ਭਾਰਤ ਦੌਰੇ ‘ਤੇ ਗਈ ਰਾਜਦੂਤ ਨਿੱਕੀ ਹੇਲੀ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਕੀਤੀ ਪ੍ਰੋੜਤਾ
ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਗਲਵੱਕੜੀ ਪਾਉਂਦੀ ਹੋਈ।
ਨਵੀਂ ਦਿੱਲੀ/ਬਿਊਰੋ ਨਿਉਜ :
ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਤੇ ਲੋਕਾਂ ਦੀ ਆਜ਼ਾਦੀ ਦੀ ਇਕੋ ਜਿੰਨੀ ਅਹਿਮੀਅਤ ਹੈ। ਹੇਲੀ ਨੇ ਕਿਹਾ ਕਿ ਅਤਿਵਾਦ ਦੇ ਟਾਕਰੇ ਸਮੇਤ ਭਾਰਤ-ਅਮਰੀਕਾ ਸਬੰਧਾਂ ‘ਚ ਬਹੁਪੜਾਵੀ ਮੌਕੇ ਹਨ। ਉਨ੍ਹਾਂ ਕਿਹਾ ਕਿ ਇਸ ਫੇਰੀ ਦਾ ਮੁੱਖ ਮੰਤਵ ਵਿਸ਼ਵ ਦੀਆਂ ਦੋ ਸਭ ਤੋਂ ਪੁਰਾਣੀਆਂ ਜਮਹੂਰੀਅਤਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। 46 ਸਾਲਾ ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਅੱਜ ਕੱਲ੍ਹ ਭਾਰਤ ਦੌਰੇ ‘ਤੇ ਹੈ।
ਆਪਣੀ ਇਸ ਫੇਰੀ ਦੇ ਪਹਿਲੇ ਦਿਨ ਹੇਲੀ ਨੇ ਕਿਹਾ ਕਿ ਉਹ ਅੰਤਰ-ਆਸਥਾ ਨਾਲ ਜੁੜੇ ਆਪਣੇ ਇਸ ਯਾਤਰਾ ਪ੍ਰੋਗਰਾਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਵਿੱਚ ਹੈ। ਹੇਲੀ ਦੇ ਭਲਕੇ ਇਕ ਮੰਦਰ, ਮਸਜਿਦ ਤੇ ਗਿਰਜਾ ਘਰ ਵਿਚ ਜਾਣ ਦੀ ਸੰਭਾਵਨਾ ਹੈ।
ਹੇਲੀ ਨੇ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਮੁਗਲ ਸਮਰਾਟ ਹਮਾਯੂੰ ਦੇ ਮਕਬਰੇ ਦੀ ਫੇਰੀ ਨਾਲ ਕੀਤੀ।ਇਸ ਮੌਕੇ ਭਾਰਤ ਵਿੱਚ ਅਮਰੀਕੀ ਰਾਜਦੂਤ ਕੈਨੇਥ ਜਸਟਰ ਵੀ ਉਨ੍ਹਾਂ ਨਾਲ ਮੌਜੂਦ ਸਨ। ਨਿੱਕੀ ਹੇਲੀ ਨੇ ਮਗਰੋਂ ਨੋਬੇਲ ਦਾ ਸ਼ਾਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨਾਲ ‘ਮੁਕਤੀ ਆਸ਼ਰਮ’ ਵਿੱਚ ਮੁਲਾਕਾਤ ਕੀਤੀ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿੱਕੀ ਹੇਲੀ ਨੇ ਅਤਿਵਾਦ ਦੇ ਟਾਕਰੇ ਸਮੇਤ ਵੱਖ ਵੱਖ ਖੇਤਰਾਂ ਵਿੱਚ ਦੋਵਾਂ ਮੁਲਕਾਂ ‘ਚ ਸਹਿਯੋਗ ਵਧਾਉਣ ਦੇ ਤੌਰ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਇਸ ਮੁਲਾਕਾਤ ਦੌਰਾਨ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਆਲਮੀ ਸ਼ਾਂਤੀ ਤੇ ਖ਼ੁਸ਼ਹਾਲੀ ਅਹਿਮ ਕਾਰਕ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਦੱਖਣੀ ਏਸ਼ੀਆ ਤੇ ਭਾਰਤ-ਪ੍ਰਸ਼ਾਂਤ ਰਣਨੀਤੀ ਅਤੇ ਕੋਰੀਆ ਪ੍ਰਾਇਦੀਪ ਦੇ ਨਿਸ਼ਸਤਰੀਕਰਨ ਲਈ ਕੀਤੇ ਯਤਨਾਂ ਦੀ ਤਾਰੀਫ਼ ਕੀਤੀ।











Comments (0)