ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਵਾਲਿਆਂ ਨੂੰ ਸਿਖਾਵਾਂਗੇ ਸਬਕ: ਸੁਖਬੀਰ ਬਾਦਲ

ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਵਾਲਿਆਂ ਨੂੰ ਸਿਖਾਵਾਂਗੇ ਸਬਕ: ਸੁਖਬੀਰ ਬਾਦਲ

ਗਿੱਦੜਬਾਹਾ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
ਗਿੱਦੜਬਾਹਾ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਮੌਕੇ ਕਿਹਾ ਕਿ ਜੇਕਰ ਪੁਲੀਸ ਇਹ ਸੋਚਦੀ ਹੈ ਕਿ ਉਨ੍ਹਾਂ ਨੇ ਵਰਦੀਆਂ ਪਾ ਰੱਖੀਆਂ ਹਨ ਤੇ ਉਨ੍ਹਾਂ ਨੂੰ ਕੋਈ ਵੀ ਜਬਰ ਕਰਨ ਦਾ ਅਧਿਕਾਰ ਹੈ ਤਾਂ ਇਹ ਸੋਚ ਬਹੁਤ ਗ਼ਲਤ ਹੈ, ਕਿਉਂਕਿ ਜਬਰ ਕਰਨ ਵਾਲੇ ਮੁਲਾਜ਼ਮਾਂ ਦੀਆਂ ਫੀਤੀਆਂ ਉੱਤਰ ਜਾਂਦੀਆਂ ਹਨ। ਸ੍ਰੀ ਬਾਦਲ ਕੋਟਭਾਈ ਪੁਲੀਸ ਵੱਲੋਂ ਅਕਾਲੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਦਰਜ ਕੇਸ ਸਬੰਧੀ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਅਫ਼ਸਰ ਮੌਜੂਦਾ ਸਮੇਂ ਵਿੱਚ ਅਕਾਲੀ ਵਰਕਰਾਂ ਨਾਲ ਧੱਕਾ ਕਰ ਰਹੇ ਹਨ, ਉਨ੍ਹਾਂ ਸਬੰਧੀ ਰੋਜ਼ਾਨਾ ਰਿਪੋਰਟ ਪੁੱਜ ਰਹੀ ਹੈ। ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਜੋ ਵੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਝੂਠੇ ਪਰਚੇ ਕੀਤੇ ਗਏ ਹਨ, ਉਨ੍ਹਾਂ ਪਰਚਿਆਂ ਨੂੰ ਪਰਚੀਆਂ ਬਣਾ ਦੇ ਸੁੱਟ ਦਿੱਤਾ ਜਾਵੇਗਾ ਅਤੇ ਝੂਠੇ ਕੇਸ ਦਰਜ ਕਰਨ ਵਾਲੇ ਅਫ਼ਸਰ ਸਿਰਫ਼ ਮੁਅੱਤਲ ਹੀ ਨਹੀਂ ਹੋਣਗੇ, ਸਗੋਂ ਨੌਕਰੀਆਂ ਤੋਂ ਵੀ ਜਾਣਗੇ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਉਸ ਰਾਤ ਕੋਟਭਾਈ ਥਾਣੇ ਵਿੱਚ ਅਕਾਲੀ ਵਰਕਰ ਨੂੰ ਇਨਸਾਫ਼ ਦਿਵਾਉਣ ਲਈ ਗਏ ਸਨ ਤੇ ਕਿਸੇ ਵਰਕਰ ਦੀ ਮਦਦ ਕਰਨ ਜਾਣਾ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਹੈ। ਇਸ ਵਾਰ ਮੇਲਾ ਮਾਘੀ ਦੀ ਸਿਆਸੀ ਕਾਨਫਰੰਸ ਕਾਂਗਰਸ ਵੱਲੋਂ ਨਾ ਕੀਤੇ ਜਾਣ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫ਼ਰੰਸ ਜ਼ਰੂਰ ਹੋਵੇਗੀ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਗੁਰਦਿਆਲ ਕੌਰ ਮੱਲਣ, ਅਸ਼ੋਕ ਬੁੱਟਰ, ਗੁਰਮੀਤ ਸਿੰਘ ਮਾਨ, ਅਸ਼ੋਕ ਗਰਗ ਪੱਪੂ, ਬਲਦੇਵ ਕ੍ਰਿਸ਼ਨ, ਰੈਸਟੀ ਰੰਧਾਵਾ, ਗੁਰਚਰਨ ਸਿੰਘ ਭਲਾਈਆਣਾ ਤੇ ਲੱਖੀ ਕਿੰਗਰਾ ਆਦਿ ਹਾਜ਼ਰ ਸਨ।