ਸੁਰੇਸ਼ ਕੁਮਾਰ ਮੁੜ ਬਣਿਆ ਕੈਪਟਨ ਦਾ ਰਥਵਾਨ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਕੁਝ ਦਿਨਾਂ ਦੀ ਜਕੋਤਕੀ ਬਾਅਦ ਸੋਮਵਾਰ ਸ਼ਾਮੀਂ ਸਾਢੇ ਛੇ ਵਜੇ ਆਪਣੇ ਅਹੁਦੇ ਦਾ ਕੰਮ ਕਾਜ ਸੰਭਾਲ ਲਿਆ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੁਝ ਵਜ਼ਾਰਤੀ ਸਾਥੀਆਂ ਨੇ ਮੁੱਖ ਪ੍ਰਮੁੱਖ ਸਕੱਤਰ ‘ਤੇ ਜਲਦੀ ਡਿਊਟੀ ਤੇ ਹਾਜ਼ਰ ਹੋਣ ਲਈ ਦਬਾਅ ਬਣਾਇਆ ਸੀ ਤੇ ਇਸ ਤੋਂ ਬਾਅਦ ਹੀ ਉਹ ਡਿਊਟੀ ‘ਤੇ ਹਾਜ਼ਰ ਹੋਏ ਹਨ।
ਭਰੋਸੇਯੋਗ ਸੂਤਰਾਂ ਅਨੁਸਾਰ ਡਿਊਟੀ ਸੰਭਾਲਣ ਤੋਂ ਪਹਿਲਾਂ ਮੁੱਖ ਪ੍ਰਮੁੱਖ ਸਕੱਤਰ ਦੀ ਬਾਅਦ ਦੁਪਹਿਰ ਮੁੱਖ ਮੰਤਰੀ ਨਾਲ ਇਕੱਲਿਆ ਡੇਢ-ਦੋ ਘੰਟੇ ਗੱਲਬਾਤ ਹੋਈ, ਜਿਸ ਵਿਚ ਉਨ੍ਹਾਂ ਆਪਣੇ ਕੇਸ ਨਾਲ ਜੁੜੇ ਵੱਖ ਵੱਖ ਪਹਿਲੂਆਂ ਅਤੇ ਰਾਜ ਦਰਬਾਰ ਵਿਚ ਹੁੰਦੀਆਂ ਸਾਜ਼ਿਸ਼ਾਂ ਦੀ ਚਰਚਾ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੇਸ ਨਾਲ ਸਬੰਧਤ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਨਿਜੀ ਤੌਰ ‘ਤੇ ਨਜਿੱਠਣਗੇ। ਮੁੱਖ ਮੰਤਰੀ ਨੇ ਉਨ੍ਹਾਂ ਵਿਰੁਧ ਕੇਸ ਨੂੰ ਜਲਦੀ ਖ਼ਤਮ ਕਰਾਉਣ ਲਈ ਮੁੱਖ ਸਕੱਤਰ ਕਰਨਅਵਤਾਰ ਨੂੰ ਕਿਹਾ, ਜਿਨ੍ਹਾਂ ਨੇ ਕੇਸ ਬਾਰੇ ਅਡਵੋਕੇਟ ਜਨਰਲ ਨਾਲ ਗੱਲਬਾਤ ਕਰਕੇ ਕੇਸ ਦਾ ਜਲਦੀ ਨਿਪਟਾਰਾ ਕਰਾਉਣ ਲਈ ਕਿਹਾ।
ਸ੍ਰੀ ਸੁਰੇਸ਼ ਕੁਮਾਰ ਵੱਲੋਂ ਡਿਊਟੀ ਸੰਭਾਲਣ ਬਾਰੇ ਬਾਅਦ ਦੁਪਹਿਰ ਘੁਸਰ ਮੁਸਰ ਸ਼ੁਰੂ ਹੋ ਗਈ ਸੀ ਤੇ ਉਨ੍ਹਾਂ ਦੇ ਸਟਾਫ ਨੂੰ ਚੌਕਸ ਕਰ ਦਿਤਾ ਗਿਆ ਸੀ ਕਿ ਉਹ ਕਿਸੇ ਵੇਲੇ ਵੀ ਡਿਊਟੀ ‘ਤੇ ਪੁੱਜ ਸਕਦੇ ਹਨ। ਇਸ ਕਰਕੇ ਕਾਫੀ ਸਟਾਫ ਡਿਊਟੀ ‘ਤੇ ਹਾਜ਼ਰ ਸੀ। ਉਨ੍ਹਾਂ ਦੇ ਦਫਤਰ ਹਾਜ਼ਰ ਹੋਣ ਸਮੇਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਬੀਰ, ਵਿਸ਼ੇਸ਼ ਸਕੱਤਰ ਗੁਰਕੀਰਤ ਕਿਰਪਾਲ, ਓਐਸਡੀ ਐਮ.ਪੀ. ਸਿੰਘ ਤੇ ਗੁਰਿੰਦਰ ਸਿੰਘ ਸੋਢੀ ਹਾਜ਼ਰ ਸਨ। ਉਨ੍ਹਾਂ ਵਲੋਂ ਕੰਮ ਸੰਭਾਲਣ ਨਾਲ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਲ ‘ਤੇ ਰੌਣਕਾਂ ਪਰਤ ਆਉਣਗੀਆਂ। ਹੁਣ ਕਾਂਗਰਸ ਵਿਧਾਇਕਾਂ ਅਤੇ ਹੋਰਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਮਦਦ ਮਿਲੇਗੀ ਕਿਉਂਕਿ ਉਨ੍ਹਾਂ ਤਕ ਪਹੁੰਚ ਆਸਾਨ ਹੈ।
ਮੁੱਖ ਪ੍ਰਮੁੱਖ ਸਕੱਤਰ ਡਿਊਟੀ ‘ਤੇ ਹਾਜ਼ਰ ਹੋਣ ਤੋਂ ਬਾਅਦ ਆਪਣੇ ਕੰਮ ਵਿਚ ਜੁਟ ਗਏ ਤੇ ਪੌਣੇ ਦੋ ਘੰਟੇ ਤੱਕ ਦਫ਼ਤਰ ਰਹੇ। ਗ਼ੌਰਤਲਬ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 14 ਫਰਵਰੀ ਨੂੰ ਉਨ੍ਹਾਂ ਦੀ ਨਿਯੁਕਤੀ ਵਿਰੁਧ ਫੈਸਲੇ ‘ਤੇ ਸਟੇਅ ਦੇ ਦਿਤੀ ਸੀ ਤੇ ਇਕਹਿਰੇ ਬੈਂਚ ਦੇ ਫੈਸਲੇ ਖਿਲਾਫ ਟਿੱਪਣੀਆਂ ਵਿਚ ਕਿਹਾ ਸੀ ਕਿ ਇਕਹਿਰੇ ਬੈਂਚ ਨੂੰ ਮੁੱਖ ਪ੍ਰਮੁੱਖ ਸਕੱਤਰ ਖਿਲਾਫ ਫੈਸਲਾ ਕਰਨ ਦਾ ਅਖ਼ਤਿਆਰ ਨਹੀਂ ਸੀ। ਅਜਿਹਾ ਅਖ਼ਤਿਆਰ ਦੋਹਰੇ ਬੈਂਚ ਕੋਲ ਹੀ ਸੀ। ਮੁੱਖ ਪ੍ਰਮੁੱਖ ਸਕੱਤਰ ਨੇ ਦੋ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਕੇਸ ਦਾ ਫੈਸਲਾ ਹੋਣ ਤਕ ਡਿਊਟੀ ਸੰਭਾਲਣ ਦੇ ਹੱਕ ਵਿਚ ਨਹੀਂ ਹਨ।
ਉਨ੍ਹਾਂ ਵੱਲੋਂ ਡਿਊਟੀ ‘ਤੇ ਹਾਜ਼ਰ ਹੋਣ ਦੇ ਮਾਮਲੇ ਵਿਚ ਮੁੱਖ ਮੰਤਰੀ ਦੇ ਕੈਬਨਿਟ ਸਾਥੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨਾਲ ਮੀਟਿੰਗਾਂ ਕਰ ਕੇ ਡਿਊਟੀ ਸੰਭਲਣ ਲਈ ਪ੍ਰੇਰਿਆ। ਕੁਝ ਵਿਧਾਇਕ ਅਤੇ ਅਧਿਕਾਰੀ ਵੀ ਉਨ੍ਹਾਂ ਦੇ ਜਲਦੀ ਕੰਮ ਸੰਭਾਲਣ ਦੇ ਹੱਕ ਵਿਚ ਸਨ ਪਰ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੇ ਪਰਤਣ ਦੇ ਖਿਲਾਫ ਸਨ। ਉਨ੍ਹਾਂ ਕਹਿਣਾ ਸੀ ਕਿ ਆਖ਼ਰ ਇਸ ਅਧਿਕਾਰੀ ਬਿਨਾਂ ਸਰਕਾਰ ਦਾ ਕੰਮ ਕਿਉਂ ਨਹੀਂ ਚੱਲ ਸਕਦਾ।











Comments (0)