾ ਛਿੜੀ ਹੋਈ ਹੈ।











Comments (0)