ਸਦਨ ਦੀ ਕਾਰਵਾਈ ਫੇਸਬੁੱਕ ‘ਤੇ ਪਾਉਣ ਬਦਲੇ ਕੈਪਟਨ ਖਿਲਾਫ਼ ਕਾਰਵਾਈ ਹੋਵੇ-ਖਹਿਰਾ

ਸਦਨ ਦੀ ਕਾਰਵਾਈ ਫੇਸਬੁੱਕ ‘ਤੇ ਪਾਉਣ ਬਦਲੇ ਕੈਪਟਨ ਖਿਲਾਫ਼ ਕਾਰਵਾਈ ਹੋਵੇ-ਖਹਿਰਾ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਦੀ ਸਿੱਧੀ ਕਾਰਵਾਈ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਕਰਨ ਦੇ ਮਾਮਲੇ ਵਿੱਚ ਘੇਰ ਲਿਆ ਹੈ।
ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਇਸ ਮਾਮਲੇ ਵਿੱਚ ਕੈਪਟਨ ਨੂੰ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਬਦਲੇ ਨੋਟਿਸ ਜਾਰੀ ਕੀਤਾ ਜਾਵੇ। ਸ੍ਰੀ ਖਹਿਰਾ ਨੇ ਸਪੀਕਰ ਨੂੰ ਲਿਖੇ ਪੱਤਰ ਵਿਚ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲੀਆ ਬਜਟ ਸੈਸ਼ਨ ਵਿੱਚ ਦਿੱਤੇ ਆਪਣੇ ਭਾਸ਼ਣ ਦੇ ਦੋ ਕਲਿੱਪ ਫੇਸਬੁੱਕ ਉਪਰ ਪਾਏ ਹਨ। ਉਨ੍ਹਾਂ ਦੱਸਿਆ ਕਿ ਇਹ ਕਲਿੱਪ 27 ਮਾਰਚ 2018 ਨੂੰ ਰਾਜਪਾਲ ਦੇ ਸੰਬੋਧਨ ਉੱਪਰ ਹੋਈ ਬਹਿਸ ਨੂੰ ਮੁਕੰਮਲ ਕਰਨ ਸਮੇਂ ਦਿੱਤੇ ਗਏ ਭਾਸ਼ਣ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਾਰੇ ਮੈਂਬਰ ਭਲੀਭਾਂਤ ਜਾਣਦੇ ਹਨ ਕਿ ਵਿਧਾਨ ਸਭਾ ਦੇ ਅੰਦਰ ਹੋਈ ਕਿਸੇ ਵੀ ਪ੍ਰਕਿਰਿਆ ਨੂੰ ਸੋਸ਼ਲ ਮੀਡੀਆ ਉੱਪਰ ਸਾਂਝਾ ਕਰਨ ਜਾਂ ਦਿਖਾਉਣ ਦੀ ਆਗਿਆ ਨਹੀਂ ਹੈ।  ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਆਪਣੇ ਫੇਸਬੁੱਕ ਪੇਜ ਉੱਪਰ ਇੱਕ ਕਲਿੱਪ ਸਾਂਝਾ ਕੀਤਾ ਸੀ ਜਿਸ ਕਾਰਨ ਖੂਬ ਸ਼ੋਰ ਸ਼ਰਾਬੇ ਤੋਂ ਬਾਅਦ ਉਨ੍ਹਾਂ ਨੂੰ ਸਦਨ ‘ਚੋਂ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਦੀ ਕਾਰਵਾਈ ਦੀ ਇੱਕ ਆਡੀਓ ਕਲਿੱਪ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪੇਜ ਉੱਪਰ ਪਾਈ ਸੀ ਜੋ ਕਿ ਕੰਟੀਨ ਖੇਤਰ ਦੇ ਨਾਲ ਆਮ ਆਦਮੀ ਪਾਰਟੀ, ਲੋਕ ਇਨਸਾਫ਼ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੇ ਪਾਰਟੀ ਦਫ਼ਤਰਾਂ ਵਿੱਚ ਕਾਰਵਾਈ ਦਾ ਪ੍ਰਸਾਰਨ ਕਰ ਰਹੇ ਆਡੀਓ ਸਪੀਕਰਾਂ ਤੋਂ ਰਿਕਾਰਡ ਕੀਤੀ ਗਈ ਸੀ। ਉਂਜ, ਸ੍ਰੀ ਖਹਿਰਾ ਨੇ ਕਿ ਉਹ ਵਿਧਾਨ ਸਭਾ ਦੀ ਕਾਰਵਾਈ ਲੋਕ ਸਭਾ ਤੇ ਰਾਜ ਸਭਾ ਅਤੇ ਦਿੱਲੀ ਸਮੇਤ ਹੋਰਨਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਤਰਜ਼ ਉੱਪਰ ਲਾਈਵ ਦਿਖਾਏ ਜਾਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਕਾਰਵਾਈ ਦੇ ਸਿੱਧੇ ਪ੍ਰਸਾਰਨ ਦਾ ਫੈਸਲਾ ਨਹੀਂ ਹੁੰਦਾ, ਉਸ ਵੇਲੇ ਤੱਕ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ।