ਮੋਦੀ ਨੇ ਮੁੜ ਵੰਡੇ ਗਰੀਬਾਂ ਨੂੰ ਵੱਡੇ ਸੁਪਨੇ

ਮੋਦੀ ਨੇ ਮੁੜ ਵੰਡੇ ਗਰੀਬਾਂ ਨੂੰ ਵੱਡੇ ਸੁਪਨੇ
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੀਰਵਾਰ ਨੂੰ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਵਿੱਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਤੇ ਸਹਿਯੋਗੀ ਪਾਰਟੀਆਂ ਦੀ ਸਰਕਾਰ ਨੇ ਇੱਕ ਵਾਰ ਫਿਰ ਮੁੜ ਵੰਡੇ ਗਰੀਬਾਂ ਨੂੰ ਵੱਡੇ ਸੁਪਨੇ ਵੰਡਦਿਆਂ ਇਸ ਸਾਲ ਦਾ ਮਾਲੀ ਘਾਟੇ ਵਾਲਾ ਬੱਜਟ ਪੇਸ਼ ਕੀਤਾ ਹੈ। ਭਾਵੇਂ ਇਸ ਚੋਣਮੁਖੀ ਬੱਜਟ ‘ਚ ਆਮ ਲੋਕਾਂ ਲਈ ਸਿਹਤ ਬੀਮਾ ਯੋਜਨਾ, ਗਰੀਬਾਂ ਤੇ ਖੇਤੀ ਖੇਤਰ ਲਈ ਕਈ ਕਿਸਮ ਦੇ ਲੁਭਾਉਣੇ ਐਲਾਨ ਕੀਤੇ ਗਏ ਹਨ ਪਰ ਬਹੁਤ ਸਾਰੀਆਂ ਵਸਤਾਂ ਉੱਤੇ ਟੈਕਸ ਵਧਾਉਣ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਾ ਘਟਾਉਣ ਕਾਰਨ ਦੇਸ਼ ਦੇ ਬਹੁਗਿਣਤੀ ਲੋਕਾਂ ਵਿੱਚ ਨਿਰਾਸ਼ਾ ਛਾਈ ਹੈ।

ਅਗਾਮੀ ਵਿੱਤੀ ਸਾਲ 2018-19 ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਆਉਣ ਵਾਲੇ ਹਰ ਇਕ ਰੁਪਏ ‘ਚੋਂ 19 ਪੈਸੇ ਬਾਜ਼ਾਰ ਤੋਂ ਉਧਾਰ ਜਾਂ ਫ਼ਿਰ ਹੋਰਨਾਂ ਦੇਣਦਾਰੀਆਂ ਦੇ ਰੂਪ ਵਿੱਚ ਆਉਣਗੇ। ਇਸ ਦੌਰਾਨ ਸਰਕਾਰ ਹਰ ਇਕ ਰੁਪਏ ‘ਚੋਂ 18 ਪੈਸੇ ਵਿਆਜ ਦੀ ਅਦਾਇਗੀ ਦੇ ਰੂਪ ਵਿੱਚ ਭਰੇਗੀ। ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਵੀਰਵਾਰ ਨੂੰ ਸੰਸਦ ਵਿੱਚ ਪੇਸ਼ ਬਜਟ ਮੁਤਾਬਕ ਸਰਕਾਰੀ ਖ਼ਜ਼ਾਨੇ ਨੂੰ ਮਿਲਣ ਵਾਲੇ ਹਰ ਇਕ ਰੁਪਏ ਵਿੱਚੋਂ 70 ਪੈਸੇ ਸਿੱਧੇ ਅਤੇ ਅਸਿੱਧੇ ਕਰਾਂ ਦੇ ਰੂਪ ਵਿੱਚ ਆਉਣਗੇ। ਉਧਰ ਜੇਕਰ ਖਰਚ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਹਿੱਸਾ ਟੈਕਸਾਂ ਤੇ ਡਿਊਟੀਜ਼ ਵਜੋਂ ਰਾਜਾਂ ਦੇ ਹਿੱਸੇ ਦੇ ਰੂਪ ਵਿੱਚ 24 ਪੈਸੇ ਜਦਕਿ ਵਿਆਜ ਅਦਾਇਗੀ ਦੇ ਰੂਪ ਵਿੱਚ 18 ਪੈਸੇ ਰਹੇਗਾ। ਹਰ ਰੁਪਏ ਵਿੱਚੋਂ ਨੌਂ ਪੈਸੇ ਪਹਿਲਾਂ ਵਾਂਗ ਰੱਖਿਆ ਖੇਤਰ ‘ਤੇ ਹੀ ਖਰਚੇ ਜਾਣਗੇ। ਮਾਲੀਏ ਦੇ ਸਭ ਤੋਂ ਵੱਡੇ ਸਰੋਤ ਵਜੋਂ ਵਸਤਾਂ ਤੇ ਸੇਵਾ ਕਰ (ਜੀਐਸਟੀ) ਤੋਂ ਹੋਣ ਵਾਲੀ ਕਮਾਈ 23 ਪੈਸੇ ਪ੍ਰਤੀ ਰੁਪਏ ਰਹਿਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਕਾਰਪੋਰੇਟ ਕਰਾਂ ਤੋਂ ਇਕੱਠਾ ਹੋਣ ਵਾਲਾ ਮਾਲੀਆ 19 ਪੈਸੇ ਰਹੇਗਾ। ਅਗਲੇ ਵਿੱਤੀ ਸਾਲ ਵਿੱਚ ਸਰਕਾਰੀ ਖ਼ਜ਼ਾਨੇ ਨੂੰ ਮਿਲਣ ਵਾਲੇ ਹਰ ਇਕ ਰੁਪਏ ਦੇ ਨਾਲ ਟੈਕਸ ਵਜੋਂ 16 ਪੈਸੇ ਮਿਲਣਗੇ। ਉਧਰ ਕਸਟਮ ਡਿਊਟੀ ਤੋਂ ਚਾਰ ਪੈਸੇ ਆਉਣਗੇ। ਸਰਕਾਰ ਦੀ ਅਗਲੇ ਵਿੱਤੀ ਸਾਲੀ ਵਿੱਚ ਅਪਨਿਵੇਸ਼ ਜਿਹੇ ਗ਼ੈਰ ਟੈਕਸ ਮਾਲੀਏ ਤੋਂ 8 ਪੈਸੇ ਕਮਾਉਣ ਦੀ ਯੋਜਨਾ ਹੈ। ਉਧਰ ਗੈਰ ਕਰਜ਼ਾ ਪ੍ਰਾਪਤੀਆਂ ਤੋਂ ਸਰਕਾਰੀ ਖ਼ਜ਼ਾਨੇ ਨੂੰ ਹਰ ਇਕ ਰੁਪਏ ‘ਚੋਂ ਤਿੰਨ ਪੈਸੇ ਮਿਲਣਗੇ।