ਐਮਰਜੈਂਸੀ ਵੇਲੇ ਇੰਦਰਾ ਗਾਂਧੀ ਹਿਟਲਰ ਤੋਂ ਵੀ ਅੱਗੇ ਨਿਕਲੀ : ਜੇਤਲੀ

ਐਮਰਜੈਂਸੀ ਵੇਲੇ ਇੰਦਰਾ ਗਾਂਧੀ ਹਿਟਲਰ ਤੋਂ ਵੀ ਅੱਗੇ ਨਿਕਲੀ : ਜੇਤਲੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜਰਮਨ ਦੇ ਤਾਨਾਸ਼ਾਹ ਐਡੌਲਫ ਹਿਟਲਰ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਕ ਦੂਜੇ ਨਾਲ ਮੇਲਦਿਆਂ ਕਿਹਾ ਕਿ ਦੋਵਾਂ ਨੇ ਜਮਹੂਰੀਅਤ ਨੂੰ ਤਾਨਾਸ਼ਾਹੀ ਵਿਚ ਤਬਦੀਲ ਕੀਤਾ। ‘ਦਿ ਐਮਰਜੈਂਸੀ ਰੀਵਿਜ਼ਟਿਡ’ ਸਿਰਲੇਖ ਹੇਠ ਲਿਖੇ ਤਿੰਨ ਹਿੱਸਿਆਂ ਵਾਲੇ ਲੇਖ ਦੀ ਦੂਜੀ ਕਿਸ਼ਤ ਵਿਚ ਸ੍ਰੀ ਜੇਤਲੀ ਨੇ ਕਿਹਾ ਸ੍ਰੀਮਤੀ ਗਾਂਧੀ ਭਾਰਤ ਨੂੰ ‘ਵੰਸ਼ਵਾਦੀ ਜਮਹੂਰੀਅਤ’ ਵਿਚ ਤਬਦੀਲ ਕਰਨ ਦੇ ਯਤਨਾਂ ਦੌਰਾਨ ਹਿਟਲਰ ਤੋਂ ਵੀ ਇਕ ਕਦਮ ਅੱਗੇ ਨਿਕਲ ਗਏ। ਮੰਤਰੀ ਨੇ ਆਪਣੀ ਫੇਸਬੁੱਕ ਪੋਸਟ ‘ਤੇ ਹੈਰਾਨੀ ਜ਼ਾਹਰ ਕਰਦਿਆਂ ਲਿਖਿਆ ਕਿ ਐਮਰਜੈਂਸੀ, ਜੋ ਕਿ ਚਾਰ ਦਹਾਕੇ ਪਹਿਲਾਂ 25 ਜੂਨ 1975 ਨੂੰ ਮੁਲਕ ‘ਤੇ ਥੋਪੀ ਗਈ ਸੀ, ਦੀ ਪਟਕਥਾ ਕਿਤੇ ਨਾ ਕਿਤੇ 1933 ਵਿਚ ਜੋ ਕੁਝ ਨਾਜ਼ੀ ਜਰਮਨੀ ਵਿਚ ਵਾਪਰਿਆ, ਉਸ ਤੋਂ ਪ੍ਰੇਰਿਤ ਸੀ। ਇਸ ਦੌਰਾਨ ਕੇਂਦਰੀ ਮੰਤਰੀ ਨੇ ਐਮਰਜੈਂਸੀ ਦੌਰਾਨ ਅਕਾਲੀਆਂ ਵੱਲੋਂ ਲਾਏ ਮੋਰਚਿਆਂ ਨੂੰ ਵੀ ਸਲਾਹਿਆ।
ਜੇਤਲੀ ਨੇ ਆਪਣੇ ਲੇਖ ਦੀ ਦੂਜੀ ਕਿਸ਼ਤ ਜਿਸ ਦਾ ਸਬ ਟਾਈਟਲ ‘ਦਿ ਟਾਇਰਨੀ ਆਫ਼ ਐਮਰਜੈਂਸੀ’ ਵਿਚ ਲਿਖਿਆ, ‘ਹਿਟਲਰ ਤੇ ਸ੍ਰੀਮਤੀ ਗਾਂਧੀ ਦੋਵਾਂ ਨੇ ਕਦੇ ਵੀ ਸੰਵਿਧਾਨ ਦੇ ਸਰਮਾਏ ਨੂੰ ਰੱਦ ਨਹੀਂ ਕੀਤਾ। ਸ੍ਰੀ ਜੇਤਲੀ ਨੇ ਕਿਹਾ ਕਿ ਕੁਝ ਅਜਿਹੀਆਂ ਚੀਜ਼ਾਂ ਵੀ ਸਨ, ਜਿਨ੍ਹਾਂ ਵਿਚ ਸ੍ਰੀਮਤੀ ਗਾਂਧੀ ਨੇ ਹਿਟਲਰ ਨੂੰ ਵੀ ਪਿਛਾਂਹ ਧੱਕ ਦਿੱਤਾ। ਉਨ੍ਹਾਂ ਅਕਾਲੀਆਂ ਵੱਲੋ ਐਮਰਜੈਂਸੀ ਖ਼ਿਲਾਫ਼ ਲਾਏ ਮੋਰਚੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ (ਅਕਾਲੀਆਂ) ਹਰਿਮੰਦਰ ਸਾਹਿਬ ਤੋਂ ਮੋਰਚਾ ਸ਼ੁਰੂ ਕਰਕੇ ਬਾਹਰੋਂ ਗ੍ਰਿਫ਼ਤਾਰੀਆਂ ਦਿੱਤੀਆਂ, ਜਿਸ ਕਰਕੇ ਪੂਰੇ ਦੇਸ਼ ਵਿਚ ਉਨ੍ਹਾਂ ਦਾ ਸਤਿਕਾਰ ਵਧਿਆ। ਇਸ ਮੋਰਚੇ ਨੂੰ ਆਰਐੱਸਐੱਸ, ਜਿਸ ‘ਤੇ ਨਾਜਾਇਜ਼ ਪਾਬੰਦੀਆਂ ਆਇਦ ਸਨ, ਨੇ ਵੀ ਆਪਣਾ ਵੱਡਾ ਕੇਡਰ ਮੁਹੱਈਆ ਕਰਵਾਇਆ। ਉਨ੍ਹਾਂ ਸੰਜੇ ਗਾਂਧੀ ਦੀ ਭੂਮਿਕਾ ਬਾਰੇ ਲਿਖਿਆ ਕਿ ਕਿਵੇਂ ਸੰਜੇ ਨੇ ਕਾਂਗਰਸ ਦੀ ਰਾਜਨੀਤੀ ਉਪਰ ਕਬਜ਼ਾ ਕੀਤਾ ਤੇ ਯੂਥ ਕਾਂਗਰਸ ਆਪਣੇ ਆਪ ਵਿਚ ਕਾਨੂੰਨ ਬਣ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਤਲੀ ਦੇ ਬਲੌਗ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕਰਦਿਆਂ ਕਿਹਾ, ”ਅਰੁਣ ਜੇਤਲੀ ਨੇ ਐਮਰਜੈਂਸੀ ਦੇ ਕਾਲੇ ਦਿਨਾਂ ਬਾਰੇ ਲਿਖਿਆ ਹੈ। ਕਿਵੇਂ ਐਮਰਜੈਂਸੀ ਨੇ ਸਾਡੇ ਸੰਵਿਧਾਨਕ ਆਦਰਸ਼ਾਂ ‘ਤੇ ਹੱਲਾ ਬੋਲਿਆ। ਇਸ ਬਲੌਗ ਨੂੰ ਜ਼ਰੂਰ ਪੜ੍ਹੋ।”
ਉਧਰ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਥੋਪੀ ਐਮਰਜੈਂਸੀ ਨੂੰ ਭਾਰਤੀ ਜਮਹੂਰੀਅਤ ‘ਤੇ ‘ਸਭ ਤੋਂ ਵੱਡਾ ਧੱਬਾ’ ਦੱਸਦਿਆਂ ਕਿਹਾ ਕਿ ਐਮਰਜੈਂਸੀ ਬਾਰੇ ਇਕ ਅਧਿਆਏ ਪਾਠ ਪੁਸਤਕਾਂ ਵਿਚ ਸ਼ਾਮਲ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਐਮਰਜੈਂਸੀ ਦੇ ਅਰਸੇ ਦੌਰਾਨ ਕੀਤੇ ‘ਜ਼ੁਲਮਾਂ’ ਬਾਰੇ ਚਾਨਣਾ ਹੋ ਸਕੇ।