ਸੰਤ ਢੱਡਰੀਆਂ ਵਾਲੇ ਦੇ ਤਰਨ ਤਾਰਨ ‘ਚ ਰੱਖੇ ਪ੍ਰਚਾਰ ਸਮਾਗਮ ਕਾਰਨ ਤਣਾਅ ਦੇ ਮੱਦੇਨਜ਼ਰ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਮਾਗਮ ਪਿੱਛੇ ਪਾਉਣ ਦੀ ਸਲਾਹ

ਸੰਤ ਢੱਡਰੀਆਂ ਵਾਲੇ ਦੇ ਤਰਨ ਤਾਰਨ ‘ਚ ਰੱਖੇ ਪ੍ਰਚਾਰ ਸਮਾਗਮ ਕਾਰਨ ਤਣਾਅ ਦੇ ਮੱਦੇਨਜ਼ਰ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਮਾਗਮ ਪਿੱਛੇ ਪਾਉਣ ਦੀ ਸਲਾਹ

ਜਥੇਦਾਰ ਗਿਆਨੀ ਗੁਰਬਚਨ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ।
ਅੰਮ੍ਰਿਤਸਰ/ਬਿਊਰੋ ਨਿਊਜ਼:
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਆਖਿਆ ਕਿ ਉਹ ਕੌਮ ਨੂੰ ਭਰਾ ਮਾਰੂ ਜੰਗ ਤੋਂ ਬਚਾਉਣ ਲਈ ਫਿਲਹਾਲ ਆਪਣਾ ਤਰਨ ਤਾਰਨ ਜ਼ਿਲ੍ਹੇ ਵਿੱਚ ਹੋਣ ਵਾਲਾ ਪ੍ਰੋਗਰਾਮ ਮੁਲਤਵੀ ਕਰ ਦੇਣ ਅਤੇ ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਮਿਲ ਬੈਠ ਕੇ ਆਪਸੀ ਗਿਲੇ ਸ਼ਿਕਵੇ ਦੂਰ ਕਰਨ। ਦੱਸਣਯੋਗ ਹੈ ਕਿ ਸਿੱਖ ਪ੍ਰਚਾਰਕ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਚੋਹਲਾ ਸਾਹਿਬ ਵਿਖੇ 25, 26 ਤੇ 27 ਮਾਰਚ ਨੂੰ ਪ੍ਰਚਾਰ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਦਾ ਕੁਝ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਵਿਖੇ ਵੀ ਸ਼ਿਕਾਇਤ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਜਿੱਥੇ ਇਸ ਸਬੰਧ ਵਿੱਚ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੱਤਰ ਦੇ ਕੇ ਸ਼ਿਕਾਇਤ ਕੀਤੀ ਹੈ, ਉਥੇ ਉਨ੍ਹਾਂ ਨੇ ਸ਼ਿਕਾਇਤ ਪੱਤਰ ਅਕਾਲ ਤਖ਼ਤ ਵਿਖੇ ਵੀ ਭੇਜਿਆ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਸਿੱਖ ਕੌਮ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਕਾਰਨ ਪੈਦਾ ਹੋਏ ਦੁਖਦਾਈ ਸਮੇਂ ਵਿੱਚੋਂ ਲੰਘ ਰਹੀ ਹੈ। ਅਜਿਹੇ ਵਿੱਚ ਸਿੱਖ ਕੌਮ ਲਈ ਹੋਰ ਸੰਕਟ ਪੈਦਾ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਸ ਲਈ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਸੰਤ ਢੱਡਰੀਆਂ ਵਾਲਿਆਂ ਨੂੰ ਆਖਿਆ ਕਿ ਕੌਮ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਹਾਲ ਆਪਣਾ ਪ੍ਰੋਗਰਾਮ ਮੁਲਤਵੀ ਕਰ ਦੇਣ ਤਾਂ ਜੋ ਸਿੱਖ ਕੌਮ ਦਾ ਕੋਈ ਹੋਰ ਨੁਕਸਾਨ ਨਾ ਹੋਵੇ। ਉਹ ਇਸ ਸਮਾਗਮ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਮਿਲ ਬੈਠ ਕੇ ਆਪਸੀ ਗਿਲੇ ਸ਼ਿਕਵੇ ਦੂਰ ਕਰਨ ਲਈ ਯਤਨ ਕਰਨ। ਉਨਾਂ ਸਿੱਖ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੰਤ ਢੱਡਰੀਆਂ ਵਾਲਿਆਂ ਦਾ ਅਜਿਹਾ ਇਕ ਸਮਾਗਮ ਅੰਮ੍ਰਿਤਸਰ ਵਿੱਚੋਂ ਵੀ ਰੱਦ ਹੋ ਚੁੱਕਿਆ ਹੈ।